ਐਤਵਾਰ ਨੂੰ ਜਾਰੀ ਕੀਤੀ ਇਸ ਕੋਵਿਡ-19 ਸੰਪਰਕ ਪਛਾਣ ਕਰਨ ਵਾਲੀ ਐਪ ਨੂੰ ਤਕਰੀਬਨ 4.5 ਮਿਲੀਅਨ ਲੋਕਾਂ (4 ਮਈ ਤੱਕ) ਵਲੋਂ ਵਰਤਿਆ ਜਾ ਰਿਹਾ ਹੈ।
ਖਾਸ ਨੁੱਕਤੇ:
- ਇਸ ਐਪ ਦੁਆਰਾ ਕੋਵਿਡ-19 ਪੀੜਤਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਛਾਣ ਕੀਤੀ ਜਾਣੀ ਹੈ
- ਸਰਕਾਰ ਸਾਰੇ ਲੋਕਾਂ ਨੂੰ ਇਸ ਐਪ ਨੂੰ ਵਰਤਣ ਦੀ ਅਪੀਲ ਕਰ ਰਹੀ ਹੈ।
- ਕਈ ਤਕਨੀਕੀ ਮਾਹਰਾਂ ਮੁਤਾਬਿਕ ਐਪ ਕੀਤੇ ਦਾਅਵਿਆਂ ਅਨੁਸਾਰ ਹੀ ਕੰਮ ਕਰ ਰਹੀ ਹੈ।
- ਕਈ ਨਿੱਜਤਾ ਮਾਹਰਾਂ ਨੇ ਆਖਿਆ ਕਿ ਇਸ ਐਪ ਦੇ ਡਾਟੇ ਦੇ ਸੁਰੱਖਿਆ ਹੋਰ ਮਜ਼ਬੂਤ ਕਰਨ ਦੀ ਲੋੜ ਹੈ।
ਇਸ ਐਪ ਦੁਆਰਾ ਕਿਸੇ ਵੀ ਅਜਿਹੇ ਵਿਅਕਤੀ ਦਾ ਸੰਪਰਕ ਦਰਜ ਕੀਤਾ ਜਾਵੇਗਾ ਜੋ ਕਿਸੇ ਦੂਜੇ ਵਿਅਕਤੀ ਤੋਂ 1.5 ਮੀਟਰ ਦੇ ਘੇਰੇ ਅੰਦਰ, 15 ਮਿੰਟਾਂ ਤੋਂ ਜਿਆਦਾ ਸਮੇਂ ਤੱਕ ਰਹਿੰਦਾ ਹੈ।
ਰਾਜਾਂ ਦੇ ਅਧਿਕਾਰੀ ਇਸ ਐਪ ਦੇ ਡਾਟੇ ਦੀ ਵਰਤੋਂ ਤਾਂ ਹੀ ਕਰ ਸਕਣਗੇ ਜੇਕਰ ਕੋਵਿਡ ਲਈ ਪੋਜ਼ਿਟਿਵ ਪਾਏ ਵਿਅਕਤੀ ਆਪਣੇ ਫੋਨ ਦੁਆਰਾ ਜਾਣਕਾਰੀ ਸਾਂਝੇ ਕੀਤੇ ਜਾਣ ਦੀ ਇਜਾਜਤ ਦੇਣਗੇ। ਇਸ ਤੋਂ ਬਾਅਦ ਹੋਰਨਾਂ ਲੋਕਾਂ ਨੂੰ ਟੈਸਟ ਕਰਵਾਉਣ ਜਾਂ ਅਲੱਗ ਹੋਣ ਵਾਸਤੇ ਜਾਗਰੂਕ ਕੀਤਾ ਜਾਵੇਗਾ।
ਕੋਵਿਡ-ਸੇਫ ਨੂੰ ਜਾਰੀ ਕੀਤੇ ਜਾਣ ਤੋਂ ਪਹਿਲਾਂ ਹੀ ਨਿੱਜਤਾ ਅਤੇ ਤਕਨੀਕੀ ਮਾਹਰਾਂ ਨੇ ਸਰਕਾਰ ਕੋਲੋਂ ਇਸ ਐਪ ਦਾ ਪੂਰਾ ਕੋਡ ਜਾਰੀ ਕਰਨ ਦੀ ਮੰਗ ਕੀਤੀ ਸੀ ਤਾਂ ਕਿ ਤਕਨੀਕੀ ਮਾਹਰਾਂ ਵਲੋਂ ਇਸ ਦੀ ਪੁਣਛਾਣ ਕਰਦੇ ਹੋਏ ਯਕੀਨੀ ਬਣਾਇਆ ਜਾ ਸਕੇ ਕਿ, ਕੀ ਇਹ ਐਪ ਸਰਕਾਰ ਵਲੋਂ ਕੀਤੇ ਦਾਅਵਿਆਂ ਅਨੁਸਾਰ ਕੰਮ ਕਰੇਗੀ ਜਾਂ ਨਹੀਂ?
ਸਰਕਾਰ ਨੇ ਅਜੇ ਤੱਕ ਇਸ ਐਪ ਦੇ ਕੋਡ ਨੂੰ ਜਾਰੀ ਨਹੀਂ ਕੀਤਾ ਹੈ ਪਰ ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਏ ਬੀ ਸੀ ਨੂੰ ਦੱਸਿਆ ਸੀ ਕਿ ਇਹ ਕੋਡ ਅਗਲੇ ਦੋ ਹਫਤਿਆਂ ਦੌਰਾਨ ਜਾਰੀ ਕਰ ਦਿੱਤਾ ਜਾਵੇਗਾ।
ਸਰਕਾਰ ਵਲੋਂ ਇਸ ਕੋਡ ਨੂੰ ਜਾਰੀ ਕਰਨ ਦੀ ਉਡੀਕ ਕਰਦੇ ਕਰਦੇ ਕੁੱਝ ਤਕਨੀਕੀ ਮਾਹਰਾਂ ਨੇ ਇਸ ਦਾ ਐਪ ਦਾ ਵਿਸ਼ਲੇਸ਼ਣ ਵੀ ਲਿਆ ਹੈ। ਅਤੇ ਇਸ ਬਾਰੇ ਸਾਰੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਜਾਰੀ ਵੀ ਕਰ ਦਿੱਤੀ ਹੈ।
ਐਤਵਾਰ ਨੂੰ ਹੀ ਇੱਕ ਤਕਨੀਕੀ ਮਾਹਰ ਮੈਥਿਊ ਰੋਬਿੰਨਸ ਨੇ ਇਸ ਐਪ ਦੇ ਕੋਡ ਨੂੰ ਡਾਊਨਲੋਡ ਕਰਦੇ ਹੋਏ ਇਸ ਦਾ ਵਿਸ਼ਲੇਸ਼ਣ ਵੀ ਕੀਤਾ ਹੈ ਜੋ ਕਿ ਐਂਡਰੋਇਡ ਫੋਨਾਂ ਵਾਸਤੇ ਜਾਰੀ ਕੀਤਾ ਗਿਆ ਸੀ।
ਰੌਬਿੰਨਸ ਤਕਨੀਕ ਦੇ ਖੇਤਰ ਵਿੱਚ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਹਨ ਜਿਨਾਂ ਵਿੱਚੋਂ 8 ਸਾਲ ਪਰੋਗਰਾਮਿੰਗ ਵਿੱਚ ਬਿਤਾਏ ਹਨ। ਬੇਸ਼ਕ ਉਹ ਨਿੱਜਤਾ ਬਾਰੇ ਨਹੀਂ ਜਾਣਦੇ ਪਰ ਐਪਾਂ ਬਨਾਉਣ ਦੀ ਉਹਨਾਂ ਨੂੰ ਚੰਗੀ ਖਾਸੀ ਮਹਾਰਤ ਹੈ।
ਉਸ ਨੇ ਇਸ ਐਪ ਦਾ ਵਿਸ਼ਲੇਸ਼ਣ ਕਰਦੇ ਹੋਏ ਇਹ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਦੇ ਦਾਅਵਿਆਂ ਦੇ ਮੁਕਾਬਲੇ ਇਹ ਐਪ ਅਸਲ ਵਿੱਚ ਕਿਸ ਤਰਾਂ ਨਾਲ ਕੰਮ ਕਰਦੀ ਹੈ।
ਰੌਬਿੰਨਸ ਨੇ ਪਾਇਆ ਹੈ ਕਿ ਇਹ ਐਪ ਜਿਆਦਾਤਰ ਸਰਕਾਰ ਵਲੋਂ ਕੀਤੇ ਦਾਅਵਿਆਂ ਅਨੁਸਾਰ ਹੀ ਕੰਮ ਕਰ ਰਹੀ ਹੈ।
ਟਵਿੱਟਰ ਤੇ ਜਾਣਕਾਰੀ ਸਾਂਝੀ ਕਰਦਿਆਂ ਰੌਬਿੰਨਸ ਨੇ ਕਿਹਾ ਕਿ ਇਹ ਐਪ ਕਿਸੇ ਵੀ ਵਿਅਕਤੀ ਦੇ ਫੋਨ ਉੱਤੇ ਜਾਣਕਾਰੀ ਸੰਭਾਲਣ ਸਮੇਂ ਸੁਰੱਖਿਆ ਦਾ ਪੂਰਾ ਧਿਆਨ ਰੱਖਦੀ ਹੈ, ਦੂਜਿਆਂ ਦੇ ਫੋਨਾਂ ਤੋਂ ਬਲੂਟੁੱਥ ਦੁਆਰਾ ਸਿਰਫ ਲੌੜੀਂਦੀ ਜਾਣਕਾਰੀ ਹੀ ਹਾਸਲ ਕਰਦੀ ਹੈ, 21 ਦਿਨਾਂ ਬਾਅਦ ਸੰਭਾਲੀ ਹੋਈ ਜਾਣਕਾਰੀ ਮਿਟਾ ਵੀ ਦਿੰਦੀ ਹੈ ਅਤੇ ਬਗੈਰ ਉਪਭੋਗਤਾ ਦੀ ਇਜਾਜਤ ਦੇ ਇਹ ਜਾਣਕਾਰੀ ਨੂੰ ਸਿਹਤ ਅਧਿਕਾਰੀਆਂ ਨੂੰ ਵੀ ਨਹੀਂ ਭੇਜਦੀ।
ਇਹ ਐਪ ਵਰਤੋਂ ਕਰਨ ਵਾਲੇ ਵਿਅਕਤੀ ਦਾ ਟਿਕਾਣਾ ਵੀ ਨਹੀਂ ਦਰਜ ਕਰਦੀ, ਬੇਸ਼ਕ ਐਂਡਰੋਇਡ ਵਲੋਂ ਇਸ ਨੂੰ ਇੰਸਟਾਲ ਕਰਨ ਸਮੇਂ ਟਿਕਾਣਾ ਅਤੇ ਹੋਰ ਇਜਾਜਤਾਂ ਮੰਗੀਆਂ ਜਾਂਦੀਆਂ ਹਨ।
‘ਦਾ ਫੀਡ’ ਨਾਲ ਗੱਲ ਕਰਦੇ ਹੋਏ ਰੌਬਿੰਨਸ ਨੇ ਕਿਹਾ ਕਿ ਉਹ ਇਸ ਐਪ ਬਾਰੇ ਜਾਨਣ ਲਈ ਉੱਤਸੁਕ ਸੀ ਇਸੇ ਲਈ ਹੀ ਉਸ ਨੇ ਆਪਣੇ ਵਿਹਲੇ ਸਮੇਂ ਵਿੱਚ ਇਸ ਦਾ ਵਿਸ਼ਲੇਸ਼ਣ ਕੀਤਾ ਹੈ।
"ਜਿਹੜੇ ਆਂਕੜੇ ਇਕੱਠੇ ਕੀਤੇ ਜਾ ਰਹੇ ਹਨ, ਉਹ ਤੁਲਨਾਤਮਕ ਕਾਰਜਾਂ ਲਈ ਲੌੜੀਂਦੇ ਹਨ। ਕੁੱਝ ਮਾਮੂਲੀ ਖਾਮੀਆਂ ਨੂੰ ਛੱਡ ਕੇ ਮੈਨੂੰ ਇਸ ਐਪ ਦੀ ਕਾਰਜਕੁਸ਼ਲਤਾ ਉੱਤੇ ਪੂਰਾ ਭਰੋਸਾ ਹੈ," ਰੌਬਿੰਨਸ ਨੇ ਕਿਹਾ।
ਪਰ ਨਾਲ ਹੀ ਰੌਬਿੰਨਸ ਸਰਕਾਰ ਕੋਲੋਂ ਇਸ ਐਪ ਦੇ ਪੂਰੇ ਅਤੇ ਅਸਲ ਕੋਡ ਨੂੰ ਜਾਰੀ ਕਰਨ ਦੀ ਮੰਗ ਵੀ ਕਰਦੇ ਹਨ।
ਇਸ ਐਪ ਦਾ ਐਪਲ ਫੋਨਾਂ ਵਾਲੇ ਕੋਡ ਦਾ ਵਿਸ਼ਲੇਸ਼ਣ, ਐਂਡਰੋਇਡ ਫੋਨਾਂ ਦੇ ਕੋਡ ਦੇ ਮੁਕਾਬਲੇ ਮੁਸ਼ਕਲ ਹੋ ਸਕਦਾ ਹੈ।
ਕੁੱਲ ਮਿਲਾ ਕੇ ਰੌਬਿੰਨਸ ਨੂੰ ਇਸ ਐਂਡਰੋਇਡ ਕੋਡ ਦੇ ਵਿਸ਼ਲੇਸ਼ਣ ਸਮੇਂ ਕੋਈ ਵੀ ਗੰਭੀਰ ਖਤਰਾ ਨਹੀਂ ਦਿੱਖਿਆ - "ਮੈਂ ਇਸ ਨੂੰ ਇੰਸਟਾਲ ਕਰਨਾ ਲਾਹੇਵੰਦ ਕਹਾਂਗਾ," ਉਸ ਨੇ ਕਿਹਾ।
"ਮੇਰੇ ਵਿਸ਼ਲੇਸ਼ਣ ਅਨੁਸਾਰ ਇਹ ਐਪ ਕਾਫੀ ਉੱਚ ਕੋਟੀ ਦੀ ਹੈ, ਇਸ ਵਿੱਚ ਪਾਰਦਰਸ਼ਿਤਾ ਹੈ, ਅਤੇ ਇਹ ਉਦਯੋਗ ਦੇ ਮਿਆਰਾਂ ਦੀ ਪਾਲਣਾਂ ਵੀ ਕਰਦੀ ਹੈ"।
ਕਈ ਹੋਰ ਤਕਨੀਕੀ ਮਾਹਰਾਂ ਨੇ ਵੀ ਇਸ ਐਪ ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਆਸਟ੍ਰੇਲੀਅਨ ਲੋਕਾਂ ਨੂੰ ਇਹ ਐਪ ਵਰਤਣ ਲਈ ਉਤਸ਼ਾਹਤ ਕੀਤਾ ਹੈ।
ਜੈੱਫ ਹੰਟਲੀ ਨੇ ਵੀ ਇਸ ਐਪ ਦਾ ਪੂਰਾ ਕੋਡ ਲੋਕਾਂ ਸਾਹਮਣੇ ਲਿਆਂਦਾ ਹੈ।
ਹੁਣ ਤੱਕ ਇਸ ਐਪ ਨੂੰ ਲੈ ਕਿ ਕੁੱਝ ਪ੍ਰੇਸ਼ਾਨੀਆਂ ਇਸ ਪ੍ਰਕਾਰ ਹਨ ਕਿ ਕਈ ਲੋਕਾਂ ਨੂੰ ਇਹ ਨਹੀਂ ਪਤਾ ਚਲਦਾ ਹੈ ਕਿ ਉਕਤ ਐਪ ਉਹਨਾਂ ਦੇ ਫੋਨਾਂ ਉੱਤੇ ਚੱਲ ਵੀ ਰਹੀ ਹੈ ਜਾਂ ਨਹੀਂ।
ਕਈ ਮਾਹਰਾਂ ਨੇ ਦੱਸਿਆ ਹੈ ਕਿ ਐੱਪਲ ਫੋਨਾਂ ਉੱਤੇ ਇਹ ਐਪ ਕਈ ਵਾਰ ਬੰਦ ਹੋ ਜਾਂਦੀ ਹੈ। ਜਾਂ ਜਦੋਂ ਬਹੁਤ ਸਾਰੀਆਂ ਹੋਰ ਐਪਾਂ ਵੀ ਬਲੂਟੁੱਥ ਦਾ ਇਸਤੇਮਾਲ ਕਰਦੀਆਂ ਹਨ, ਤਾਂ ਕੋਵਿਡਸੇਫ ਕੰਮ ਕਰਨਾ ਬੰਦ ਕਰ ਦਿੰਦੀ ਹੈ।
ਹਾਲ ਦੀ ਘੜੀ ਸਰਕਾਰ ਨੇ ਲੋਕਾਂ ਨੂੰ ਇਸ ਐਪ ਨੂੰ ਚਲਦਾ ਰੱਖਣ ਵਾਸਤੇ ਵੱਖਰੀ-ਵੱਖਰੀ ਸਲਾਹ ਦਿੱਤੀ ਹੈ। ਸਰਕਾਰ ਨੇ ਐੱਪਲ ਫੋਨ ਵਰਤਣ ਵਾਲਿਆਂ ਨੂੰ ਦੱਸਿਆ ਹੈ ਕਿ ਅਗਰ ਉਹਨਾਂ ਦੀ ਐਪ 24 ਘੰਟਿਆਂ ਤੋਂ ਜਿਆਦਾ ਸਮੇਂ ਲਈ ਬੰਦ ਹੋਵੇਗੀ ਤਾਂ ਉਹਨਾਂ ਨੂੰ ਇੱਕ ਸੂਚਨਾ ਮਿਲੇਗੀ ਕਿ ਉਹ ਇਸ ਦੀ ਜਾਂਚ ਕਰਨ।
ਇਹ ਵੀ ਯਕੀਨ ਨਾਲ ਨਹੀਂ ਕਿਹਾ ਜਾ ਰਿਹਾ ਕਿ ਇਸ ਐਪ ਦੀ ਲਗਾਤਾਰ ਵਰਤੋਂ ਨਾਲ ਫੋਨ ਦੀ ਬੈਟਰੀ ਜਲਦ ਮੁੱਕਦੀ ਹੈ ਜਾਂ ਨਹੀਂ।
ਪਰ ਇਹ ਖਾਮੀਆਂ ਫੋਨ ਦੀ ਸੁਰੱਖਿਆ ਲਈ ਕੋਈ ਚਿੰਤਾ ਪੈਦਾ ਨਹੀਂ ਕਰਦੀਆਂ। ਅਗਰ ਇਹਨਾਂ ਦਾ ਹੱਲ ਨਾ ਲੱਭਿਆ ਗਿਆ ਤਾਂ ਐਪ ਦੀ ਕਾਰਜਸ਼ੀਲਤਾ ਪ੍ਰਭਾਵਤ ਹੋ ਸਕਦੀ ਹੈ।
ਇੱਕ ਵਾਰ ਫੇਰ ਮਾਹਰਾਂ ਨੇ ਇਸ ਐਪ ਦੇ ਐੱਪਲ ਕੋਡ ਨੂੰ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਉਹ ਉਸ ਦਾ ਵੀ ਵਿਸ਼ਲੇਸ਼ਣ ਚੰਗੀ ਤਰਾਂ ਨਾਲ ਕਰਦੇ ਹੋਏ ਲੌੜੀਂਦੇ ਸੁਝਾਅ ਦੇ ਸਕਣ।
ਨਿੱਜਤਾ ਮਾਹਰ ਪ੍ਰੋਫੈਸਰ ਡਾਲੀ ਕਾਫਾਰ ਜੋ ਕਿ ਓਪਟਸ ਮੈਕੂਆਰੀ ਯੂਨਿਵਰਸਿਟੀ ਸਾਈਬਰ ਸਿਕਿਓਰਿਟੀ ਹੱਬ ਦੇ ਡਾਇਰੈਕਟਰ ਹਨ, ਪੁੱਛਦੇ ਹਨ ਕਿ ਜਿਹੜੀ ਜਾਣਕਾਰੀ ਇੱਕ ਸਾਂਝੇ ਸਰਵਰ ਉੱਤੇ ਇਕੱਤਰ ਕੀਤੀ ਜਾਣੀ ਹੈ, ਉਹ ਕਿੰਨਾ ਸੁਰੱਖਿਅਤ ਹੈ? ਅਗਰ ਉਸ ਸਰਵਰ ਤੋਂ ਖਤਰਨਾਕ ਲੋਕਾਂ ਨੇ ਜਾਣਕਾਰੀ ਚੋਰੀ ਕਰ ਲਈ ਤਾਂ ਫੇਰ ਉਸ ਦਾ ਇਸਤੇਮਾਲ ਗਲਤ ਕੰਮਾਂ ਵਾਸਤੇ ਹੋ ਸਕਦਾ ਹੈ।
ਜੇ ਕਿਸੇ ਵਿਅਕਤੀ ਦਾ ਫੋਨ ਦੂਜੇ ਦੇ ਹੱਥ ਲੱਗ ਜਾਂਦਾ ਹੈ ਤਾਂ ਉਹ ਵੀ ਉਸ ਵਿੱਚ ਭਰੀ ਹੋਈ ਕੋਵਿਡ-ਸੇਫ ਵਾਲੀ ਜਾਣਕਾਰੀ ਅਸਾਨੀ ਨਾਲ ਹਾਸਲ ਕਰ ਸਕਦਾ ਹੈ।
ਪ੍ਰੋਫੈਸਰ ਕਾਫਾਰ ਨੂੰ ਇਹ ਵੀ ਫਿਕਰ ਹੈ ਕਿ ਪੀੜਤ ਵਿਅਕਤੀ ਦੀ ਇਜਾਜਤ ਨਾਲ ਸਿਹਤ ਅਧਿਕਾਰੀਆਂ ਤੱਕ ਪਹੁੰਚਾਈ ਗਈ ਜਾਣਕਾਰੀ, ਜਿਸ ਵਿੱਚ ਦੂਜੇ ਲੋਕਾਂ ਨਾਲ ਸੰਪਰਕ ਕੀਤਾ ਜਾਣਾ ਦੱਸਿਆ ਜਾਵੇਗਾ, ਬਾਰੇ ਉਹਨਾਂ ਦੂਜਿਆਂ ਵਿਅਕਤੀਆਂ ਨੂੰ ਕੋਈ ਵੀ ਗਿਆਨ ਨਹੀਂ ਹੋਵੇਗਾ।
ਪ੍ਰੋ ਕਾਫਾਰ ਕਹਿੰਦੇ ਹਨ ਕਿ ਜਦੋਂ ਤੱਕ ਇਹ ਖਾਮੀਆਂ ਠੀਕ ਨਹੀਂ ਕੀਤੀਆਂ ਜਾਂਦੀਆਂ, ਉਹ ਇਸ ਐਪ ਨੂੰ ਇੰਨਸਟਾਲ ਨਹੀਂ ਕਰਨਗੇ, ਪਰ ਦੂਜਿਆਂ ਨੂੰ ਅਜਿਹਾ ਕਰਨ ਦਾ ਸੁਝਾਅ ਵੀ ਨਹੀਂ ਦਿੰਦੇ ਹਨ।
ਪ੍ਰੋ ਕਾਫਾਰ ਨੇ ਮੰਨਿਆ ਕਿ ਸਰਕਾਰ ਨੇ ਨਿੱਜਤਾ ਨੂੰ ਧਿਆਨ ਵਿੱਚ ਰੱਖਣ ਲਈ ਕਈ ਠੋਸ ਕਦਮ ਵੀ ਚੁੱਕੇ ਹਨ, ਜਿਵੇਂ ਇਕੱਤਰ ਕੀਤੀ ਜਾਣਕਾਰੀ ਨੂੰ 21 ਦਿਨਾਂ ਬਾਅਦ ਮਿਟਾਉਣਾ ਆਦਿ - "ਨਿੱਜਤਾ ਕਈਆਂ ਲਈ ਬਹੁਤ ਅਹਿਮ ਹੁੰਦੀ ਹੈ, ਪਰ ਦੂਜਿਆਂ ਲਈ ਇਹ ਆਮ ਗੱਲ ਵੀ ਹੋ ਸਕਦੀ ਹੈ।"
ਕੀ ਇਸ ਐਪ ਨੂੰ ਇੰਸਟੌਲ ਕਰ ਲੈਣਾ ਚਾਹੀਦਾ ਹੈ?

COVIDSafe App-Australian Department of Health. Source: Google Play
ਬੇਸ਼ਕ ਇਸ ਐਪ ਨੂੰ ਜਲਦਬਾਜ਼ੀ ਵਿੱਚ ਲਾਗੂ ਕੀਤਾ ਮੰਨਿਆ ਜਾ ਸਕਦਾ ਹੈ, ਪਰ ਇਸ ਦਾ ਅਸਲ ਮੰਤਵ ਕੋਵਿਡ-19 ਨੂੰ ਰੋਕਣਾ ਹੀ ਹੈ।
ਸਰਕਾਰ ਉਮੀਦ ਕਰਦੀ ਹੈ ਕਿ ਘੱਟੋ-ਘੱਟ 40% ਆਸਟ੍ਰੇਲੀਆਈ ਲੋਕ ਇਸ ਐਪ ਨੂੰ ਜਰੂਰ ਵਰਤਣਗੇ, ਜੋ ਕਿ ਆਸਟ੍ਰੇਲੀਆ ਦੀ ਕੁੱਲ਼ ਅਬਾਦੀ ਦੇ 10 ਮਿਲਿਅਨ ਬਣਦੇ ਹਨ। ਪਰ ਹਾਲੇ ਤੱਕ ਇਸ ਨੂੰ ਸਿਰਫ 2 ਮਿਲਿਅਨ ਦੇ ਕਰੀਬ ਲੋਕਾਂ ਵਲੋਂ ਹੀ ਇੰਸਟੌਲ ਕੀਤਾ ਗਿਆ ਹੈ।
ਇਸ ਨੂੰ ਇੰਸਟੌਲ ਕਰਨਾ ਹਰ ਕਿਸੇ ਦੀ ਸਵੈਇੱਛਾ ਤੇ ਨਿਰਭਰ ਕਰਦਾ ਹੈ ਕਿ ਉਹਨਾਂ ਨੂੰ ਆਪਣੀ ਨਿੱਜਤਾ ਕਿੰਨੀ ਮਹੱਤਵਪੂਰਨ ਲਗਦੀ ਹੈ।
ਪ੍ਰੋ ਕਾਫਾਰ ਕਹਿੰਦੇ ਹਨ ਕਿ, "ਜੋ ਲੋਕ ਇਸ ਐਪ ਨੂੰ ਨਿੱਜਤਾ ਕਾਰਨਾਂ ਕਰਕੇ ਇੰਸਟੌਲ ਨਹੀਂ ਕਰਨਾ ਚਾਹੁੰਦੇ, ਉਹਨਾਂ ਨੂੰ ਸੁਆਰਥੀ ਵੀ ਨਹੀਂ ਕਹਿਣਾ ਚਾਹੀਦਾ"।
ਯੂਨਿਵਰਸਿਟੀ ਆਫ ਨਿਊ ਸਾਊਥ ਵੇਲਜ਼ ਦੇ ਡੇਵਿਡ ਵਾਈਲ ਕਹਿੰਦੇ ਹਨ ਕਿ, "ਬੇਸ਼ਕ ਅਜਿਹੇ ਕਾਰਜਾਂ ਨਾਲ ਜਾਣਕਾਰੀ ਇੱਕੋ ਜਗ੍ਹਾ ਤੇ ਇਕੱਤਰ ਹੋਣੀ ਲਾਜ਼ਮੀ ਹੁੰਦੀ ਹੈ ਤਾਂ ਕਿ ਗਰਾਫ ਆਦਿ ਬਣਾਏ ਜਾ ਸਕਣ, ਪਰ ਨਾਲ ਹੀ ਜਨਤਕ ਸਿਹਤ ਵੀ ਬਹੁਤ ਅਹਿਮ ਮੰਨੀ ਜਾਣੀ ਚਾਹੀਦੀ ਹੈ"।
ਅਗਰ ਤੁਸੀਂ ਨਿਜੀ ਤੌਰ ਤੇ ਇਹ ਮੰਨ ਰਹੇ ਹੋ ਕਿ ਕੋਵਿਡਸੇਫ ਐਪ ਅਜੇ ਤੁਹਾਡੇ ਵਾਸਤੇ ਸਹੀ ਨਹੀਂ ਹੈ ਤਾਂ ਯਾਦ ਰੱਖਣਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਐਪ ਨੂੰ ਲਗਾਤਾਰ ਸੁਧਾਰਿਆ ਜਾਂਦਾ ਰਹੇਗਾ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।
ਜੇ ਤੁਸੀਂ ਵਿਦੇਸ਼ ਤੋਂ ਵਾਪਸਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀਲਈ sbs.com.au/coronavirus 'ਤੇ ਜਾਓ।