ਆਸਟ੍ਰੇਲੀਆ ਦੀ ਇੰਡੀਜੀਨਸ 'ਵਾਇਸ ਟੂ ਪਾਰਲੀਮੈਂਟ' ਦੀ ਵੋਟਿੰਗ ਲਈ ਸ਼ਨੀਵਾਰ 14 ਅਕਤੂਬਰ ਦਾ ਦਿਨ ਨਿਰਧਾਰਤ ਕੀਤਾ ਗਿਆ ਹੈ। ਵੋਟ ਪਾਉਣਾ ਹਰ ਆਸਟ੍ਰੇਲੀਅਨ ਨਾਗਰਿਕ ਲਈ ਲਾਜ਼ਮੀ ਹੈ ਪਰ ਇਸ ਨੂੰ ਲੈਕੇ ਬਹੁਤ ਸਾਰੇ ਲੋਕਾਂ ਦੇ ਮਨ ਵਿਚ ਕਈ ਸਵਾਲ ਹਨ।
ਐਸ ਬੀ ਐਸ ਪੰਜਾਬੀ ਨੇ ਭਾਈਚਾਰੇ ਦੇ ਕਈ ਲੋਕਾਂ ਨਾਲ ਇਸ ਜਨਮਤ ਸੰਗ੍ਰਹਿ ਬਾਰੇ ਜੱਦ ਗੱਲ ਕੀਤੀ ਤਾਂ ਬਹੁਤਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੈ।
ਕਈਆਂ ਦਾ ਕਹਿਣਾ ਸੀ ਕਿ ਵੱਧ ਰਹੀ ਮਹਿੰਗਾਈ ਕਾਰਨ ਉਹ ਜੀਵਨ ਦੀ ਲਾਗਤ ਪੂਰਾ ਕਰਨ ਵਿੱਚ ਰੁੱਝੇ ਹੋਏ ਹਨ ਅਤੇ ਇਸ ਸਬੰਧੀ ਉਨ੍ਹਾਂ ਕੋਲ ਜਾਣਕਾਰੀ ਯਾ ਸਰੋਤ ਉਪਲਬਧ ਨਹੀਂ ਹਨ।
ਅੰਕੜਿਆਂ ਅਨੁਸਾਰ ਆਸਟ੍ਰੇਲੀਆ 'ਚ ਪੰਜਾਬੀ ਭਾਈਚਾਰਾ ਤੇਜ਼ੀ ਨਾਲ ਵੱਧ ਰਿਹਾ ਹੈ। ਮਰਦਮਸ਼ੁਮਾਰੀ ਦੇ ਅਨੁਸਾਰ, ਸਾਢੇ ਸੱਤ ਮਿਲੀਅਨ ਤੋਂ ਵੱਧ ਆਸਟ੍ਰੇਲੀਅਨ ਹਨ ਜੋ ਕਿ ਕਿਤੇ ਹੋਰ ਪੈਦਾ ਹੋਏ ਹਨ। ਇਸ ਲਈ ਸੰਵਿਧਾਨ ਵਿੱਚ ਸਵਦੇਸ਼ੀ ਆਵਾਜ਼ ਸ਼ਾਮਲ ਕਰਨ ਦੀ ਇਸ ਰਾਏਸ਼ੁਮਾਰੀ ਵਿੱਚ ਪ੍ਰਵਾਸੀਆਂ ਦੀ ਵੋਟ ਇੱਕ ਅਹਿਮ ਰੋਲ ਅਦਾ ਕਰੇਗੀ।
ਜਿੱਥੇ ਕੁਝ ਬਹੁ-ਸੱਭਿਆਚਾਰਕ ਸਮੂਹ ਅਵਾਜ਼ ਲਈ ਆਪਣੇ ਸਮਰਥਨ ਦਾ ਵਾਅਦਾ ਕਰ ਰਹੇ ਹਨ, ਉਥੇ ਕਈ ਲੋਕ ਇਸ ਦੇ ਵਿਰੋਧ ਵਿੱਚ ਸਕਰਾਰ ਤੋਂ ਹੋਰ ਕਈ ਸਵਾਲ ਕਰ ਰਹੇ ਹਨ।
ਐਸ ਬੀ ਐਸ ਪੰਜਾਬੀ ਨਾਲ ਇਸ ਖਾਸ ਇੰਟਰਵਿਊ ਵਿੱਚ ਭਾਈਚਾਰੇ ਦੇ 2 ਮੈਂਬਰਾਂ ਵਲੋਂ ਹਾਂ ਅਤੇ ਨਾਂ ਪੱਖ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਹਨ।
ਮੈਲਬੌਰਨ ਤੋਂ 'ਸਿੱਖਸ ਔਫ ਆਸਟ੍ਰੇਲੀਆ' ਸੰਸਥਾ ਦੇ ਨੁਮਾਇੰਦੇ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਰੈਫਰੈਂਡਮ ਵਿਭਿੰਨ ਆਸਟ੍ਰੇਲੀਅਨ ਭਾਈਚਾਰਿਆਂ ਲਈ ਇਕੱਠੇ ਹੋਣ ਦਾ ਮੌਕਾ ਪੇਸ਼ ਕਰਦਾ ਹੈ ਅਤੇ ਪਹਿਲੇ ਰਾਸ਼ਟਰ ਦੇ ਲੋਕਾਂ ਦੁਆਰਾ ਅਨੁਭਵ ਕੀਤੀਆਂ ਗਈਆਂ ਇਤਿਹਾਸਕ ਬੇਇਨਸਾਫੀਆਂ ਨੂੰ ਹੱਲ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਦੀ ਨਿਸ਼ਾਨਦੇਹੀ ਕਰਦਾ ਹੈ।
ਅਮ੍ਰਿਤਪਾਲ ਸਿੰਘ ਭੰਗਲ ਆਸਟ੍ਰੇਲੀਆ 'ਚ ਪਿਛਲੇ 16 ਸਾਲਾਂ ਤੋਂ ਰਹਿ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕੀ ਇਹ ਵੌਇਸ ਲੋਕਾਂ ਨੂੰ ਜੋੜਨ ਦੀ ਬਜਾਏ ਨਸਲੀ ਤੌਰ ਤੇ ਵੰਡਦੀ ਹੈ ਅਤੇ ਵਿਤਕਰੇ ਨੂੰ ਹੋਰ ਗੂੜਾ ਕਰਦੀ ਹੈ ਅਤੇ ਨਾਲ ਹੀ ਇਸ ਰੈਫਰੈਂਡਮ ਦਾ ਭਾਰ ਟੈਕਸ ਦੇਣ ਵਾਲੇ ਆਮ ਲੋਕਾਂ ਤੇ ਪਵੇਗਾ।
ਪੂਰੀ ਗੱਲਬਾਤ ਇੱਥੇ ਸੁਣੋ:
LISTEN TO

ਵੌਇਸ ਰਾਏਸ਼ੁਮਾਰੀ ਦੇ ਹੱਕ ਅਤੇ ਵਿਰੋਧ ਵਿੱਚ ਪੰਜਾਬੀ ਭਾਈਚਾਰੇ ਦਾ ਕੀ ਕਹਿਣਾ ਹੈ?
SBS Punjabi
12:31
ਐਸ ਬੀ ਐਸ ਮੰਨਦਾ ਹੈ ਕਿ ਇਸ ਵੌਕਸ ਪੌਪ ਵਿੱਚ ਪੇਸ਼ ਕੀਤੇ ਗਏ ਵਿਚਾਰ ਜ਼ਰੂਰੀ ਤੌਰ 'ਤੇ ਸਮੁੱਚੇ ਭਾਈਚਾਰੇ ਦੇ ਵਿਚਾਰਾਂ ਦੀ ਨੁਮਾਇੰਦਗੀ ਨਹੀਂ ਕਰਦੇ ਹਨ ਅਤੇ ਇਹ ਆਸਟ੍ਰੇਲੀਆਈ ਆਬਾਦੀ ਦੀ ਅੰਕੜਾ ਪ੍ਰਤੀਨਿਧਤਾ ਨਹੀਂ ਹਨ।