ਕੋਵਿਡ-19 ਕਾਰਨ ਕਈ ਪਰਿਵਾਰਾਂ ਦਾ ਆਪਸ ਵਿੱਚ ਮਿਲਣਾ ਨਾਮੁਮਕਿਨ ਹੋ ਚੁੱਕਾ ਹੈ ਪਰ ਨਿਊ ਸਾਊਥ ਵੇਲਜ਼ ਦੇ ‘ਫਿਰੋਸ ਕੇਅਰ’ ਨਾਮੀ ਬਜ਼ੁਰਗ ਸੰਭਾਲ ਕੇਂਦਰ ਦੇ ਕਈ ਵਸਨੀਕਾਂ ਨੇ ਆਪਣੇ ਪੋਤੇ-ਪੋਤੀਆਂ ਨਾਲ ਸਾਂਝ ਵਧਾਉਣ ਦਾ ਇੱਕ ਨਿਵੇਕਲਾ ਤਰੀਕਾ ਲੱਭ ਲਿਆ ਹੈ, ਉਹ ਹੈ ਬੱਚਿਆਂ ਨਾਲ ਆਨ ਲਾਈਨ ਖੇਡਾਂ ਖੇਡਣੀਆਂ।
ਇਸ ਸੰਸਥਾ ਦੀ ਐਲਿਕਸ ਮੈਕ-ਕੋਰਡ ਕਹਿੰਦੀ ਹੈ ਕਿ ਇਹ ਕਾਢ ਲੋੜ ਦੀ ਮਾਂ ਵਜੋਂ ਸਾਬਤ ਹੋਈ ਹੈ।
ਇਸ ਪਰੋਜੈਕਟ ਦੀ ਸ਼ੁਰੂਆਤ ਮੈਕ-ਕੋਰਡ ਵਲੋਂ ਪੜਾਈ ਦੌਰਾਨ ਕੀਤੀ ਇੱਕ ਖੋਜ ਤੋਂ ਸ਼ੁਰੂ ਹੋਈ ਸੀ - 80ਵਿਆਂ ਦੀ ਉਮਰ ਤੋਂ ਉੱਪਰ ਦੇ 24 ਬਜ਼ੁਰਗਾਂ 'ਤੇ ਕੀਤੀ ਇਸ ਖੋਜ ਵਿੱਚ ਸਾਹਮਣੇ ਆਇਆ ਸੀ ਕਿ ਵੀਡੀਓ ਗੇਮਿੰਗ ਦੁਆਰਾ ਬਜ਼ੁਰਗਾਂ ਦੇ ਮਨੋਰੰਜਨ ਦੇ ਨਾਲ-ਨਾਲ ਉਹਨਾਂ ਦੇ ਦਿਮਾਗ ਦੀ ਚੰਗੀ ਕਸਰਤ ਵੀ ਹੁੰਦੀ ਹੈ।
ਇਸੀ ਸਮੇਂ ਮਿਸ ਮੈਕ-ਕੋਰਡ ਨੇ ਬੱਚਿਆਂ ਨੂੰ ਵੀ ਆਪਣੇ ਇਸ ਪਰੋਜੈਕਟ ਨਾਲ ਜੋੜਨ ਦੀ ਸੋਚੀ ਕਿਉਂਕਿ ਉਹ ਵੀ ਸਕੂਲੀ ਛੁੱਟੀਆਂ ਦੌਰਾਨ ਘਰਾਂ ਵਿੱਚ ਅਵੇਸਲੇ ਹੋ ਰਹੇ ਸਨ।
ਬੋਂਡ ਯੂਨਿਵਰਸਿਟੀ ਦੇ ਕਮਿਊਨਿਕੇਸ਼ਨਸ ਐਂਡ ਮੀਡੀਆ ਵਿਭਾਗ ਦੇ ਮਾਹਰ ਹਨ, ਪ੍ਰੋ ਜੈਫਰੀ ਬਰੈਂਡ, ਜਿਹਨਾਂ ਦੀ ‘ਡਿਜੀਟਲ ਆਸਟ੍ਰੇਲੀਆ 2020’ ਨਾਮੀ ਖੋਜ ਦਰਸਾਉਂਦੀ ਹੈ ਕਿ 65 ਸਾਲਾਂ ਤੋਂ ਉਪਰ ਦੇ ਤਕਰੀਬਨ 42% ਲੋਕ ਵੀਡੀਓ ਖੇਡਾਂ ਖੇਡਦੇ ਹਨ ਅਤੇ ਆਸਟ੍ਰੇਲੀਆ ਦੇ ਕੁੱਲ ਵੀਡੀਓ ਖੇਡਣ ਵਾਲਿਆਂ ਦਾ ਦਸਵਾਂ ਹਿੱਸਾ ਸੇਵਾ-ਮੁਕਤੀ ਵਾਲੀ ਉਮਰ ਵਾਲਿਆਂ ਦਾ ਹੀ ਹੈ।
ਬਜ਼ੁਰਗ ਜਿਆਦਾਤਰ ਕਾਰਡ ਜਾਂ ਬੋਰਡ ਖੇਡਾਂ ਹੀ ਆਨਲਾਈਨ ਖੇਡਣੀਆਂ ਪਸੰਦ ਕਰਦੇ ਹਨ।
ਪ੍ਰੋ ਬਰੈਂਡ ਨੇ ਦੱਸਿਆ ਕਿ ‘ਯੂ-ਗਵ’ ਨਾਮੀ ਇੱਕ ਹੋਰ ਖੋਜ ਵਿੱਚ ਪਤਾ ਚੱਲਿਆ ਹੈ ਕਿ ਪਿਛਲੇ ਸਾਲ ਮਾਰਚ, ਅਪ੍ਰੈਲ ਦੌਰਾਨ ਜਦੋਂ ਕੋਵਿਡ-19 ਪੂਰੇ ਸਿਖਰ ‘ਤੇ ਸੀ ਅਤੇ ਲੋਕ ਘਰਾਂ ਵਿੱਚ ਹੀ ਰਹਿਣ ਤੇ ਮਜ਼ਬੂਰ ਹੋਏ ਪਏ ਸਨ ਤਾਂ ਉਸ ਸਮੇਂ ਆਨ ਲਾਈਨ ਗੇਮਾਂ ਵਾਲੇ ਕਈ ਸਰਵਰਾਂ ਨੂੰ ਭਾਰੀ ਟਰੈਫਿਕ ਦਾ ਸਾਹਮਣਾ ਕਰਨਾ ਪਿਆ ਸੀ।
ਪ੍ਰੌ ਬਰੈਂਡ ਵਰਗੇ ਕਈ ਹੋਰ ਮਾਹਰਾਂ ਦਾ ਮੰਨਣਾ ਹੈ ਕਿ ਕਿਸੇ ਕੰਪਿਊਟਰ ਗੇਮ ਨੂੰ ਸਿੱਖਣਾ ਇੱਕ ਨਵੀਂ ਭਾਸ਼ਾ ਸਿੱਖਣ ਦੇ ਬਰਾਬਰ ਹੋ ਨਿੱਬੜਦਾ ਹੈ ਪਰ ਇਸ ਦੌਰਾਨ ਕਈ ਸਭਿਆਚਾਰਕ ਅਤੇ ਭਾਸ਼ਾਈ ਔਕੜਾਂ ਵੀ ਸਾਹਮਣੇ ਆਉਂਦੀਆਂ ਦੇਖੀਆਂ ਜਾ ਸਕਦੀਆਂ ਹਨ।
ਪ੍ਰੋ ਬਰੈਂਡ ਇਹ ਵੀ ਮੰਨਦੇ ਹਨ ਕਿ ਕੁੱਝ ਖੇਡਾਂ ਦੇ ਖੇਡਣ ਨਾਲ ਆਮ ਜਾਣਕਾਰੀਆਂ ਵਿੱਚ ਵੀ ਵਾਧਾ ਹੁੰਦਾ ਹੈ।
ਇਸ ਸਮੇਂ ਬਹੁਤ ਸਾਰੇ ਦੇਸ਼ ਆਪਣੀਆਂ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਮੇਲ ਖਾਣ ਵਾਲੀਆਂ ਗੇਮਾਂ ਦਾ ਨਿਰਮਾਣ ਕਰ ਰਹੇ ਹਨ ਜਿਸ ਨਾਲ ਖੇਡਣ ਵਾਲਿਆਂ ਨੂੰ ਕਾਫੀ ਲਾਭ ਹੋ ਰਿਹਾ ਹੈ।
ਮਿਸ ਮੈਕ-ਕੋਰਡ ਅਨੁਸਾਰ ਜਿਹੜੇ ਬਜ਼ੁਰਗ ਗੇਮਾਂ ਉੱਤੇ ਚੰਗੀ ਪਕੜ ਰੱਖਦੇ ਹਨ, ਉਹ ਦੂਜੇ ਬਜ਼ੁਰਗਾਂ ਨੂੰ ਸਿਖਾਉਣ ਵਾਲਾ ਕੰਮ ਵੀ ਬਾਖੂਬੀ ਕਰ ਰਹੇ ਹੁੰਦੇ ਹਨ।
ਬੱਚਿਆਂ ਕੋਲ ਇੰਨਾ ਸਬਰ ਨਹੀਂ ਹੁੰਦਾ ਕਿ ਉਹ ਆਪਣੇ ਬਜ਼ੁਰਗਾਂ ਨੂੰ ਖੇਡਾਂ ਸਿਖਾਉਣ ਦਾ ਕੰਮ ਵੀ ਕਰ ਸਕਣ ਕਿਉਂਕਿ ਬਹੁਤ ਸਾਰੇ ਬਜ਼ੁਰਗਾਂ ਨੂੰ ਗੇਮਾਂ ਸਿਖਾਉਣ ਲਈ ਲੰਬਾ ਸਮਾਂ ਅਤੇ ਸਬਰ ਚਾਹੀਦਾ ਹੁੰਦਾ ਹੈ।
ਇੰਟਰਨੈੱਟ ਦੀ ਵਰਤੋਂ ਸਿੱਖਣ ਲਈ ‘ਬੀ ਕੂਨੈੱਕਟਿਡ’ ਦੀ ਮੁਫਤ ਫੋਨ ਸੇਵਾ ਨੂੰ 1300 795 897 ਤੇ ਫੋਨ ਕਰ ਸਕਦੇ ਹੋ ਜਾਂ ਉਹਨਾਂ ਦੀ ਵੈਬਸਾਈਟ ‘ਬੀਕੂਨੈੱਕਟਿਡ.ਈਸੇਫਟੀ.ਗਵ.ਏਯੂ’ ‘ਤੇ ਵੀ ਜਾ ਸਕਦੇ ਹੋ।
ਰਿਲੇਸ਼ਨਸ਼ਿੱਪ ਸਲਾਹ ਵਾਸਤੇ ‘ਰਿਲੇਸ਼ਨਸ਼ਿੱਪਸ ਆਸਟ੍ਰੇਲੀਆ’ ਨੂੰ 1300 364 277 ਜਾਂ ਉਹਨਾਂ ਦੀ ਵੈੱਬਸਾਈਟ ‘ਰਿਲੇਸ਼ਨਸ਼ਿੱਪਸ.ਓਰਗ.ਏਯੂ’ ਤੇ ਵੀ ਜਾ ਸਕਦੇ ਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।