ਛੋਟੇ ਵਪਾਰ ਆਸਟ੍ਰੇਲੀਆ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਸਮਝੇ ਜਾਂਦੇ ਹਨ। ਇਹਨਾਂ ਵਲੋਂ ਆਸਟ੍ਰੇਲੀਆ ਦੇ ਗਰੋਸ ਡੋਮੈਸਟਿਕ ਪਰੋਡੱਕਟ ਵਿੱਚ 35% ਦਾ ਯੋਗ ਦਾਨ ਪਾਇਆ ਜਾਂਦਾ ਹੈ।
ਭਾਈਚਾਰਿਆਂ ਵਿੱਚ ਮਹਾਂਮਾਰੀ ਫੈਲਣ ਕਾਰਨ ਛੋਟੇ ਵਪਾਰਾਂ ਨੂੰ ਬਹੁਤ ਝੱਟਕਾ ਲੱਗਿਆ ਹੈ।
ਸਮਾਲ ਬਿਜ਼ਨਸ ਐਡਵੋਕੇਸੀ ਆਰਗੇਨਾਈਜ਼ੇਸ਼ਨ ਦੇ ਮੁਖੀ ਪੀਟਰ ਸਟਰੋਂਗ ਕਹਿੰਦੇ ਹਨ ਕਿ ਮਹਾਂਮਾਰੀ ਨੇ ਸੌਦਿਆਂ ਦੀ ਝਾਕ ਰੱਖਣ ਵਾਲੇ ਉੱਦਮੀਆਂ ਲਈ ਕਈ ਪ੍ਰਕਾਰ ਦੇ ਮੌਕੇ ਵੀ ਪੈਦਾ ਕਰ ਦਿੱਤੇ ਹਨ। ਨਾਲ ਹੀ ਇਹ ਕਹਿੰਦੇ ਹਨ ਕਿ ਵਪਾਰ ਖਰੀਦਣ ਤੋਂ ਪਹਿਲਾਂ ਹਰ ਨੁੱਕਤੇ ਨੂੰ ਸਹੀ ਤਰੀਕੇ ਨਾਲ ਜਾਂਚ ਲੈਣਾ ਬਹੁਤ ਜਰੂਰੀ ਹੁੰਦਾ ਹੈ। ਸਲਾਹ ਵਜੋਂ, ਪਿਛਲੇ ਸਾਲਾਂ ਦੇ ਖਾਤੇ, ਅਤੇ ਹੋਣ ਵਾਲੇ ਖਰਚੇ ਜਾਂਚ ਲੈਣੇ ਚਾਹੀਦੇ ਹਨ।
ਆਲਬਿਜ਼ ਬਿਜ਼ਨੇਸ ਸੇਲਸ ਸੰਸਥਾ ਦੇ ਮੈਥਿਊ ਹੋਲੈਂਡ ਕਹਿੰਦੇ ਹਨ ਕਿ ਪਹਿਲਾਂ ਨਾਲੋਂ, ਇਸ ਸਮੇਂ ਵਪਾਰਾਂ ਦੀ ਖਰੀਦ ਵਾਸਤੇ ਬਹੁਤ ਪੁੱਛਗਿੱਛ ਹੋ ਰਹੀ ਹੈ। ਅਤੇ ਪੁੱਛਗਿੱਛ ਕਰਨ ਵਾਲਿਆਂ ਵਿੱਚ ਵਡੇਰੀ ਉਮਰ ਦੇ ਪ੍ਰਵਾਸੀ ਹੀ ਜਿਆਦਾ ਹਨ।
ਪੱਛਮੀ ਆਸਟ੍ਰੇਲੀਆ ਦੇ ਨਿਜੀ ਵਪਾਰਕ ਖੇਤਰ ਦੀ ਇੱਕ ਚੌਥਾਈ, ਛੋਟੇ ਵਪਾਰਾਂ ਦੀ ਹੈ। ਵੈਸਟਰਨ ਆਸਟ੍ਰੇਲੀਆ ਸਮਾਲ ਬਿਜ਼ਨਸ ਡਿਵੈਲਪਮੈਂਟ ਕਾਰਪੋਰੇਸ਼ਨ ਸੰਸਥਾ ਵਲੋਂ ਛੋਟੇ ਵਪਾਰਾਂ ਲਈ ਮੁਫਤ ਆਨਲਾਈਨ ਅਤੇ ਟੈਲੀਫੋਨ ਸਲਾਹ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ। ਬਿਜ਼ਨਸ ਐਡਵਾਈਜ਼ਰੀ ਮੈਨੇਜਰ ਲੀਜ਼ਾ ਲੀਜੈਨਾ ਕਹਿੰਦੀ ਹੈ ਕਿ ਵਪਾਰਾਂ ਬਾਰੇ ਪੁੱਛ ਪੜਤਾਲ ਜਿਆਦਾਤਰ ਪ੍ਰਵਾਸੀਆਂ ਵਲੋਂ ਕੀਤੀ ਜਾ ਰਹੀ ਹੈ ਅਤੇ ਇਹ ਲੋਕ ਕੋਵਿਡ-19 ਕਾਰਨ ਬਹੁਤ ਸੋਚ ਸਮਝ ਕੇ ਕਦਮ ਪੁੱਟ ਰਹੇ ਹਨ।
ਸਟਰੋਂਗ ਕਹਿੰਦੇ ਹਨ ਕਿ ਛੋਟੇ ਵਪਾਰ ਦੀ ਖਰੀਦ ਕਰਨ ਵਾਲੇ ਮਾਲਕ ਜਿਆਦਾ ਉਤਸ਼ਾਹਤ ਹੁੰਦੇ ਨਜ਼ਰ ਆਉਂਦੇ ਹਨ। ਪਰ ਅਜੌਕੇ ਹਾਲਾਤਾਂ ਵਿੱਚ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰਖ ਕੇ ਉਦੇਸ਼ ਭਰਪੂਰ ਨਿਰਣੇ ਲੈਣੇ ਚਾਹੀਦੇ ਹਨ। ਲੀਜੈਨਾ ਕਹਿੰਦੀ ਹੈ ਕਿ ਆਸ਼ਾਵਾਦੀ ਨਵੇਂ ਖਰੀਦਦਾਰ ਜਲਦਬਾਜ਼ੀ ਵਿੱਚ ਕਈ ਗਲਤੀਆਂ ਕਰ ਜਾਂਦੇ ਹਨ।
ਯੂਨਿਵਰਸਿਟੀ ਆਫ ਨਿਊ ਸਾਊਥ ਵੇਲਜ਼ ਦੀ ਮਾਰਕੀਟਿੰਗ ਮਾਹਰ ਨਿਤੀਕਾ ਗਰਗ ਕਹਿੰਦੀ ਹੈ ਕਿ ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਕਾਰਨ ਲੋਕਾਂ ਘਰਾਂ ਵਿੱਚ ਰਹਿ ਰਹਿ ਕੇ ਅੱਕ ਚੁੱਕੇ ਹਨ। ਡਾ ਗਰਗ ਅਨੁਸਾਰ ਅਜੇ ਵੀ ਉੱਦਮੀਆਂ ਵਾਸਤੇ ਬਹੁਤ ਸਾਰੇ ਮੌਕੇ ਉਪਲਬਧ ਹਨ, ਪਰ ਜਰੂਰਤ ਹੈ ਥੋੜਾ ਧਿਆਨ ਨਾਲ ਘੋਖ ਕਰਨ ਦੀ।
ਇਹ ਵੀ ਜਰੂਰੀ ਨਹੀਂ ਹੈ ਕਿ ਕੋਵਿਡ-19 ਦੌਰਾਨ ਵਿਕਣ ਵਾਲੇ ਸਾਰੇ ਵਪਾਰ ਲਾਭਦਾਇਕ ਜਾਂ ਸਾਰੇ ਹੀ ਘਾਟੇ ਵਾਲੇ ਸਿੱਧ ਹੋਣਗੇ। ਲੀਜੈਨਾ ਸਲਾਹ ਦਿੰਦੀ ਹੈ ਕਿ ਆਪਣੀ ਕਾਬਲੀਅਤ ਅਤੇ ਹੁਨਰ ਦੀ ਪਰਖ ਕਰਨ ਦੇ ਨਾਲ ਨਾਲ ਵਪਾਰ ਦੀ ਕੀਮਤ ਅਤੇ ਉਸ ਦੀ ਲੋਕੇਸ਼ਨ ਉੱਤੇ ਧਿਆਨ ਦੇਣਾ ਵੀ ਜਰੂਰੀ ਹੁੰਦਾ ਹੈ।
ਵਿਕਰੇਤਾ ਤੋਂ ਖਰੀਦਦਾਰ ਤੱਕ ਕੀਤੀ ਜਾਣ ਵਾਲੀ ਵਪਾਰ ਦੀ ਤਬਦੀਲੀ ਪੂਰੇ ਧਿਆਨ ਅਤੇ ਸਹਿਜ ਨਾਲ ਨੇਪਰੇ ਚਾਹੜਨੀ ਚਾਹੀਦੀ ਹੈ, ਨਹੀਂ ਤਾਂ ਨਵੇਂ ਮਾਲਕ ਵਾਸਤੇ ਕਾਫੀ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ।
ਡਾ ਗਰਗ ਸਲਾਹ ਦਿੰਦੇ ਹਨ ਕਿ ਖਰੀਦ ਕਰਨ ਵਾਲੇ ਆਪਣੇ ਨਵੇਂ ਵਪਾਰ ਨੂੰ ਕੋਵਿਡ-19 ਮਹਾਂਮਾਰੀ ਦੇ ਖਾਤਮੇ ਤੋਂ ਕਾਫੀ ਅੱਗੇ ਤੱਕ ਚਲਾਉਣ ਦਾ ਸੋਚ ਕੇ ਹੀ ਕੋਈ ਫੈਸਲਾ ਕਰਨ।
ਛੋਟੇ ਵਪਾਰ ਦੀ ਖਰੀਦ ਲਈ ਸਲਾਹ ਕਰਨ ਵਾਸਤੇ ‘ਦਾ ਆਸਟ੍ਰੇਲੀਅਨ ਸਮਾਲ ਬਿਜ਼ਨਸ ਐਂਡ ਫੈਮਿਲੀ ਇੰਟਰਪਰਾਈਜ਼ ਉਮਬਡਸਮਨ ਨੂੰ 1300 650 640 ਉੱਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਤੋਂ ਰਾਤ 8 ਵਜੇ ਤੱਕ ਫੋਨ ਕੀਤਾ ਜਾ ਸਕਦਾ ਹੈ।