ਪਰਿਵਾਰਕ ਮੈਂਬਰਾਂ ਨੂੰ ਆਸਟ੍ਰੇਲੀਆ ਲਿਆਉਣ ਲਈ ਕਿਵੇਂ ਸਪਾਂਸਰ ਕੀਤਾ ਜਾ ਸਕਦਾ ਹੈ

male family members airport

Source: Getty Images/Jose Luis Pelaez Inc

ਇਸ ਸਾਲ ਪਰਿਵਾਰਕ ਪ੍ਰਵਾਸ ਆਸਟ੍ਰੇਲੀਆ ਦੇ ਸਲਾਨਾ ਸਥਾਈ ਪ੍ਰਵਾਸ ਦਾਖਲੇ ਦਾ ਲਗਭਗ ਅੱਧਾ ਹਿੱਸਾ ਹੈ। ਆਸਟ੍ਰੇਲੀਆ ਦੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਆਸਟ੍ਰੇਲੀਆ ਵਿੱਚ ਆਪਣੇ ਅਜ਼ੀਜ਼ਾਂ ਨਾਲ ਮਿਲਾਉਣ ਵਾਲੇ ਵੱਖੋ-ਵੱਖਰੇ ਵੀਜ਼ਿਆਂ ਦੇ ਨਾਲ, ਆਸਟ੍ਰੇਲੀਆ ਦੇ ਪਰਿਵਾਰਕ ਸਟ੍ਰੀਮ ਵੀਜ਼ਾ ਬਾਰੇ ਤੁਹਾਨੂੰ ਇਹ ਜਾਨਣ ਦੀ ਜ਼ਰੂਰਤ ਹੋਵੇਗੀ।


2021-22 ਮਾਈਗ੍ਰੇਸ਼ਨ ਪ੍ਰੋਗਰਾਮ ਯੋਜਨਾਬੰਦੀ ਦਾ ਪੱਧਰ 160,000 ਵੀਜ਼ਾ ਸਥਾਨਾਂ 'ਤੇ ਨਿਰਧਾਰਤ ਕੀਤਾ ਗਿਆ ਹੈ ਜਿਸ ਵਿੱਚੋਂ ਲਗਭਗ ਅੱਧਾ ਪਰਿਵਾਰਕ ਸਟ੍ਰੀਮ ਲਈ ਰਾਖਵਾਂ ਹੈ।

ਫੈਮਿਲੀ ਸਟ੍ਰੀਮ ਦੇ ਅਧੀਨ ਉਪਲਬਧ 77,300 ਵੀਜ਼ਿਆਂ ਵਿੱਚੋਂ 72,300 ਪਾਰਟਨਰ ਵੀਜ਼ਿਆਂ ਲਈ, ਮਾਤਾ-ਪਿਤਾ ਲਈ 4,500 ਅਤੇ 500 ਹੋਰ ਫੈਮਿਲੀ ਸਟ੍ਰੀਮ ਵੀਜ਼ਿਆਂ ਲਈ ਅਲਾਟ ਕੀਤੇ ਗਏ ਹਨ।

ਵੀਜ਼ਾ ਯੋਜਨਾ ਦੇ ਪ੍ਰਮੁੱਖ ਵਕੀਲ, ਜੇਮਜ਼ ਬੇਅ ਦਾ ਕਹਿਣਾ ਹੈ ਕਿ ਇੱਕ ਬਿਨੈਕਾਰ ਸਹਿਭਾਗੀ ਸਟ੍ਰੀਮ ਵੀਜ਼ੇ ਲਈ ਉਦੋਂ ਯੋਗ ਹੋ ਸਕਦਾ ਹੈ ਜੇਕਰ ਉਹ ਆਸਟ੍ਰੇਲੀਆਈ ਨਾਗਰਿਕ ਜਾਂ ਸਥਾਈ ਨਿਵਾਸੀ ਨਾਲ ਵਿਆਹੇ ਹੋਏ ਹਨ ਜਾਂ ਵਾਸਤਵਿਕ ਰਿਸ਼ਤੇ ਵਿੱਚ ਰਹਿ ਰਹੇ ਹਨ।

ਸ੍ਰੀ ਬੇਅ ਦਾ ਕਹਿਣਾ ਹੈ ਕਿ ਗ੍ਰਹਿ ਮੰਤਰਾਲਾ ਸਹਿਭਾਗੀ ਵੀਜ਼ਾ ਅਰਜ਼ੀਆਂ ਦਾ ਮੁਲਾਂਕਣ ਕਰਦੇ ਸਮੇਂ ਪੂਰੀ ਜਾਂਚ ਕਰਦਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਰਿਸ਼ਤਾ ਪੂਰੀ ਤਰ੍ਹਾਂ ਸੱਚਾ ਹੈ।
ਵੀਜ਼ਾਐਨਵੋਇ ਦੇ ਇਮੀਗ੍ਰੇਸ਼ਨ ਵਕੀਲ ਬੈਨ ਵਾਟ ਦਾ ਕਹਿਣਾ ਹੈ ਕਿ ਪਾਰਟਨਰ ਵੀਜ਼ਾ ਲਈ ਅਰਜ਼ੀ ਖਾਸ ਸਥਿਤੀਆਂ ਵਿੱਚ ਸਿੱਧੀ ਸਥਾਈ ਰਿਹਾਇਸ਼ ਵੱਲ ਲੈ ਜਾ ਸਕਦੀ ਹੈ।
ਆਮ ਤੌਰ 'ਤੇ, ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਕਿਸੇ ਨੇ ਆਨਸ਼ੋਰ ਜਾਂ ਆਫਸ਼ੋਰ ਇਸ ਲਈ ਅਰਜ਼ੀ ਦਿੱਤੀ ਹੈ, ਇਹ ਦੋ-ਪੜਾਅ ਦੀ ਪ੍ਰਕਿਰਿਆ ਹੁੰਦੀ ਹੈ।

ਸ੍ਰੀ ਬੇਅ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਪਣੇ ਮਾਪਿਆਂ ਨੂੰ ਆਸਟ੍ਰੇਲੀਆ ਲਿਆਉਣਾ ਚਾਹੁੰਦੇ ਹੋ ਤਾਂ ਪਹਿਲਾ ਕਦਮ ਆਸਟ੍ਰੇਲੀਆ ਵਿੱਚ ਮਾਪਿਆਂ ਦੇ ਪਰਿਵਾਰਕ ਸਬੰਧਾਂ ਨੂੰ ਨਿਰਧਾਰਤ ਕਰਨਾ ਹੈ। ਇਸਨੂੰ ਪਰਿਵਾਰਕ ਟੈਸਟ ਦੇ ਸੰਤੁਲਨ ਵਜੋਂ ਜਾਣਿਆ ਜਾਂਦਾ ਹੈ।

ਇੱਕ ਬਿਨੈਕਾਰ ਪਰਿਵਾਰਕ ਪ੍ਰੀਖਿਆ ਦੇ ਸੰਤੁਲਨ ਨੂੰ ਉਦੋਂ ਸੰਤੁਸ਼ਟ ਕਰ ਸਕਦਾ ਹੈ ਜਦੋਂ ਉਨ੍ਹਾਂ ਦੇ ਘੱਟੋ-ਘੱਟ ਅੱਧੇ ਬੱਚਿਆਂ ਨੂੰ ਆਸਟ੍ਰੇਲੀਆ ਦੀ ਨਾਗਰਿਕਤਾ ਜਾਂ ਸਥਾਈ ਨਿਵਾਸ ਹਾਸਿਲ ਹੋਵੇ।

ਸਪਾਂਸਰਡ ਪੇਰੈਂਟ (ਅਸਥਾਈ) ਵੀਜ਼ਾ ਸਬਕਲਾਸ 870 ਨੂੰ 2019 ਵਿੱਚ ਪੇਸ਼ ਕੀਤਾ ਗਿਆ ਸੀ। ਇਹ ਉਨ੍ਹਾਂ ਪਰਿਵਾਰਾਂ ਲਈ ਵਿਸ਼ੇਸ਼ ਤੌਰ 'ਤੇ ਲਾਭਦਾਇਕ ਹੈ ਜੋ ਪਰਿਵਾਰਕ ਟੈਸਟ ਦੇ ਸੰਤੁਲਨ ਨੂੰ ਸੰਤੁਸ਼ਟ ਨਹੀਂ ਕਰਦੇ।
ਸ੍ਰੀ ਵਾਟ ਦੱਸਦੇ ਹਨ ਕਿ ਇਹ ਵੀਜ਼ਾ ਤਿੰਨ ਜਾਂ ਪੰਜ ਸਾਲਾਂ ਲਈ ਦਿੱਤਾ ਜਾ ਸਕਦਾ ਹੈ ਅਤੇ ਅਰਜ਼ੀ ਦਾ ਖਰਚਾ ਦੋ ਕਿਸ਼ਤਾਂ ਵਿੱਚ ਭੁਗਤਾਨਯੋਗ ਹੁੰਦਾ ਹੈ।

ਜੇਕਰ ਤੁਹਾਡੇ ਮਾਪੇ ਪਰਿਵਾਰਕ ਪ੍ਰੀਖਿਆ ਦਾ ਸੰਤੁਲਨ ਪਾਸ ਕਰਦੇ ਹਨ ਤਾਂ ਉਨ੍ਹਾਂ ਦੇ ਕੋਲ ਛੇ ਵੀਜ਼ਾ ਵਿਕਲਪ ਮੌਜੂਦ ਹਨ ਜੋ ਕਿ ਮਾਪਿਆਂ ਦੀ ਉਮਰ ਅਤੇ ਵਿੱਤੀ ਯੋਗਤਾਵਾਂ ਦੇ ਨਾਲ-ਨਾਲ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਵੀਜ਼ਾ ਹਾਸਿਲ ਕਰਨ ਲਈ ਆਪਣੀ ਅਰਜ਼ੀ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਜਾਂ ਆਫਸ਼ੋਰ ਹੁੰਦੇ ਹੋਏ ਦਾਇਰ ਕਰਦੇ ਹਨ।

ਦੋ ਸਥਾਈ ਕੰਟ੍ਰੀਬਿਊਟਰੀ ਪੈਰੇਂਟ ਵੀਜ਼ਿਆਂ ਦੀ ਕੀਮਤ ਪ੍ਰਤੀ ਮਾਪੇ $48,000 ਹੈ। ਹਾਲਾਂਕਿ, ਇਸ ਨੂੰ ਦੋ -ਪੜਾਵੀ ਪ੍ਰਕਿਰਿਆ ਬਣਾ ਕੇ ਲਾਗਤ ਨੂੰ ਸੁਖਾਲਾ ਕੀਤਾ ਜਾ ਸਕਦਾ ਹੈ, ਜਿਸ ਵਿੱਚ ਬਿਨੈਕਾਰ ਨੂੰ ਪਹਿਲਾਂ ਇੱਕ ਅਸਥਾਈ ਕੰਟ੍ਰੀਬਿਊਟਰੀ ਪੈਰੇਂਟ ਵੀਜ਼ਾ ਦਿੱਤਾ ਜਾਂਦਾ ਹੈ ਅਤੇ 2 ਸਾਲਾਂ ਦੇ ਅੰਦਰ ਉਹ ਸਥਾਈ ਵੀਜ਼ੇ ਲਈ ਅਰਜ਼ੀ ਦਿੰਦੇ ਹਨ।

ਸਸਤਾ ਵਿਕਲਪ, ਪੇਰੈਂਟ ਵੀਜ਼ਾ ਸਬਕਲਾਸ 103 ਅਤੇ ਏਜਡ ਪੇਰੈਂਟ ਵੀਜ਼ਾ ਸਬ ਕਲਾਸ 804 ਹੈ, ਜਿਸਦੀ ਕੀਮਤ $6,415 ਹੈ। ਪਰ ਇਨ੍ਹਾਂ ਵੀਜ਼ਿਆਂ ਦੀ ਅੰਤਮ ਪ੍ਰਕਿਰਿਆ ਲਈ ਲਗਭਗ 30 ਸਾਲ ਲੱਗਣ ਦੀ ਸੰਭਾਵਨਾ ਹੁੰਦੀ ਹੈ।

ਵੀਜ਼ਾਐਨਵੋਇ ਦੇ ਬੈਨ ਵਾਟ ਦਾ ਕਹਿਣਾ ਹੈ ਕਿ ਜਿਹੜੇ ਮਾਪੇ ਆਸਟ੍ਰੇਲੀਆ ਦੇ ਨਾਲ ਆਪਸੀ ਸਿਹਤ ਸੰਭਾਲ ਸਮਝੌਤਿਆਂ ਵਾਲੇ ਦੇਸ਼ਾਂ ਤੋਂ ਵਿਜ਼ਟਰ ਵੀਜ਼ੇ 'ਤੇ ਆਸਟ੍ਰੇਲੀਆ ਆਉਂਦੇ ਹਨ ਅਤੇ ਜੇਕਰ ਉਨ੍ਹਾਂ ਨੂੰ ਲੰਮੇ ਸਮੇਂ ਦੀ ਅਨਿਸ਼ਚਿਤ ਸਥਿਤੀ ਰੱਖਣ ਵਿੱਚ ਕੋਈ ਇਤਰਾਜ਼ ਨਾ ਹੋਵੇ ਤਾਂ ਉਨ੍ਹਾਂ ਲਈ ਸਬ-ਕਲਾਸ 804 ਆਨਸ਼ੋਰ ਏਜਡ ਪੇਰੈਂਟ ਵੀਜ਼ਾ ਇੱਕ ਵਧੀਆ ਵਿਕਲਪ ਹੋ ਸਕਦਾ ਹੈ।
ਆਸਟ੍ਰੇਲੀਆ ਦਾ 11 ਦੇਸ਼ਾਂ ਨਾਲ ਇੱਕ ਆਪਸੀ ਸਿਹਤ ਸੰਭਾਲ ਸਮਝੌਤਾ ਹੈ ਜੋ ਕਿ ਆਸਟ੍ਰੇਲੀਆਈ ਨਾਗਰਿਕਾਂ ਦਾ ਉਨ੍ਹਾਂ ਦੇਸ਼ਾਂ ਦਾ ਦੌਰਾ ਕਰਨ ਤੇ ਹੋਣ ਵਾਲੇ ਡਾਕਟਰੀ ਖਰਚਿਆਂ ਨੂੰ ਪੂਰਾ ਕਰਦਾ ਹੈ ਅਤੇ ਨਾਲ ਹੀ ਉਨ੍ਹਾਂ ਦੇਸ਼ਾਂ ਦੇ ਯਾਤਰੀ ਲਈ ਆਸਟ੍ਰੇਲੀਆ ਵਿੱਚ ਇਸ ਸੇਵਾ ਦੀ ਸਪੁਰਦਗੀ ਕਰਦਾ ਹੈ।

ਇਨ੍ਹਾਂ ਦੇਸ਼ਾਂ ਵਿੱਚ ਬੈਲਜੀਅਮ, ਫਿਨਲੈਂਡ, ਇਟਲੀ, ਮਾਲਟਾ, ਨੀਦਰਲੈਂਡ, ਨਿਊਜ਼ੀਲੈਂਡ, ਨਾਰਵੇ, ਆਇਰਲੈਂਡ ਗਣਰਾਜ, ਸਲੋਵੇਨੀਆ, ਸਵੀਡਨ ਅਤੇ ਯੂਨਾਈਟਿਡ ਕਿੰਗਡਮ ਸ਼ਾਮਿਲ ਹਨ।

ਜਦੋਂ ਬੱਚਿਆਂ ਦੇ ਪਰਵਾਸ ਦੀ ਗੱਲ ਆਉਂਦੀ ਹੈ, ਜ਼ਿਆਦਾਤਰ ਮਾਮਲਿਆਂ ਵਿੱਚ ਨਿਰਭਰ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੀ ਵੀਜ਼ਾ ਅਰਜ਼ੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਪਰ ਜੇ ਵੀਜ਼ਾ ਲਈ ਅਰਜ਼ੀ ਦੇਣ ਵੇਲੇ ਕੋਈ ਸਹਿਭਾਗੀ ਵੀਜ਼ਾ ਬਿਨੈਕਾਰ ਆਸਟ੍ਰੇਲੀਆ ਵਿੱਚ ਹੁੰਦਾ ਹੈ ਅਤੇ ਉਨ੍ਹਾਂ ਦਾ ਬੱਚਾ ਵਿਦੇਸ਼ ਵਿੱਚ ਹੁੰਦਾ ਹੈ, ਤਾਂ ਮਾਪਿਆਂ ਦੁਆਰਾ ਅਸਥਾਈ ਸਾਥੀ ਵੀਜ਼ਾ ਦਿੱਤੇ ਜਾਣ ਤੋਂ ਬਾਅਦ ਬੱਚਾ ਉਪ -ਸ਼੍ਰੇਣੀ 445 ਨਿਰਭਰ ਬਾਲਕ ਵੀਜ਼ੇ 'ਤੇ ਅਸਥਾਈ ਤੌਰ' ਤੇ ਆਸਟ੍ਰੇਲੀਆ ਆ ਸਕਦਾ ਹੈ।

ਸ੍ਰੀ ਵਾਟ ਦਾ ਕਹਿਣਾ ਹੈ ਕਿ ਬਿਨੈਕਾਰ ਕੋਲ ਬੱਚੇ ਅਤੇ ਪ੍ਰਾਯੋਜਕ ਦੇ ਸਬੰਧਾਂ ਦੇ ਅਧਾਰ ਤੇ ਤਿੰਨ ਸਥਾਈ ਵਿਕਲਪ ਹੁੰਦੇ ਹਨ: ਚਾਈਲਡ ਵੀਜ਼ਾ, ਆਰਫਨ ਰਿਲੇਟਿਵ ਵੀਜ਼ਾ ਅਤੇ ਅਡਾਪਸ਼ਨ ਵੀਜ਼ਾ।

ਤੁਹਾਡੇ ਹਾਲਾਤਾਂ ਦੇ ਅਧਾਰ 'ਤੇ, ਆਸਟ੍ਰੇਲੀਆ ਵਿੱਚ ਆਉਣ ਅਤੇ ਰਹਿਣ ਲਈ ਰਿਸ਼ਤੇਦਾਰਾਂ ਨੂੰ ਸਪਾਂਸਰ ਕਰਨਾ ਵੀ ਸੰਭਵ ਹੈ।

ਜੇ ਤੁਹਾਡੀ ਕੋਈ ਡਾਕਟਰੀ ਸਥਿਤੀ ਹੈ ਤਾਂ ਤੁਸੀਂ ਕੇਅਰਰ ਵੀਜ਼ੇ ਲਈ ਕਿਸੇ ਰਿਸ਼ਤੇਦਾਰ ਨੂੰ ਸਪਾਂਸਰ ਕਰਨ ਦੇ ਯੋਗ ਹੋ ਸਕਦੇ ਹੋ, ਪਰ ਸ਼ਰਤਾਂ ਮੁਤਾਬਿਕ ਇਸ ਲਈ ਆਸਟ੍ਰੇਲੀਆ ਵਿੱਚ ਤੁਹਾਡੇ ਪਰਿਵਾਰ ਵਿੱਚੋਂ ਕੋਈ ਵੀ ਤੁਹਾਡੀ ਦੇਖਭਾਲ ਕਰਨ ਦੇ ਅਯੋਗ ਹੋਣਾ ਚਾਹੀਦਾ ਹੈ ਅਤੇ ਤੁਸੀਂ ਆਸਟ੍ਰੇਲੀਆ ਦੀਆਂ ਸਿਹਤ ਸੇਵਾਵਾਂ ਤੋਂ ਲੋੜੀਂਦੀ ਦੇਖਭਾਲ ਪ੍ਰਾਪਤ ਦੇ ਅਯੋਗ ਹੋਣੇ ਚਾਹੀਦੇ ਹੋ। ਜੇਕਰ ਤੁਸੀਂ ਅਜੇਹੀ ਸਥਿਤੀ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਸੀਂ ਕੇਅਰਰ ਵੀਜ਼ਾ ਸਬ -ਕਲਾਸ 116 ਜਾਂ 836 ਨਾਲ ਆਸਟ੍ਰੇਲੀਆ ਵਿੱਚ ਰਹਿਣ ਲਈ 18 ਸਾਲ ਤੋਂ ਵੱਧ ਉਮਰ ਦੇ ਕਿਸੇ ਰਿਸ਼ਤੇਦਾਰ ਨੂੰ ਸਪਾਂਸਰ ਕਰ ਸਕਦੇ ਹੋ।

ਕੇਅਰਰ ਵੀਜ਼ਾ ਅਰਜ਼ੀਆਂ ਲਈ ਪ੍ਰਕਿਰਿਆ ਦਾ ਸਮਾਂ ਲਗਭਗ 4 ਸਾਲ ਦਾ ਹੁੰਦਾ ਹੈ।

ਜਿਨ੍ਹਾਂ ਦੇ ਰਿਸ਼ਤੇਦਾਰ ਸਿਰਫ ਆਸਟ੍ਰੇਲੀਆ ਵਿੱਚ ਹੀ ਰਹਿੰਦੇ ਹਨ ਉਨ੍ਹਾਂ ਲਈ ਇੱਕ ਏਜਡ ਡੀਪੈਂਡੈਂਟ ਰਿਲੇਟਿਵ ਵੀਜ਼ੇ ਅਤੇ ਰਿਮੇਨਿੰਗ ਰਿਲੇਟਿਵ ਵੀਜ਼ੇ ਦਾ ਵਿਕਲਪ ਵੀ ਮੌਜੂਦ ਹੈ।

ਇਨ੍ਹਾਂ ਵੀਜ਼ਿਆਂ ਲਈ ਅਰਜ਼ੀ ਦੋਵੇਂ ਆਨਸ਼ੋਰ ਅਤੇ ਆਫਸ਼ੋਰ ਜਮ੍ਹਾਂ ਕਰਵਾਈ ਜਾ ਸਕਦੀ ਹੈ। ਹਾਲਾਂਕਿ, ਇਨ੍ਹਾਂ ਅਰਜ਼ੀਆਂ ਦੀ ਪ੍ਰਕਿਰਿਆ ਲਈ ਬਹੁਤ ਲੰਬੇ ਸਮੇਂ ਦੀ ਉਡੀਕ ਕਰਨੀ ਪੈਂਦੀ ਹੈ ਭਾਵ ਕਿ ਬਿਨੈਕਾਰ ਆਸਟ੍ਰੇਲੀਆ ਵਿੱਚ ਸਿਰਫ ਉਦੋਂ ਰਹਿ ਸਕਦੇ ਹਨ ਜਦੋਂ ਉਹ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਇਸ ਵੀਜ਼ੇ ਲਈ ਅਰਜ਼ੀ ਦੇਣ ਦੇ ਫੈਸਲੇ ਦੀ ਉਡੀਕ ਕਰਦੇ ਹੋਣ।

ਇਨ੍ਹਾਂ ਦੋਵਾਂ ਵੀਜ਼ਿਆਂ ਲਈ ਅਰਜ਼ੀਆਂ 'ਤੇ ਫੈਸਲੇ ਲਈ ਮੌਜੂਦਾ ਉਡੀਕ ਦਾ ਸਮਾਂ 50 ਸਾਲਾਂ ਦਾ ਹੈ।

ਇਹ ਪਤਾ ਲਗਾਉਣ ਲਈ ਕਿ ਕਿਹੜਾ ਵੀਜ਼ਾ ਵਿਕਲਪ ਤੁਹਾਡੇ ਹਾਲਾਤਾਂ ਦੇ ਅਨੁਕੂਲ ਹੈ, ਗ੍ਰਹਿ ਵਿਭਾਗ ਦੀ ਵੈਬਸਾਈਟ 'ਤੇ ਜਾਉ ਜਾਂ ਕਿਸੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਨਾਲ ਸੰਪਰਕ ਕਰੋ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share