ਐਮਰਜੈਂਸੀ ਕਮੇਟੀ ਦੀ ਸਿਫਾਰਸ਼ ਉੱਤੇ ਵਿਸ਼ਵ ਸਹਿਤ ਸੰਗਠਨ ਦੇ ਡਾਇਰੈਕਟਰ-ਜਨਰਲ ਵਲੋਂ ਹਰ ਤਿੰਨ ਮਹੀਨਿਆਂ ਬਾਅਦ ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਨੂੰ ਲੈਕੇ ਜਾਣਕਾਰੀ ਦਿੱਤੀ ਜਾਂਦੀ ਹੈ।
ਐਮਰਜੈਂਸੀ ਕਮੇਟੀ ਜਿਸ ਵਿੱਚ ਅੰਤਰਰਾਸ਼ਟਰੀ ਮਾਹਰ ਸ਼ਾਮਲ ਹਨ, ਜਨਵਰੀ 2020 ਵਿੱਚ ਕੋਵਿਡ-19 ਨੂੰ ਮਹਾਂਮਾਰੀ ਘੋਸ਼ਿਤ ਕੀਤੇ ਜਾਣ 'ਤੋਂ ਬਾਅਦ 12 ਵਾਰ ਮੀਟਿੰਗ ਕਰ ਚੁੱਕੀ ਹੈ।
8 ਜੁਲਾਈ 2022 ਨੂੰ ਪਿਛਲੀ ਮੀਟਿੰਗ ਦੌਰਾਨ, ਕਮੇਟੀ ਨੇ ਸਰਬਸੰਮਤੀ ਨਾਲ ਇਸ ਗੱਲ ਨੂੰ ਸਵੀਕਾਰਿਆ ਸੀ ਕਿ ਕੋਵਿਡ-19 ਮਹਾਂਮਾਰੀ ਦਾ ਵਿਸ਼ਵਿਆਪੀ ਆਬਾਦੀ ਨੂੰ ਪ੍ਰਭਾਵਿਤ ਕਰਨਾ ਜਾਰੀ ਹੈ।
ਉਨ੍ਹਾਂ ਇਸ ਗੱਲ ਉੱਤੇ ਵੀ ਸਹਿਮਤੀ ਦਿਖਾਈ ਸੀ ਕਿ ਬਿਮਾਰੀ ਦੇ ਅੰਤਰਰਾਸ਼ਟਰੀ ਪੱਧਰ ‘ਤੇ ਫੈਲਣ ਦਾ ਨਿਰੰਤਰ ਖਤਰਾ ਹੈ ਅਤੇ ਇਸ ਨੂੰ ਲੈ ਕੇ ਇੱਕ ਤਾਲਮੇਲ ਵਾਲੇ ਅੰਤਰਰਾਸ਼ਟਰੀ ਜਵਾਬ ਦੀ ਲੋੜ ਹੈ।
ਵਿਸ਼ਵ ਸਿਹਤ ਸੰਗਠਨ ਦਾ ਫੈਸਲਾ ਆਸਟ੍ਰੇਲੀਆ ਸਮੇਤ 190 ਤੋਂ ਵੱਧ ਹਸਤਾਖਰ ਕਰਨ ਵਾਲੇ ਦੇਸ਼ਾਂ ਉੱਤੇ ਪਾਬੰਦ ਹੈ।
ਨਿਊ ਸਾਊਥ ਵੇਲਜ਼ ਵਿੱਚ ਕਲੀਨਿਕਲ ਪੈਥੋਲਜੀ ਅਤੇ ਮੈਡੀਕਲ ਰਿਸਰਚ ਇੰਸਟੀਟਿਊਟ ਦੇ ਡਾਇਰੈਕਟਰ ਪ੍ਰੋਫੈਸਰ ਸਟੀਫਨ ਲੀ ਦਾ ਕਹਿਣਾ ਹੈ ਕਿ ਲੋਕਾਂ ਦੇ ਵਿਵਹਾਰ, ਆਰਥਿਕ ਪ੍ਰਭਾਵ, ਮੌਤ ਦਰ ਅਤੇ ਰੋਗ-ਗ੍ਰਸਤਤਾ ਵਰਗੇ ਮਾਪਦੰਡਾਂ ਤੋਂ ਮਹਾਂਮਾਰੀ ਦੇ ਪ੍ਰਭਾਵ ਦਾ ਫੈਸਲਾ ਹੁੰਦਾ ਹੈ।

Australia is preparing for a fresh wave from Omicron's two new sub-lineages, BA.5 and BA.4. Source: AAP Image/Joel Carrett
ਪ੍ਰੋਫੈਸਰ ਲੀ ਦਾ ਮੰਨਣਾ ਹੈ ਕਿ “ਹੁਣ ਕੋਈ ਮਹਾਂਮਾਰੀ ਨਹੀਂ ਹੈ” ਵਰਗੀਆਂ ਗੱਲਾਂ ਅਜੇ ਵੀ ਖਿਆਲੀ ਸੋਚ ਦਾ ਹਿੱਸਾ ਹਨ।
ਡਬਲਯੂ.ਐਚ.ਓ. ਅਤੇ ਦੁਨੀਆ ਭਰ ਦੀਆਂ ਰਿਪੋਰਟਾਂ ਤੋਂ ਇਹ ਦੇਖਣ ਨੂੰ ਮਿਲਦਾ ਹੈ ਕਿ ਇਹ ਵਾਇਰਸ ਕਈ ਰੂਪਾਂ ਵਿੱਚ ਪਰਿਵਰਤਿਤ ਹੋਇਆ ਹੈ ਪਰ ਇਸਦਾ ਪ੍ਰਭਾਵ ਕਮਜ਼ੋਰ ਨਹੀਂ ਹੋਇਆ ਅਤੇ ਇਹ ਅਜੇ ਵੀ ਗੰਭੀਰ ਬਿਮਾਰੀ ਅਤੇ ਮੌਤਾਂ ਦਾ ਕਾਰਨ ਬਣ ਰਿਹਾ ਹੈ।
ਮੋਨਾਸ਼ ਯੂਮੀਵਰਸਿਟੀ ਦੇ ਖੋਜਕਰਤਾਵਾਂ ਮੁਤਾਬਕ ਜੂਨ ਅਤੇ ਨਵੰਬਰ 2021 ਦੇ ਵਿਚਕਾਰ ਦੇ ਸਮੇਂ ਵਿੱਚ ਡੈਲਟਾ ਵੈਰੀਅੰਟ ਤੇ ਤੀਜੀ ਲਹਿਰ ਕਾਰਨ ਆਸਟ੍ਰੇਲੀਆ ਵਿੱਚ ਪਿਛਲੀਆਂ ਦੋ ਲਹਿਰਾਂ ਦੇ ਮੁਕਾਬਲੇ ਵੱਧ ਮੌਤਾਂ ਹੋਈਆਂ ਹਨ ਅਤੇ ਹਸਪਤਾਲਾਂ ਅਤੇ ਆਈ.ਸੀ.ਯੂ. ਵਿੱਚ ਭਰਤੀ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿੱਚ ਓਮੀਕਰੋਨ ਦੇ ਦੋ ਨਵੇਂ ਉਪ-ਵੰਸ਼ਾਂ, ਬੀ.ਏ.5 ਅਤੇ ਬੀ.ਏ.4 ਦੇ ਕਾਰਨ ਇੱਕ ਹੋਰ ਨਵੀਂ ਲਹਿਰ ਆਉਣ ਦੀ ਸੰਭਾਵਨਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਨਵੇਂ ਕੇਸਾਂ, ਲਾਗਾਂ, ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਅਤੇ ਮੌਤਾਂ ਵਿੱਚ ਵਾਧਾ ਹੋ ਸਕਦਾ ਹੈ।
ਇਹ ਉਪ-ਵੰਸ਼ ਪਿਛਲੇ ਕੋਵਿਡ-19 ਲਾਗਾਂ ਤੋਂ ਅਲੱਗ ਹਨ ਅਤੇ ਇੰਨ੍ਹਾਂ ਉੱਤੇ ਟੀਕਿਆਂ ਦਾ ਅਸਰ ਵੀ ਘੱਟ ਹੋ ਸਕਦਾ ਹੈ। ਕੁੱਝ ਥਾਵਾਂ ‘ਤੇ ਪਹਿਲਾਂ ਹੀ ਕੋਵਿਡ ਦੇ ਇਨ੍ਹਾਂ ਰੂਪਾਂ ਕਾਰਨ ਹਸਪਤਾਲਾਂ ਅਤੇ ਆਈ.ਸੀ.ਯੂ. ਦੀਆਂ ਭਰਤੀਆਂ ਵਿੱਚ ਵਾਧਾ ਹੋ ਗਿਆ ਹੈ।
ਮਹਾਂਮਾਰੀ ਖਤਮ ਨਹੀਂ ਹੋਈ ਹੈ
ਵਿਸ਼ਵ ਸਿਹਤ ਸੰਗਠਨ ਦੀ ਕੋਵਿਡ-19 ਦੀ ਤਕਨੀਕੀ ਲੀਡ, ਡਾ. ਮਾਰੀਆ ਵੈਨ ਕੇਰਕੋਵ ਦਾ ਕਹਿਣਾ ਹੈ ਕਿ ਮਹਾਂਮਾਰੀ ਅਜੇ ਖਤਮ ਨਹੀਂ ਹੋਈ ਹੈ।
ਡਾਕਟਰ ਵੈਨ ਕੇਰਕੋਵ ਦਾ ਕਹਿਣਾ ਹੈ ਕਿ ਸਾਧਨ ਉਪਲੱਬਧ ਹੋਣ ਦੇ ਬਾਵਜੂਦ ਵਾਇਰਸ ਦੇ ਮੌਜੂਦਾ ਰੂਪਾਂ ਕਾਰਨ ਬਹੁਤ ਜ਼ਿਆਦਾ ਮੌਤਾਂ ਹੋਣਾ ਅਸਵੀਕਾਰਨਯੋਗ ਹੈ।
ਧਿਆਨਯੋਗ ਹੈ ਕਿ 31 ਦਸੰਬਰ 2019 ਨੂੰ ਚੀਨ ਦੇ ਵੁਹਾਨ ਵਿੱਚ ਕੋਵਿਡ-19 ਦੇ ਪਹਿਲੇ ਕੇਸ ਦਾ ਪਤਾ ਲੱਗਣ ਤੋਂ ਬਾਅਦ ਸਿਹਤ ਅਧਿਕਾਰੀ ਅਤੇ ਡਰੱਗ ਨਿਰਮਾਤਾ ਵਿਸ਼ਵ ਪੱਧਰ ਉੱਤੇ ਤਰੱਕੀ ਕਰ ਰਹੇ ਹਨ।
ਓਰਲ ਥੈਰੇਪਿਊਟਿਕਸ ਜਿਵੇਂ ਕਿ ਪੈਕਸਲੋਵਿਡ ਅਤੇ ਮੋਲਨੂਪੀਰਾਵੀਰ ਨੇ ਕੋਵਿਡ-19 ਵਾਲੇ ਲੋਕਾਂ ਵਿੱਚ ਗੰਭੀਰ ਬਿਮਾਰੀਆਂ ਅਤੇ ਮੌਤਾਂ ਨੂੰ ਰੋਕਣ ਵਿੱਚ ਸ਼ਾਨਦਾਰ ਨਤੀਜੇ ਦਿਖਾਏ ਹਨ।
ਐਡੀਲੇਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਓਮਿਕਰੋਨ ਅਤੇ ਭਵਿੱਖ ਦੇ ਰੂਪਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਟੀਕੇ ਲਈ ਮਨੁੱਖੀ ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ। ਫਾਈਜ਼ਰ ਅਤੇ ਮੋਡਰਨਾ ਵਰਗੀਆਂ ਦਵਾਈਆਂ ਦੀਆਂ ਪ੍ਰਮੁੱਖ ਕੰਪਨੀਆਂ ਵੀ ਇਸੇ ਤਰ੍ਹਾਂ ਦੇ ਟੀਕੇ ਵਿਕਸਿਤ ਕਰ ਰਹੀਆਂ ਹਨ।
ਉੱਚ ਜੋਖਮ ਵਾਲੇ ਵਿਅਕਤੀਆਂ ਲਈ ਸਾਲਾਨਾ ਕੋਵਿਡ-19 ਟੀਕੇ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ।
ਪ੍ਰੋਫੈਸਰ ਲੀ ਦਾ ਕਹਿਣਾ ਹੈ ਕਿ ਦਰਜਨਾਂ ਸਮੂਹਾਂ ਵਲੋਂ ਨੱਕ ਰਾਹੀਂ ਸਪਰੇਅ ਦੇ ਜ਼ਰੀਏ ਵੈਕਸੀਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਸਮੇਂ ਦੇ ਨਾਲ ਨਾਲ ਕੋਵਿਡ-19 ਮਹਾਂਮਾਰੀ ਤੋਂ ਇੱਕ ਸਾਧਾਰਣ ਬਿਮਾਰੀ ਵਿੱਚ ਤਬਦੀਲ ਹੋ ਜਾਵੇਗਾ।
ਪਰ ਵਿਸ਼ਵ ਸਿਹਤ ਸੰਗਠਨ ਦੇ ਸਿਹਤ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਮਾਈਕ ਰਿਆਨ ਨੇ ਚੇਤਾਵਨੀ ਦਿੱਤੀ ਹੈ ਕਿ ਸਾਧਾਰਣ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਸਮੱਸਿਆ ਖਤਮ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਸਿਰਫ ਮਹਾਂਮਾਰੀ ਤੋਂ ਆਮ ਬਿਮਾਰੀ ਵਿੱਚ ਨਾਮ ਹੀ ਬਦਲੇਗਾ।
ਸਿਹਤ ਅਧਿਕਾਰੀ ਪਹਿਲਾਂ ਹੀ ਕੋਵਿਡ ਦੇ ਲੰਬੇ ਪ੍ਰਭਾਵਾਂ ਨੂੰ ਲੈ ਕੇ ਚਿੰਤਤ ਹਨ, ਜਿਸਨੂੰ ਲੰਬੇ ਸਮੇਂ ਦਾ ਕੋਵਿਡ ਅਤੇ ਪੋਸਟ ਕੋਵਿਡ-19 ਵੀ ਕਿਹਾ ਜਾਂਦਾ ਹੈ।
'ਲੌਂਗ -ਕੋਵਿਡ' ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਆਮ ਤੌਰ ਉੱਤੇ ਸੰਭਾਵਿਤ ਜਾਂ ਪੁਸ਼ਟੀ ਕੀਤੀ ਸਾਰਸ ਕੋਵ-2 ਲਾਗ ਵਾਲੇ ਵਿਅਕਤੀਆਂ ਵਿੱਚ ਲਾਗ ਦੀ ਸ਼ੁਰੂਆਤ ਤੋਂ ਤਿੰਨ ਮਹੀਨਿਆਂ ਬਾਅਦ ਤੱਕ ਲੱਛਣ ਰਹਿੰਦੇ ਹਨ।
ਐਨ.ਆਈ.ਸੀ.ਐਮ. ਹੈਲਥ ਰਿਸਰਚ ਇੰਸਟੀਟਿਊਚ ਤੋਂ ਪ੍ਰੋਫੈਸਰ ਡੈਨਫੋਰਮ ਲਿਮ ਦਾ ਕਹਿਣਾ ਹੈ ਕਿ ਆਈਸੋਲੇਸ਼ਨ, ਆਰਥਿਕ ਨੁਕਸਾਨ ਅਤੇ ਪਹੁੰਚ ਦੀ ਘਾਟ ਵਰਗੇ ਮੁੱਦਿਆਂ ਨਾਲ ਕੋਵਿਡ-19 ਦੇਖਭਾਲ ਦੀਆਂ ਮੁਸ਼ਕਿਲਾਂ ਹੋਰ ਵੱਧ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਕਮਜ਼ੋਰ ਲੋਕਾਂ ਲਈ ਮਹਾਂਮਾਰੀ ਕਦੇ ਖਤਮ ਨਹੀਂ ਹੁੰਦੀ।
ਉਹ ਆਮ ਆਬਾਦੀ ਦੇ ਝੁੰਡ ਪ੍ਰਤੀਰੋਧ ਲਾਈਨ ਨੂੰ ਪਾਸ ਕਰਨ ਤੋਂ ਬਾਅਦ ਲੰਬੇ ਸਮੇਂ ਤੱਕ ਬਿਮਾਰ ਹੋ ਸਕਦੇ ਹਨ।
ਜੇਕਰ ਤੁਹਾਨੂੰ ਹੇਠ ਲਿਖੇ ਲੱਛਣਾਂ ਵਿੱਚੋਂ ਕੋਈ ਵੀ ਹੈ, ਤਾਂ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ 000 'ਤੇ ਕਾਲ ਕਰੋ ਅਤੇ ਫ਼ੋਨ ਓਪਰੇਟਰ ਨੂੰ ਇਹ ਦੱਸੋ ਕਿ ਤੁਹਾਨੂੰ ਪਹਿਲਾਂ ਵੀ ਕੋਵਿਡ-19 ਹੋ ਚੁੱਕਾ ਹੈ ਜਾਂ ਨਹੀਂ।
• ਸਾਹ ਦੀ ਗੰਭੀਰ ਤਕਲੀਫ ਜਾਂ ਸਾਹ ਲੈਣ ਵਿੱਚ ਮੁਸ਼ਕਿਲ
• ਛਾਤੀ ਵਿੱਚ ਗੰਭੀਰ ਦਰਦ ਜਾਂ ਦਬਾਅ
• ਨਵਾਂ ਜਾਂ ਵਾਪਸ ਆਉਣ ਵਾਲਾ ਬੁਖਾਰ
• ਧਿਆਨ ਕੇਂਦਰਿਤ ਕਰਨ ਦੀ ਵਿਗੜਦੀ ਸਮਰੱਥਾ ਅਤੇ ਉਲਝਣ ਵਧਣਾ
• ਜਾਗਣ ਵਿੱਚ ਮੁਸ਼ਕਲ
ਜੇ ਤੁਸੀਂ ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਹੋਰ ਲੱਛਣਾਂ ਦਾ ਅਨੁਭਵ ਕਰਦੇ ਹੋ, ਤਾਂ ਆਪਣੇ ਜੀ.ਪੀ. ਜਾਂ ਹੋਰ ਸਿਹਤ ਪ੍ਰਦਾਤਾ ਨਾਲ ਸੰਪਰਕ ਕਰੋ।
ਐਸ.ਬੀ.ਐਸ. ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਭਾਈਚਾਰਿਆਂ ਨੂੰ ਸਾਰੇ ਕੋਵਿਡ-19 ਅੱਪਡੇਟ ਪ੍ਰਦਾਨ ਕਰਨ ਲਈ ਵਚਨਬੱਧ ਹੈ। ਸੁਰੱਖਿਅਤ ਰਹੋ ਅਤੇ ਨਿਯਮਿਤ ਤੌਰ 'ਤੇ 'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਦੀ ਸਾਰੀ ਜਾਣਕਾਰੀ ਪੜ੍ਹੋ।