ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਵਿੱਚ ਰਹਿੰਦੇ ਭਾਰਤੀ ਪਰਵਾਸੀ ਅਵਤਾਰ ਦੀ ਹੋਮ ਅਫੇਯਰ ਵਿਭਾਗ ਦੇ ਨਾਲ ਪਿਛਲੇ 7 ਸਾਲਾਂ ਤੋਂ ਕਾਨੂੰਨੀ ਲੜਾਈ ਜਾਰੀ ਹੈ। ਦੇਸ਼ ਦੀ ਸਭ ਤੋਂ ਉੱਚੀ ਅਦਾਲਤ, ਹਾਈ ਕੋਰਟ ਓਫ ਆਸਟ੍ਰੇਲੀਆ ਨੇ ਇੱਕ ਮਾਮਲੇ ਵਿੱਚ ਅਵਤਾਰ ਸਿੰਘ ਦੇ ਪੱਖ ਦਾ ਫੈਸਲਾ ਅਗਸਤ 2017 ਵਿੱਚ ਕਰ ਦਿੱਤਾ ਸੀ। ਪਰੰਤੂ ਵੀਜ਼ੇ ਲਈ ਉਸਦੀ ਲੜਾਈ ਅਜੇ ਖਤਮ ਨਹੀਂ ਹੋਈ।
ਸਾਲ 2005 ਵਿੱਚ ਬਤੌਰ ਵਿਦੇਸ਼ੀ ਵਿਦਿਆਰਥੀ ਆਸਟ੍ਰੇਲੀਆ ਆਏ ਅਵਤਾਰ ਨੇ ਸਾਲ 2009 ਵਿੱਚ ਮੋਟਰ ਮੈਕੇਨਿਕ ਦੇ ਤੌਰ ਤੇ ਅਰਜ਼ੀ ਸਕਿਲਡ ਵੀਜ਼ਾ ਲਈ ਅਪਲਾਈ ਕੀਤਾ ਸੀ। ਪਰੰਤੂ, ਉਸ ਵੇਲੇ ਇਮੀਗ੍ਰੇਸ਼ਨ ਵਿਭਾਗ ਨੇ ਉਸਦੇ ਵੱਲੋਂ 900 ਘੰਟੇ ਦੇ ਵਰਕ ਐਕਸਪੀਰੀਐਂਸ ਨੂੰ ਫ਼ਰਜ਼ੀ ਦੱਸਦਿਆਂ ਸਾਲ 2012 ਵਿੱਚ ਉਸਦੀ ਅਰਜੀ ਨੂੰ ਨਾਮੰਜ਼ੂਰ ਕਰ ਦਿੱਤਾ।
ਇਸ ਮਗਰੋਂ ਅਵਤਾਰ ਵੱਲੋਂ ਵਿਭਾਗ ਦੇ ਇਸ ਫੈਸਲੇ ਨੂੰ ਟ੍ਰਾਈਬਯੂਨਲ ਵਿੱਚ ਦਿੱਤੀ ਚੁਣੌਤੀ ਵੀ ਨਾਕਾਮ ਰਹੀ।
ਅਵਤਾਰ ਮੁਤਾਬਿਕ, ਟ੍ਰਾਈਬਯੂਨਲ ਵਿੱਚ ਸੁਣਵਾਈ ਦੌਰਾਨ ਵਿਭਾਗ ਨੇ ਅਜਿਹਾ ਕੋਈ ਸਬੂਤ ਉਸਦੇ ਸਾਹਮਣੇ ਨਹੀਂ ਪੇਸ਼ ਕੀਤਾ ਜੋ ਕਿ ਇਹ ਦਰਸ਼ਾਉਂਦਾ ਹੋਵੇ ਕਿ ਉਸਦਾ ਵਰਕ ਐਕਸਪੀਰੀਐਂਸ ਫ਼ਰਜ਼ੀ ਸੀ। ਅਸਲ ਵਿੱਚ ਇਮੀਗ੍ਰੇਸ਼ਨ ਵਿਭਾਗ ਨੇ ਇੱਕ ਸਰਟੀਫਿਕੇਟ ਟ੍ਰਾਈਬਯੂਨਲ ਨੂੰ ਦਿੱਤਾ ਜਿਸ ਮੁਤਾਬਿਕ ਇਹ ਸਬੂਤ ਅਵਤਾਰ ਨੂੰ ਨਹੀਂ ਦਿਖਾਏ ਜਾ ਸਕਦੇ ਸਨ।
ਅਵਤਾਰ ਸਿੰਘ ਨੇ ਟ੍ਰਾਈਬਯੂਨਲ ਦੇ ਫੈਸਲੇ ਦੇ ਖਿਲਾਫ ਫੈਡਰਲ ਸਰਕਟ ਕੋਰਟ ਵਿੱਚ ਅਪੀਲ ਕੀਤੀ। ਅਦਾਲਤ ਨੇ ਟ੍ਰਾਈਬਯੂਨਲ ਦੇ ਫੈਸਲੇ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਅਵਰਤ ਸਿੰਘ ਨੂੰ ਉਸਦੇ ਵਿਰੁਧ ਸਬੂਤ ਦੀ ਜਾਣਕਾਰੀ ਨਾ ਦੇ ਕੇ ਉਸਨੂੰ ਆਪਣੇ ਬਚਾਅ ਦੇ ਮੌਕੇ ਤੋਂ ਵਾਂਝਾ ਕੀਤਾ ਗਿਆ।
ਫੈਡਰਲ ਕੋਰਟ ਦੇ ਫੁਲ ਬੇਂਚ ਅਤੇ ਉਸ ਮਗਰੋਂ 2017 ਅਗਸਤ ਵਿੱਚ ਹਾਈ ਕੋਰਟ ਨੇ ਵੀ ਇਸੇ ਫੈਸਲੇ ਨੂੰ ਬਰਕਰਾਰ ਰੱਖਿਆ। ਅਦਾਲਤ ਵੱਲੋਂ ਟ੍ਰਾਈਬਯੂਨਲ ਨੂੰ ਮੁੜ ਇਸ ਫੈਸਲੇ ਤੇ ਕਾਨੂੰਨ ਅਨੁਸਾਰ ਫੈਸਲਾ ਕਰਨ ਨੂੰ ਕਿਹਾ ਗਿਆ।
ਅਵਤਾਰ ਦਾ ਕਹਿਣਾ ਹੈ ਕਿ ਉਸਨੇ ਕੁੱਝ ਸਮੇਂ ਪਹਿਲਾਂ ਟ੍ਰਾਈਬਯੂਨਲ ਨੂੰ ਸੰਪਰਕ ਕੀਤਾ ਸੀ ਪਰੰਤੂ ਉਸਨੂੰ ਕਿਹਾ ਗਿਆ ਕਿ ਉਸਨੂੰ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ।
ਉਸਦਾ ਕਹਿਣਾ ਹੈ ਕਿ ਉਸਦੇ ਵੀਜ਼ੇ ਦੀ ਅਨਿਸ਼ਚਿਤਤਾ ਕਾਰਨ ਉਸਦੇ ਨਿੱਜੀ ਜੀਵਨ ਤੇ ਬੜਾ ਮਾੜਾ ਅਸਰ ਹੋਇਆ ਹੈ।
"ਸਭ ਤੋਂ ਵੱਡਾ ਅਸਰ ਤਾਂ ਇਹ ਹੈ ਕਿ ਮੇਰਾ ਵਿਆਹ ਇਸ ਦੇ ਕਾਰਨ ਟੁੱਟ ਗਿਆ। ਮੇਰੀ ਪਤਨੀ ਜਦੋਂ ਆਸਟ੍ਰੇਲੀਆ ਆਈ ਤਾਂ ਮੈਂ ਟੀ ਆਰ ਤੇ ਸੀ। ਮੁਕੇ ਮੇਰਾ ਵੀਸਾ ਰਿਫਊਜ਼ ਕਰ ਦਿੱਤਾ ਤੇ ਮੈਂ ਬ੍ਰਿਜਿੰਗ ਵੀਜ਼ੇ ਤੇ ਚਲਾ ਗਿਆ ਤੇ ਮੇਰੀ ਪਤਨੀ ਨੂੰ ਵਾਪਿਸ ਭਾਰਤ ਜਾਣਾ ਪਿਆ। ਮੇਰੇ ਸਹੁਰੇ ਪਰਿਵਾਰ ਨੂੰ ਲੱਗਿਆ ਕਿ ਮੈਂ ਓਹਨਾ ਨਾਲ ਧੋਖਾ ਕੀਤਾ ਹੈ। ਬੱਸ ਫੇਰ ਕੁੜੱਤਣ ਵਧਦੇ ਵਧਦੇ ਗੱਲ ਤਲਾਕ ਤੇ ਜਾ ਪੁੱਜੀ। "
ਅਵਤਾਰ ਦਾ ਕਹਿਣਾ ਹੈ ਕਿ ਇਸ ਦਾ ਉਸਦੀ ਮਾਸਿਕ ਹਾਲਤ ਤੇ ਵੀ ਗਹਿਰਾ ਅਸਰ ਹੈ।
"ਮੇਰੇ ਨਾਲ ਦੇ ਸਾਰੇ ਮਿੱਤਰ ਦੋਸਤ ਪੱਕੇ ਹੋ ਚੁੱਕੇ ਹਨ। ਓਹਨਾ ਦੇ ਪਰਿਵਾਰ ਹਨ, ਬੱਚੇ ਹਨ। ਮੈਂ ਓਹਨਾ ਵਿੱਚ ਹੁਣ ਫਿੱਟ ਨਹੀਂ ਹੁੰਦਾ। ਇਥੋਂ ਤੱਕ ਕਿ ਮੈਂ ਆਪਣੇ ਮਾਪਿਆਂ ਨੂੰ ਵੀ ਫੋਨ ਨਹੀਂ ਕਰਦਾ ਕਿਓਂਕਿ ਉਹ ਮੈਨੂੰ ਪੁੱਛਦੇ ਹਨ ਕਿ 'ਕਾਕਾ ਤੂੰ ਪੱਕਾ ਕਿਓਂ ਨਹੀਂ ਹੋਇਆ, ਤੇਰਾ ਵਿਆਹ ਵੀ ਕਰਨਾ ਹੈ'. ਪਰ ਮੇਰੇ ਕੋਲ ਉਹਨਾਂ ਦੇ ਇਹਨਾਂ ਸੁਆਲਾਂ ਦਾ ਕੋਈ ਜਵਾਬ ਨਹੀਂ ਹੈ। "