40 ਸਾਲਾ ਦੇ ਭਾਰਤੀ ਮੂਲ ਦੇ ਇੱਕ ਵਿਅਕਤੀ ਦੀ ਆਪਣੀ ਦੋ ਸਾਲਾ ਦੀ ਬੱਚੀ ਸਮੇਤ ਉਸ ਸਮੇਂ ਦਰਦਨਾਕ ਮੌਤ ਹੋ ਗਈ ਜਦੋਂ ਉਹ ਆਪਣੀਆਂ ਦੋਵੇਂ ਬੱਚੀਆਂ ਦੀ ਜਾਨ ਬਚਾਉਣ ਲਈ ਰੇਲ ਲਾਈਨ ਤੇ ਕੁੱਦ ਗਿਆ ਸੀ, ਜਦੋਂ ਤੇਜ਼ ਹਵਾਵਾਂ ਦੇ ਵੇਗ ਨੇ ਉਸ ਦੀਆਂ ਦੋ ਜੁੜਵਾਂ ਬੱਚੀਆਂ ਵਾਲੀ ਪਰੈਮ ਨੂੰ ਅਚਾਨਕ ਰੇਲ ਲਾਈਨ ਵੱਲ ਧੱਕ ਦਿੱਤਾ।
ਹਾਦਸੇ ਦੌਰਾਨ ਇੱਕ ਬੱਚੀ ਲਾਈਨਾਂ ਦੇ ਐਨ ਵਿਚਕਾਰ ਡਿੱਗ ਪਈ ਅਤੇ ਕਿਸਮਤ ਨੇ ਉਸ ਨੂੰ ਵਾਲ ਵਾਲ ਬਚਾ ਲਿਆ।
ਪਰ ਦੂਜੀ ਬੱਚੀ ਅਤੇ ਉਸ ਦਾ ਪਿਤਾ ਜੋ ਕਿ ਉਹਨਾਂ ਨੂੰ ਬਚਾਉਣ ਲਈ ਪਲੇਟਫਾਰਮ ਤੋਂ ਰੇਲਲਾਈਨ 'ਤੇ ਇਹ ਸੋਚ ਕੇ ਛਾਲ ਮਾਰ ਗਿਆ ਕਿ ਕਿਸੇ ਨਾ ਕਿਸੇ ਤਰਾਂ ਉਹ ਆਪਣੀਆਂ ਬੱਚੀਆਂ ਨੂੰ ਬਚਾ ਸਕੇ।
ਪਰ ਐਨ ਉਸੀਂ ਸਮੇਂ ਰੇਲਗੱਡੀ ਦਾ ਸਮਾਂ ਵੀ ਸਟੇਸ਼ਨ ਤੇ ਪਹੁੰਚਣ ਦਾ ਹੋ ਚੁਕਿਆ ਹੋਣ ਕਾਰਨ, ਪਿਤਾ ਅਤੇ ਉਸ ਦੀ ਇੱਕ ਬੱਚੀ ਰੇਲ ਦੀ ਲਪੇਟ ਵਿੱਚ ਆ ਗਏ ਅਤੇ ਆਪਣੀ ਜਾਨ ਤੋਂ ਹੱਥ ਧੋ ਬੈਠੇ।
ਮੀਡੀਆ ਵਿੱਚ ਆਏ ਪੁਲਿਸ ਬਿਆਨਾਂ ਅਨੁਸਾਰ ਪੀੜਤ ਪਰਿਵਾਰ ਲਿਫਟ ਦੁਆਰਾ ਪਲੇਟਫਾਰਮ ਤੇ ਪੁੱਜਿਆ ਸੀ ਅਤੇ ਆਪਣੀ ਬੱਚੀਆਂ ਵਾਲੀ ਪਰੈਮ ਤੋਂ ਸਿਰਫ ਕੁੱਝ ਛਿਣਾ ਲਈ ਹੀ ਹੱਥ ਚੁੱਕਿਆ ਸੀ।
ਐਨ ਐਸ ਡਬਲਿਊ ਦੇ ਪੁਲਿਸ ਸੁਪਰਿਟੇਂਡੈਂਟ ਪੌਲ ਡਨਸਟਨ ਅਨੁਸਾਰ ਪਿਤਾ ਵਲੋਂ ਆਪਣੀਆਂ ਬੇਟੀਆਂ ਦੀ ਜਾਨ ਬਚਾਉਣ ਲਈ ਲਾਈ ਇਹ ਬਾਜ਼ੀ ਬੇਹੱਦ ਬਹਾਦਰੀ ਅਤੇ ਪ੍ਰਸ਼ੰਸਾ ਭਰਪੂਰ ਹੈ।
"ਇੱਕ ਪਿਤਾ ਹੋਣ ਦੇ ਨਾਤੇ ਉਹ ਬਿਨਾਂ ਕੁੱਝ ਸੋਚਿਆਂ ਪਲੇਟਫਾਰਮ ਤੇ ਕੁੱਦ ਗਿਆ ਸੀ।"
ਐਨ ਐਸ ਡਬਲਿਊ ਦੇ ਪ੍ਰੀਮੀਅਰ ਕ੍ਰਿਸ ਮਿਨਸ ਨੇ ਸਾਰੇ ਭਾਰਤੀ ਭਾਈਚਾਰੇ ਜਿਸ ਨਾਲ ਇਹ ਪਰਿਵਾਰ ਸਬੰਧਤ ਸੀ, ਦੁੱਖ ਸਾਂਝਾ ਕੀਤਾ ਹੈ।
"ਮੈਨੂੰ ਉਮੀਦ ਹੈ ਕਿ ਇਸ ਅਚਾਨਕ ਅਤੇ ਅਸਾਧਾਰਣ ਸਮੇਂ ਇੱਕ ਪਿਤਾ ਵਲੋਂ ਕੀਤੇ ਸੁਭਾਵਕ ਅਤੇ ਬਹਾਦਰੀ ਭਰੇ ਕਾਰਨਾਮੇ ਤੋਂ ਥੋੜਾ ਦਿਲਾਸਾ ਪ੍ਰਾਪਤ ਕੀਤਾ ਜਾ ਸਕਦਾ ਹੈ।"

ਸਿਡਨੀ ਦੇ ਕਾਰਲਟਨ ਰੇਲਵੇ ਸਟੇਸ਼ਨ 'ਤੇ ਦੋ ਸਾਲਾ ਲੜਕੀ ਅਤੇ 40 ਸਾਲਾ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸਿਡਨੀ ਟਰੇਨਸ ਦੇ ਮੁੱਖ ਅਧਿਕਾਰੀ ਮੈਟ ਲੌਂਗਲੈਂਡ ਦਾ ਕਹਿਣਾ ਹੈ ਕਿ ਇਹੋ ਜਿਹੇ ਹਾਦਸੇ ਬਹੁਤ ਘੱਟ ਹੁੰਦੇ ਹਨ ਪਰ ਇਹਨਾਂ ਨਾਲ ਅਸਿਹ ਦੁੱਖ ਪਹੁੰਚਦਾ ਹੈ।
ਉਨ੍ਹਾਂ ਕਿਹਾ, "ਪੁਲਿਸ ਵਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਨੂੰ ਮਾਮਲੇ ਦੀ ਤਹਿ ਤੱਕ ਪਹੁੰਚਣ ਵਿੱਚ ਕੁੱਝ ਸਮਾਂ ਲੱਗ ਸਕਦਾ ਹੈ।"
"ਅਸੀਂ ਆਪਣੇ ਵੱਲੋਂ ਸਾਰੀ ਜਾਣਕਾਰੀ ਪੁਲਿਸ ਨੂੰ ਪ੍ਰਦਾਨ ਕਰ ਦਿੱਤੀ ਹੈ।"
ਪੁਲਿਸ ਵਲੋਂ ਦਿੱਤੇ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ ਇਹ ਹਾਦਸਾ ਸ਼ੱਕੀ ਨਹੀਂ ਹੈ।
ਕੋਰੋਨਰ ਵਾਸਤੇ ਇੱਕ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।