ਆਕਲੈਂਡ ਵਿੱਚ ਤਿੰਨ ਨਵੇਂ ਕੋਵਿਡ-19 ਦੇ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਤੋਂ ਆਉਣ ਵਾਲੇ ਲੋਕਾਂ ਲਈ 14 ਦਿਨਾਂ ਦਾ ਕੁਆਰੰਟੀਨ ਲਾਜ਼ਮੀ ਕਰ ਦਿੱਤਾ ਹੈ।
ਐਤਵਾਰ ਰਾਤ ਨੂੰ ਇੱਕ ਅਹਿਮ ਬੈਠਕ ਵਿੱਚ ਆਸਟ੍ਰੇਲੀਆ ਦੇ ਡਾਕਟਰੀ ਮਾਹਰਾਂ ਨੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਤਿੰਨ ਦਿਨਾਂ ਦੇ ਸ਼ੁਰੂਆਤੀ ਸਮੇਂ ਲਈ ਨਿਊਜ਼ੀਲੈਂਡ ਨੂੰ ਰੈਡ ਜ਼ੋਨ ਐਲਾਨ ਦਿੱਤਾ ਹੈ।
ਸਿਹਤ ਵਿਭਾਗ ਦੀ ਵੈਬਸਾਈਟ 'ਤੇ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਤਿੰਨ ਦਿਨਾਂ ਵਿੱਚ ਆਉਣ ਵਾਲੀਆਂ ਉਡਾਣਾਂ' ਰਾਹੀਂ ਪਹੁੰਚਣ ਵਾਲੇ ਸਾਰੇ ਯਾਤਰੀਆਂ ਨੂੰ 14 ਦਿਨਾਂ ਲਈ ਕੁਆਰੰਟੀਨ ਕਰਨ ਦੀ ਜ਼ਰੂਰਤ ਹੋਵੇਗੀ।
ਇਸ ਦੌਰਾਨ ਸਾਰੇ ਰਾਜਾਂ ਦੇ ਸੰਬੰਧਤ ਵਿਭਾਗ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਲਈ ਜੁਟੇ ਹੋਏ ਹਨ ਜੋ ਹਾਲ ਹੀ ਵਿੱਚ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਆਏ ਹਨ ਤਾਂ ਕਿ ਕਰੋਨਾਵਾਇਰਸ ਦੇ ਸੰਭਾਵੀ ਪਸਾਰੇ ਦੇ ਜੋਖਮ ਦਾ ਜਾਇਜ਼ਾ ਲਿਆ ਜਾ ਸਕੇ।
ਇਕ ਆਕਲੈਂਡ ਦੇ ਪਰਵਾਰ ਵਿੱਚ ਤਿੰਨ ਕੋਵਿਡ ਮਾਮਲਿਆਂ ਦੇ ਸਾਹਮਣੇ ਆਉਣ ਕਾਰਣ 1.6 ਮਿਲੀਅਨ ਨਿਊਜ਼ੀਲੈਂਡ ਵਾਸੀਆਂ ਨੂੰ ਬੁੱਧਵਾਰ ਅੱਧੀ ਰਾਤ ਤੱਕ ਤਾਲਾਬੰਦੀ ਵਿੱਚ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਪਿਛਲੇ ਸਾਲ ਦੇਸ਼-ਵਿਆਪੀ 51 ਦਿਨਾਂ ਤੋਂ ਵੀ ਜ਼ਿਆਦਾ ਸਖ਼ਤ ਤਾਲਾਬੰਦੀ ਤੋਂ ਬਾਅਦ ਇਹ ਲੌਕਡਾਉਨ ਦੂਜਾ ਮੌਕਾ ਹੈ ਜਦੋਂ ਵਾਇਰਸ ਨੂੰ ਰੋਕਣ ਲਈ ਆਕਲੈਂਡ ਪ੍ਰਸ਼ਾਸਨ ਵਲੋਂ ਇਹ ਐਮਰਜੈਂਸੀ ਕਦਮ ਚੁੱਕੇ ਜਾ ਰਹੇ ਹਨ।
ਨਿਊਜ਼ੀਲੈਂਡ ਦੇ ਬਾਕੀ ਹਿਸੇ ਨੂੰ ਅਲਰਟ ਦੇ ਦੂਜੇ ਪੱਧਰ 'ਤੇ ਰੱਖਿਆ ਗਿਆ ਹੈ ਜਿਸ ਅਧੀਨ ਲਾਜ਼ਮੀ ਸਮਾਜਕ ਦੂਰੀ ਕਾਇਮ ਰੱਖਣਾ, ਇਕੱਠ ਕਰਨ 'ਤੇ ਪਬੰਦੀਆਂ ਅਤੇ ਲਾਜ਼ਮੀ ਮਾਸਕ ਪਹਿਨਣਾ ਸ਼ਾਮਲ ਹੈ।
ਸਰਕਾਰ ਵਲੋਂ ਇਹ ਅਜੇ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਤਾਲਾਬੰਦੀ ਨੂੰ ਬੁੱਧਵਾਰ ਤੋਂ ਵੀ ਅੱਗੇ ਵਧਾਇਆ ਜਾਵੇਗਾ ਜਾਂ ਨਹੀਂ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ