ਸਰਕਾਰੀ ਪ੍ਰੋਤਸਾਹਨ ਅਤੇ ਰਿਕਾਰਡ ਘੱਟ ਵਿਆਜ ਦਰਾਂ ਦੇ ਚਲਦਿਆਂ ਰਿਹਾਇਸ਼ੀ ਜਾਇਦਾਦਾਂ ਦੀ ਮੰਗ ਵਿੱਚ ਵੱਡਾ ਵਾਧਾ ਹੋਇਆ ਹੈ ਜਿਸ ਕਾਰਨ ਘਰਾਂ ਦੀਆਂ ਕੀਮਤਾਂ ਵਿਚ ਵੀ ਇੱਕ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ।
ਮੈਲਬੌਰਨ ਯੂਨੀਵਰਸਿਟੀ ਤੋਂ ਫਾਇਨਾਂਸ ਦੇ ਪ੍ਰੋਫੈਸਰ ਕੇਵਿਨ ਡੇਵਿਸ ਨੇ ਉੱਚੀਆਂ ਕੀਮਤਾਂ ਦੇ ਬਾਵਜੂਦ ਜਾਇਦਾਦਾਂ ਦੀ ਬੇਮਿਸਾਲ ਮੰਗ ਦੀ ਵਿਆਖਿਆ ਕੀਤੀ ਹੈ।
ਫੈਡਰਲ ਸਰਕਾਰ ਦੀ ਹੋਮ ਬਿਲਡਰ ਗ੍ਰਾਂਟ ਸਕੀਮ ਅਤੇ ਰਿਕਾਰਡ-ਘੱਟ ਵਿਆਜ ਦਰ ਨੂੰ ਕੋਵੀਡ -19 ਮਹਾਂਮਾਰੀ ਦੌਰਾਨ ਘਰਾਂ ਦੀਆਂ ਕੀਮਤਾਂ ਦੀ ਮੁਢਲੀ ਗਿਰਾਵਟ ਤੋਂ ਬਾਅਦ ਹਾਊਸਿੰਗ ਮਾਰਕੀਟ ਵਿੱਚ ਵੱਧ ਰਹੀ ਖਰੀਦਦਾਰਾਂ ਦੀ ਦਿਲਚਸਪੀ ਵਿੱਚ ਵੱਡਾ ਯੋਗਦਾਨ ਮੰਨਿਆ ਜਾ ਰਿਹਾ ਹੈ।
ਜਦੋਂ ਕੋਈ ਆਪਣੇ ਸੁਪਨੇ ਦੇ ਘਰ ਨੂੰ ਸੁਰੱਖਿਅਤ ਕਰਨ ਦੀ ਦੌੜ ਵਿਚ ਫਸ ਜਾਂਦਾ ਹੈ ਤਾਂ ਜਾਇਦਾਦਾਂ ਦੇ ਨਾਲ ਜੁੜੀਆਂ ਕੁਝ ਗੰਭੀਰ ਸਮੱਸਿਆਵਾਂ ਦਾ ਨਜ਼ਰਅੰਦਾਜ਼ ਹੋਣਾ ਆਮ ਗੱਲ ਹੈ।
ਕੁਝ ਸਥਾਪਤ ਘਰਾਂ ਵਿੱਚ ਢਾਂਚਾਗਤ ਨੁਕਸਾਨ, ਜੰਗਾਲੀਆਂ ਫਿਟਿੰਗਜ਼ ਅਤੇ ਮਾੜੇ ਇਨਸੂਲੇਸ਼ਨ ਵਰਗੇ ਮੁੱਦੇ ਹੋ ਸਕਦੇ ਹਨ ਅਤੇ ਕੁਝ ਪੁਰਾਣੀਆਂ ਜਾਇਦਾਦਾਂ ਵਿੱਚ ਐਸਬੈਸਟੋਸ ਸਮੱਗਰੀ ਵੀ ਹੋ ਸਕਦੀ ਹੈ।
ਪਰ ਕਿਸੇ ਜਾਇਦਾਦ ਨੂੰ ਖਰੀਦਣ ਤੋਂ ਪਹਿਲਾਂ ਇੱਕ ਬਿਲਡਿੰਗ ਇੰਸਪੈਕਟਰ ਨੂੰ ਸ਼ਾਮਲ ਕਰਨਾ ਉਨ੍ਹਾਂ ਨੁਕਸਾਂ ਤੋਂ ਤੁਹਾਡਾ ਬਚਾਅ ਕਰ ਸਕਦਾ ਹੈ ਜੋ ਆਮ ਤੋਰ ਰੇ ਨਜ਼ਰ ਨਹੀਂ ਆ ਸਕਦੇ।
ਮਾਈਲਜ਼ ਕਲਾਰਕ ਇੱਕ ਮੈਲਬੌਰਨ-ਅਧਾਰਤ ਰਜਿਸਟਰਡ ਬਿਲਡਿੰਗ ਇੰਸਪੈਕਟਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਦਯੋਗ ਵਿੱਚ ਲਾਇਸੰਸਸ਼ੁਦਾ ਅਤੇ ਤਜ਼ਰਬੇਕਾਰ ਪੇਸ਼ੇਵਰ ਜਾਣਦੇ ਹਨ ਕਿ ਘਰਾਂ ਦੇ ਢਾਂਚੇ ਦੇ ਅੰਦਰ ਅਤੇ ਬਾਹਰ, ਕੀ ਲੱਭਣਾ ਹੈ।
ਕਿਸੇ ਜਾਇਦਾਦ ਨੂੰ ਖਰੀਦਣ ਤੋਂ ਪਹਿਲਾਂ ਬਿਲਡਿੰਗ ਇੰਸਪੈਕਟਰ ਨੂੰ ਕਦੋਂ ਸ਼ਾਮਲ ਕਰਨਾ ਹੈ, ਇਹ ਜਾਣਨਾ ਮੁਸ਼ਕਲ ਹੋ ਸਕਦਾ ਹੈ, ਪਰ ਮਾਈਲਜ਼ ਕਲਾਰਕ ਸਲਾਹ ਦਿੰਦੇ ਹਨ ਕਿ ਇਹ ਜਿੰਨੀ ਜਲਦੀ ਕੀਤਾ ਜਾਵੇ ਉਨਾਂ ਹੀ ਬਿਹਤਰ ਹੈ।
ਨਵਾਂ ਘਰ ਖਰੀਦਣ ਤੋਂ ਪਹਿਲਾਂ ਕਈ ਹੋਰਨਾਂ ਚੀਜ਼ਾਂ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਖੇਤਰ ਵਿੱਚ ਹੋਣ ਵਾਲੇ ਵਿਕਾਸ ਬਾਰੇ ਖੋਜ ਕਰਨਾ ਅਤੇ ਤੁਹਾਡੀ ਜਾਇਦਾਦ ਤੇ ਪੈਣ ਵਾਲੇ ਉਸਦੇ ਪ੍ਰਭਾਵਾਂ ਬਾਰੇ ਪਤਾ ਲਗਾਉਣਾ ਮਹੱਤਵਪੂਰਨ ਹੈ, ਕਿਉਂਕਿ ਤੁਹਾਡੀ ਖੋਜ ਤੁਹਾਨੂੰ ਇਹ ਸਮਝਣ ਵਿੱਚ ਸਹਾਇਤਾ ਕਰੇਗੀ ਕਿ ਭਵਿੱਖ ਵਿੱਚ ਉਹ ਸਬਰਬ ਕਿਹੋ ਜਿਹਾ ਦਿਖਾਈ ਦੇਵੇਗਾ।
ਤੁਹਾਨੂੰ ਇਹ ਵੀ ਜਾਣਨ ਦੀ ਜ਼ਰੂਰਤ ਹੋਏਗੀ ਕਿ ਕੀ ਤੁਹਾਡੀ ਜਾਇਦਾਦ ਕਿਸੇ ਉੱਚ ਜੋਖਮ ਵਾਲੇ ਖੇਤਰ ਵਿੱਚ ਤਾਂ ਨਹੀਂ ਆਉਂਦੀ ਜੋ ਕਿ ਹੜ੍ਹ ਜਾਂ ਬੁਸ਼ਫਾਇਰਾਂ ਨਾਲ ਪ੍ਰਭਾਵਿਤ ਹੋਣ ਵਾਲੇ ਇਲਾਕੇ ਵਿੱਚ ਬਣੀ ਹੋ ਸਕਦੀ ਹੈ।
ਬਹੁਤੇ ਲੋਕਾਂ ਲਈ, ਕੋਈ ਸੰਪਤੀ ਖਰੀਦਣ ਵੇਲੇ ਇੱਕ ਕੰਨਵਿੰਸਰ ਨੂੰ ਸ਼ਾਮਲ ਕਰਨਾ ਬਹੁਤ ਹੀ ਜ਼ਰੂਰੀ ਕਦਮ ਹੈ। ਇੱਕ ਕੰਨਵਿੰਸਰ ਤੁਹਾਨੂੰ ਪ੍ਰਮੁੱਖ ਚੀਜ਼ਾਂ ਬਾਰੇ ਸਲਾਹ ਦਿੰਦਾ ਹੈ ਅਤੇ ਸਾਰੀ ਜਾਇਦਾਦ-ਖਰੀਦ ਪ੍ਰਕਿਰਿਆ ਦੌਰਾਨ ਕਾਨੂੰਨੀ ਕਾਗਜ਼ੀ ਕਾਰਵਾਈ ਕਰਦਾ ਹੈ।
ਵੈਲਥਸੋਰਸ ਕਨਵੀਨਸਿੰਗ ਦੇ ਸੰਸਥਾਪਕ ਜੋਰਡੇਨ ਲਾਮ 10 ਸਾਲਾਂ ਤੋਂ ਇਸ ਉਦਯੋਗ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਖਰੀਦਦਾਰਾਂ ਨੂੰ ਇਸ ਬਾਰੇ ਪਤਾ ਨਹੀਂ ਹੁੰਦਾ ਕਿ ਕੰਨਵਿੰਸਰ ਨੂੰ ਸ਼ਾਮਲ ਕਰਨ ਦਾ ਅਧਿਕਾਰ ਕਦੋਂ ਹੁੰਦਾ ਹੈ।
ਮਿਸ ਲਾਮ ਦਾ ਕਹਿਣਾ ਹੈ ਕਿ ਇਕਰਾਰਨਾਮੇ ਤੇ ਹਸਤਾਖਰ ਕਰਨ ਜਾਂ ਸ਼ੁਰੂਆਤੀ ਪੇਸ਼ਕਸ਼ ਕਰਨ ਤੋਂ ਪਹਿਲਾਂ ਕਿਸੇ ਕੰਨਵਿੰਸਰ ਨੂੰ ਸ਼ਾਮਲ ਕਰਨਾ ਸਭ ਤੋਂ ਵਧੀਆ ਹੈ।
ਕੁਝ ਲੋਕ ਇਸ ਬਾਰੇ ਅਸਪਸ਼ਟ ਹੋ ਸਕਦੇ ਹਨ ਕਿ ਕੀ ਉਨ੍ਹਾਂ ਨੂੰ ਨਿਵੇਸ਼ ਲਈ ਜਾਇਦਾਦ ਖਰੀਦਣੀ ਚਾਹੀਦੀ ਹੈ, ਅਤੇ ਨੈਗਟਿਵ ਗੇਅਰਿੰਗ ਅਤੇ ਕੈਪੀਟਲ ਗ੍ਰੋਥ ਦਾ ਫਾਇਦਾ ਲੈਣਾ ਚਾਹੀਦਾ ਹੈ, ਜਾਂ ਰਹਿਣ ਲਈ ਆਪਣਾ ਪਹਿਲਾ ਘਰ ਚਾਹੀਦਾ ਹੈ। ਮੈਲਬੌਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਕੇਵਿਨ ਡੇਵਿਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਵਿਕਲਪਾਂ ਦੇ ਵੱਖਰੇ ਟੈਕਸ ਲਾਭ ਅਤੇ ਜੋਖਮ ਵੀ ਹਨ।
ਪ੍ਰੋਫੈਸਰ ਡੇਵਿਸ ਕਹਿੰਦੇ ਹਨ ਕਿ ਜੇ ਤੁਸੀਂ ਰਹਿਣ ਲਈ ਪਹਿਲਾ ਘਰ ਖਰੀਦਦੇ ਹੋ ਅਤੇ ਕੁਝ ਸਾਲਾਂ ਬਾਅਦ ਇਸਨੂੰ ਵੇਚਦੇ ਹੋ, ਤਾਂ ਇਹ ਸਭ ਤੋਂ ਵੱਧ ਟੈਕਸ-ਪ੍ਰਭਾਵਸ਼ਾਲੀ ਨਿਵੇਸ਼ ਬਣ ਸਕਦਾ ਹੈ।
ਤੁਹਾਨੂੰ ਇੱਕ ਸਥਾਪਤ ਘਰ ਖਰੀਦਣਾ ਚਾਹੀਦਾ ਹੈ ਜਾਂ ਇੱਕ ਨਵਾਂ ਘਰ ਬਣਾਉਣਾ ਚਾਹੀਦਾ ਹੈ, ਇਹ ਤੁਹਾਡੀਆਂ ਵਿੱਤੀ ਅਤੇ ਕਈ ਹੋਰ ਸਥਿਤੀਆਂ 'ਤੇ ਨਿਰਭਰ ਕਰਦਾ ਹੈ। ਪਰ ਕੰਨਵਿੰਸਰ ਜੋਰਡੇਨ ਲਾਮ ਇਕਰਾਰਨਾਮੇ ਤੇ ਪੂਰਾ ਧਿਆਨ ਦੇਣ ਦੀ ਸਲਾਹ ਦਿੰਦੇ ਹਨ।
ਪਹਿਲੇ ਘਰ ਦੇ ਖਰੀਦਦਾਰ ਫਰਸਟ ਹੋਮ ਆਨਰ ਗ੍ਰਾਂਟ ਅਤੇ ਸਟੈਂਪ ਡਿਉਟੀ ਦੀਆਂ ਛੋਟਾਂ ਦੇ ਯੋਗ ਹੋ ਸਕਦੇ ਹਨ, ਜੋ ਕਿ ਜਾਇਦਾਦ ਦੇ ਰਾਜ ਜਾਂ ਪ੍ਰਦੇਸ਼ ਦੇ ਅਧਾਰ ਤੇ ਨਿਰਭਰ ਕਰਦਾ ਹੈ।
ਉਦਾਹਰਣ ਵਜੋਂ, ਵਿਕਟੋਰੀਅਨ $750,000 ਤੱਕ ਦੀ ਕੀਮਤ ਵਾਲਾ ਆਪਣਾ ਪਹਿਲਾ ਘਰ ਬਣਾਉਣ ਜਾਂ ਖਰੀਦਣ ਲਈ $10,000 ਦੀ ਗ੍ਰਾਂਟ ਪ੍ਰਾਪਤ ਕਰ ਸਕਦੇ ਹਨ ਜਦੋਂ ਕਿ ਖੇਤਰੀ ਵਿਕਟੋਰੀਆ ਵਿੱਚ ਆਪਣਾ ਪਹਿਲਾ ਘਰ ਖਰੀਦਣ ਜਾਂ ਬਣਾਉਣ ਵਾਲੇ ਨੂੰ ਇਸ ਗ੍ਰਾੰਟ ਦੇ ਹਿੱਸੇ ਵਜੋਂ $20,000 ਮਿਲ ਸਕਦੇ ਹਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।