ਪੜਤਾਲੀਆ ਪੱਤਰਕਾਰ ਜੈੱਸ ਹਿੱਲ ਨੇ ਆਪਣੀ ਕਿਤਾਬ 'See What You Made Me Do (ਸੀ ਵਟ ਯੂ ਮੇਡ ਮੀ ਡੂ)', ਜੋ ਕਿ ਹੁਣ ਤਿੰਨ ਹਿੱਸਿਆਂ ਦੀ ਐਸਬੀਐਸ ਦਸਤਾਵੇਜ਼ੀ ਹੈ, ਵਿੱਚ ਆਸਟ੍ਰੇਲੀਆ ਦੀ ਘਰੇਲੂ ਹਿੰਸਾ ਦੇ ਸੰਕਟ ਬਾਰੇ ਖੋਜ ਅਤੇ ਲਿਖਣ ਵਿੱਚ ਚਾਰ ਸਾਲ ਬਿਤਾਏ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜ਼ਬਰਦਸਤੀ ਨਿਯੰਤਰਣ ਕਰਨ ਦਾ ਗੁੰਝਲਦਾਰ ਸੁਭਾਅ ਅਕਸਰ ਇਸ ਕਿਸਮ ਦੀ ਹਿੰਸਾ ਨੂੰ ਅਦਿੱਖ ਬਣਾ ਦਿੰਦਾ ਹੈ।
ਟੱਚ ਮਲਟੀਕਲਚਰਲ ਸੈਂਟਰ ਅਗੇਂਸਟ ਫੈਮਲੀ ਵਾਇਲੈਂਸ ਦੀ ਤਾਜ਼ਾ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਘਰੇਲੂ ਹਿੰਸਾ ਦੇ ਦੋਸ਼ੀਆਂ ਵਿਚੋਂ 92 ਪ੍ਰਤੀਸ਼ਤ ਨੇ ਜ਼ਬਰਦਸਤੀ ਨਿਯੰਤਰਣ ਕਰਨ ਵਾਲੇ ਵਿਵਹਾਰ ਦੀ ਵਰਤੋਂ ਕੀਤੀ ਹੈ।
ਮੈਲਬੌਰਨ ਅਧਾਰਤ ਇੱਕ ਸਮਾਜ ਸੇਵਕ ਅਨੂ ਕ੍ਰਿਸ਼ਣਨ ਦਾ ਕਹਿਣਾ ਹੈ ਕਿ ਬਹੁਸਭਿਆਚਾਰਕ ਭਾਈਚਾਰਿਆਂ ਦੇ ਪ੍ਰਸੰਗ ਵਿੱਚ ਜ਼ਬਰਦਸਤ ਨਿਯੰਤਰਣ ਬਣਾਉਣ ਦਾ ਵਿਵਹਾਰ ਉਨ੍ਹਾਂ ਦੇ ਆਮ ਅਨੁਭਵ ਤੋਂ ਵੱਖਰਾ ਨਹੀਂ ਹੈ।
ਪਰ ਬਹੁਸਭਿਆਚਾਰਕ ਪਿਛੋਕੜ ਦੀਆਂ ਔਰਤਾਂ ਅਕਸਰ ਆਪਣੇ ਸਭਿਆਚਾਰਕ ਹਾਲਾਤ ਕਾਰਨ ਆਪਣੇ ਅਨੁਭਵ ਵਿੱਚ ਹਿੰਸਾ ਦੀ ਪਛਾਣ ਨਹੀਂ ਕਰ ਪਾਓਂਦੀਆਂ।
ਕੁਈਨਜ਼ਲੈਂਡ-ਅਧਾਰਤ ‘ਚਿਲਡਰਨ ਬਾਏ ਚੁਆਇਸ’ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਭਿਆਚਾਰਕ ਅਤੇ ਭਾਸ਼ਾਈ ਵਿਭਿੰਨ ਪਿਛੋਕੜ ਦੀਆਂ ਪੰਜਾਂ ਵਿੱਚੋਂ ਇੱਕ ਔਰਤ ਜਣਨ ਜ਼ਬਰਦਸਤੀ ਦਾ ਅਨੁਭਵ ਕਰਦੀ ਹੈ। ਇਨ੍ਹਾਂ ਵਿੱਚੋਂ ਲਗਭਗ ਤਿੰਨ ਚੌਥਾਈ ਔਰਤਾਂ ਇੱਕੋ ਸਮੇਂ ਘਰੇਲੂ ਹਿੰਸਾ ਦਾ ਵੀ ਅਨੁਭਵ ਕਰਦੀਆਂ ਹਨ।
ਸਭਿਆਚਾਰਕ ਅਤੇ ਭਾਸ਼ਾਈ ਵਿਭਿੰਨ ਪਿਛੋਕੜ ਵਾਲੀਆਂ ਔਰਤਾਂ ਲਈ ਗੋਲਡ ਕੋਸਟ ਅਧਾਰਤ 'ਸਾਰਾ ਘਰੇਲੂ ਅਤੇ ਪਰਿਵਾਰਕ ਹਿੰਸਾ ਸੇਵਾ' ਦੀ ਮੈਨੇਜਰ ਮਰੀਸਾ ਰੀਸਟਿਕ ਦਾ ਕਹਿਣਾ ਹੈ ਕਿ ਜ਼ਬਰਦਸਤੀ ਨਿਯੰਤਰਣ ਦੇ ਪੀੜਤ ਅਕਸਰ ਰਿਸ਼ਤੇ ਵਿੱਚ ਕਮਜ਼ੋਰ ਮਹਿਸੂਸ ਕਰਦੇ ਹਨ।
ਸਮਾਜ ਸੇਵਕ ਅਨੂ ਕ੍ਰਿਸ਼ਣਨ ਨੇ ਕਿਹਾ ਕਿ ਘਰੇਲੂ ਹਿੰਸਾ ਦੇ ਪੀੜਤ ਅਕਸਰ ਬਿਨਾਂ ਕਿਸੇ ਸੋਸ਼ਲ ਨੈੱਟਵਰਕ ਤੋਂ ਆਸਟ੍ਰੇਲੀਆ ਆਉਂਦੇ ਹਨ - ਜਿਸ ਨਾਲ ਉਨ੍ਹਾਂ ਦੇ ਸਾਥੀ ਲਈ ਉਨ੍ਹਾਂ ਨੂੰ ਕਿਸੇ ਵੀ ਸੰਭਾਵਿਤ ਸਹਾਇਤਾ ਤੋਂ ਅਲੱਗ ਕਰਨਾ ਸੌਖਾ ਬਣ ਜਾਂਦਾ ਹੈ।
ਆਸਟ੍ਰੇਲੀਆ ਵਿੱਚ ਜੰਮੀਆਂ ਔਰਤਾਂ ਤੋਂ ਬਾਅਦ ਭਾਰਤੀ ਪਿਛੋਕੜ ਦੀਆਂ ਔਰਤਾਂ, ਕੌਮੀ ਜਿਨਸੀ ਸੋਸ਼ਣ, ਘਰੇਲੂ ਅਤੇ ਪਰਿਵਾਰਕ ਹਿੰਸਾ ਦੀ ਸਲਾਹ ਸੇਵਾ 1800 RESPECT, ਨੂੰ ਅਕਸਰ ਸੰਪਰਕ ਕਰਦੀਆਂ ਹਨ।
ਜੈੱਸ ਹਿੱਲ ਦਾ ਕਹਿਣਾ ਹੈ ਕਿ ਬਹੁਤ ਸਾਰੇ ਪੀੜਤ ਜਿਹੜੇ ਕਿ ਅਸਥਾਈ ਵੀਜ਼ੇ 'ਤੇ ਹੁੰਦੇ ਹਨ, ਆਪਣਾ ਵੀਜ਼ਾ ਗਵਾਉਣ ਦੇ ਡਰ ਕਾਰਨ ਕਿਸੇ ਹਿੰਸਕ ਰਿਸ਼ਤੇ ਬਾਰੇ ਦੱਸਣ ਤੋਂ ਝਿਜਕਦੇ ਹਨ।
ਇਸ ਗੱਲ ਨੂੰ ਕੋਵਿਡ-19 ਦੌਰਾਨ ਪਰਿਵਾਰਕ ਹਿੰਸਾ ਅਤੇ ਅਸਥਾਈ ਵੀਜ਼ਾ ਧਾਰਕਾਂ 'ਤੇ ਕੀਤੇ ਗਏ ਤਾਜ਼ਾ ਅਧਿਐਨ ਵਿੱਚ ਵੀ ਦਰਸਾਇਆ ਗਿਆ ਹੈ, ਜਿਸ ਵਿੱਚ ਪਾਇਆ ਗਿਆ ਹੈ ਕਿ ਤਕਰੀਬਨ 55% ਔਰਤਾਂ ਨੂੰ ਦੇਸ਼ ਨਿਕਾਲੇ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਅਸਥਾਈ ਪਾਰਟਨਰ ਵੀਜ਼ੇ ਵਾਲੀਆਂ 60 ਪ੍ਰਤੀਸ਼ਤ ਔਰਤਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਕਿ ਉਨ੍ਹਾਂ ਦੀ ਵੀਜ਼ਾ ਸਪਾਂਸਰਸ਼ਿਪ ਵਾਪਸ ਲੈ ਲਈ ਜਾਵੇਗੀ।
ਆਸਟ੍ਰੇਲੀਅਨ ਮਾਈਗ੍ਰੇਸ਼ਨ ਕਾਨੂੰਨ ਘਰੇਲੂ ਹਿੰਸਾ ਪੀੜਤਾਂ ਨੂੰ, ਜੋ ਇੱਕ ਅਸਥਾਈ ਪਾਰਟਨਰ ਵੀਜ਼ਾ ਜਾਂ ਸੰਭਾਵਤ ਵਿਆਹ ਵੀਜ਼ਾ ਦੇ ਧਾਰਕ ਹਨ, ਨੂੰ ਆਪਣੇ ਸਪਾਂਸਰ ਨਾਲ ਸੰਬੰਧ ਖਤਮ ਹੋਣ ਦੇ ਬਾਅਦ ਵੀ ਸਥਾਈ ਨਿਵਾਸ ਤੱਕ ਪਹੁੰਚ ਕਰਨ ਦੀ ਆਗਿਆ ਦਿੰਦਾ ਹੈ।
ਉਨ੍ਹਾਂ ਨੂੰ ਇਹ ਦਰਸਾਉਣ ਲਈ ਸਬੂਤ ਦੇਣਾ ਲਾਜ਼ਮੀ ਹੈ ਕਿ ਉਨ੍ਹਾਂ ਨੂੰ ਰਿਸ਼ਤੇ ਦੌਰਾਨ ਪਰਿਵਾਰਕ ਹਿੰਸਾ ਦਾ ਸਾਹਮਣਾ ਕਰਨਾ ਪਿਆ ਸੀ।
ਕਿਉਂਕਿ ਮਾਈਗ੍ਰੇਸ਼ਨ ਲਾਅ ਦੇ ਤਹਿਤ ਪਰਿਵਾਰਕ ਹਿੰਸਾ ਦੀਆਂ ਵਿਵਸਥਾਵਾਂ ਸਿਰਫ ਅਸਥਾਈ ਪਾਰਟਨਰ ਵੀਜ਼ਾ ਅਤੇ ਸੰਭਾਵਤ ਵਿਆਹ ਵੀਜ਼ਾ ਧਾਰਕਾਂ ਲਈ ਉਪਲਬਧ ਹਨ, ਦੂਜੇ ਅਸਥਾਈ ਵੀਜ਼ਾ ਧਾਰਕਾਂ ਨੂੰ ਆਪਣੀ ਯੋਗਤਾ ਦੇ ਅਧਾਰ ਤੇ ਅਕਸਰ ਹੋਰ ਵੀਜ਼ਾ ਲੈਣਾ ਪੈਂਦਾ ਹੈ।
ਇਮੀਗ੍ਰੇਸ਼ਨ ਅਡਵਾਈਸ ਐਂਡ ਰਾਈਟਸ ਸੈਂਟਰ ਦੇ ਪ੍ਰਮੁੱਖ ਵਕੀਲ ਅਲੀ ਮੋਜਤਾਹੇਦੀ ਦਾ ਕਹਿਣਾ ਹੈ ਕਿ ਵੀਜ਼ਾ ਗੁਆਉਣ ਅਤੇ ਆਪਣੇ ਬੱਚਿਆਂ ਤੋਂ ਵੱਖ ਹੋਣ ਦੇ ਡਰ ਤੋਂ ਇਲਾਵਾ, ਇੱਕ ਪੱਖ ਇਹ ਵੀ ਹੈ ਕਿ ਬਹੁਤ ਸਾਰੇ ਅਸਥਾਈ ਵੀਜ਼ਾ ਧਾਰਕਾਂ ਨੂੰ ਆਪਣੇ ਬਚਾਅ ਲਈ ਦੁਰਵਿਵਹਾਰ ਨੂੰ ਸਹਿਣ ਲਈ ਮਜਬੂਰ ਹੋਣਾ ਪੈਂਦਾ ਹੈ।
ਮਰੀਸਾ ਰਿਸਟਿਕ ਦਾ ਕਹਿਣਾ ਹੈ ਕਿ ਇਨ੍ਹਾਂ ਚੁਣੌਤੀਆਂ ਦੇ ਕਾਰਨ ਉਸਦੇ ਬਹੁਤ ਸਾਰੇ ਕਲਾਇੰਟਸ ਨੇ ਦੁਰਵਿਵਹਾਰ ਵਾਲੇ ਰਿਸ਼ਤੇ ਵਿੱਚ ਬਣੇ ਰਹਿਣ ਦੀ ਚੋਣ ਕੀਤੀ ਹਾਲਾਂਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਆਸਟ੍ਰੇਲੀਆ ਵਿੱਚ ਆਪਣੇ ਪਹਿਲੇ ਸਾਲ ਦੇ ਅੰਦਰ ਆਪਣੇ ਅਧਿਕਾਰਾਂ ਬਾਰੇ ਵੀ ਕੁਝ ਸਮਝ ਵਿਕਸਤ ਕੀਤੀ ਹੋਵੇਗੀ।
ਅਸਥਾਈ ਵੀਜ਼ਾ ਧਾਰਕਾਂ ਲਈ ਇਮੀਗ੍ਰੇਸ਼ਨ ਅਤੇ ਸਮਾਜਿਕ ਸਹਾਇਤਾ ਪ੍ਰਣਾਲੀ ਨੂੰ ਪਛਾਣਦਿਆਂ, ਰਿਸਟਿਕ ਅਕਸਰ ਉਨ੍ਹਾਂ ਔਰਤਾਂ ਦਾ ਸਮਰਥਨ ਕਰਦੇ ਹਨ ਜੋ ਆਪਣੀ ਸਥਿਤੀ ਨੂੰ ਬਿਹਤਰ ਢੰਗ ਨਾਲ ਸੰਭਾਲਣ ਲਈ ਸੁਰੱਖਿਆ ਯੋਜਨਾ 'ਤੇ ਕੰਮ ਕਰਦੇ ਸਮੇਂ ਕਿਸੇ ਤੁਰੰਤ ਖ਼ਤਰੇ ਵਿੱਚ ਨਹੀਂ ਹੁੰਦੀਆਂ।
ਆਸਟ੍ਰੇਲੀਆ ਵਿੱਚ ਮੌਜੂਦਾ ਜਾਂ ਸਾਬਕਾ ਸਾਥੀ ਦੁਆਰਾ ਹਿੰਸਾ ਦੇ ਨਤੀਜੇ ਵਜੋਂ ਹਫ਼ਤੇ ਵਿੱਚ ਤਕਰੀਬਨ ਇੱਕ ਔਰਤ ਆਪਣੀ ਜਾਨ ਗੁਆ ਦਿੰਦੀ ਹੈ।
ਐਡਵੋਕੇਟ ਅਤੇ ਸਹਾਇਤਾ ਕਰਨ ਵਾਲੀਆਂ ਸੰਸਥਾਵਾਂ ਜ਼ਬਰਦਸਤੀ ਨਿਯੰਤਰਣ ਨੂੰ ਅਪਰਾਧੀ ਬਣਾਉਣ ਲਈ ਕਹਿ ਰਹੀਆਂ ਹਨ ਜਿਸ ਨੂੰ ਕਈ ਮਾਹਰਾਂ ਨੇ ਸਰੀਰਕ ਹਿੰਸਾ ਅਤੇ ਕਤਲ ਦੇ ਪ੍ਰਮੁੱਖ ਕਾਰਨ ਵਜੋਂ ਪਛਾਣਿਆ ਹੈ।
ਤਸਮਾਨੀਆ ਆਸਟ੍ਰੇਲੀਆ ਦਾ ਇੱਕਲੌਤਾ ਐਸਾ ਅਧਿਕਾਰ ਖੇਤਰ ਹੈ ਜਿਸ ਨੇ ਜ਼ਬਰਦਸਤੀ ਨਿਯੰਤਰਣ ਨੂੰ ਅਪਰਾਧਿਕ ਬਣਾਇਆ ਹੈ।
ਪੱਤਰਕਾਰ ਅਤੇ ਲੇਖਕ ਜੈੱਸ ਹਿੱਲ ਦਾ ਮੰਨਣਾ ਹੈ ਕਿ ਇਹ ਸਿਰਫ ਕੁਝ ਹੀ ਸਮੇਂ ਦੀ ਗੱਲ ਹੈ ਜਦੋਂ ਇਸ ਨੂੰ ਆਸਟ੍ਰੇਲੀਆ ਦੇ ਹੋਰ ਅਧਿਕਾਰ ਖੇਤਰਾਂ ਵਿੱਚ ਵੀ ਅਪਰਾਧਕ ਬਣਾ ਦਿੱਤਾ ਜਾਵੇਗਾ।
ਇਮੀਗ੍ਰੇਸ਼ਨ ਦੇ ਵਕੀਲ ਅਲੀ ਮੋਜਤਾਹੇਦੀ ਦਾ ਕਹਿਣਾ ਹੈ ਕਿ ਜ਼ਬਰਦਸਤੀ ਨਿਯੰਤਰਣ ਨੂੰ ਅਪਰਾਧਿਕ ਬਣਾਉਣ ਦੇ ਨਾਲ-ਨਾਲ ਪੀੜਤ ਪਰਿਵਾਰਾਂ ਲਈ ਜ਼ਰੂਰੀ ਸਹਾਇਤਾ ਸੇਵਾਵਾਂ ਦੀ ਘਾਟ ਨੂੰ ਦੂਰ ਕਰਨ 'ਤੇ ਵੀ ਕੰਮ ਕਰਨਾ ਚਾਹੀਦਾ ਹੈ।
ਘਰੇਲੂ ਹਿੰਸਾ 'ਤੇ ਐਸ.ਬੀ.ਐੱਸ. ਦੀ ਲੜੀਵਾਰ ਪੇਸ਼ਕਾਰੀ 'See What You Made Me Do' ਦਾ ਪ੍ਰਸਾਰਣ ਬੁੱਧਵਾਰ 5 ਮਈ ਰਾਤ 8:30 ਵਜੇ ਕੀਤਾ ਜਾਵੇਗਾ। ਤੁਸੀਂ ਇਸਨੂੰ ਐਸ ਬੀ ਐਸ 'ਤੇ ਦੇਖ ਸਕਦੇ ਹੋ ਜਾਂ ਐਸ ਬੀ ਐਸ ਆਨ ਡਿਮਾਂਡ' ਤੇ ਮੁਫਤ ਸਟ੍ਰੀਮ ਕਰ ਸਕਦੇ ਹੋ। ਤਿੰਨ ਹਿੱਸਿਆਂ ਦੀ ਇਸ ਲੜੀਵਾਰ ਪੇਸ਼ਕਾਰੀ ਦੇ ਬਾਕੀ ਭਾਗ 12 ਅਤੇ 19 ਮਈ ਨੂੰ ਦੇਖੇ ਜਾ ਸਕਦੇ ਹਨ ਅਤੇ ਇਨ੍ਹਾਂ ਦਾ ਮੁੜ ਪ੍ਰਸਾਰਣ ਐਤਵਾਰ ਸ਼ਾਮ 9.30 ਵਜੇ ਐਸਬੀਐਸ ਵਾਈਸਲੈਂਡ 'ਤੇ ਦੇਖਿਆ ਜਾ ਸਕਦਾ ਹੈ।
ਜੇ ਤੁਸੀਂ, ਕੋਈ ਬੱਚਾ, ਜਾਂ ਕੋਈ ਹੋਰ ਵਿਅਕਤੀ ਕਿਸੇ ਖਤਰੇ ਵਿੱਚ ਹੈ ਤਾਂ 000 ਨੂੰ ਕਾਲ ਕਰੋ।
ਜੇ ਤੁਹਾਨੂੰ, ਜਾਂ ਤੁਹਾਡੇ ਕਿਸੇ ਜਾਣ ਪਹਿਚਾਣ ਦੇ ਵਿਅਕਤੀ ਨੂੰ ਸਹਾਇਤਾ ਦੀ ਜ਼ਰੂਰਤ ਹੈ ਤਾਂ ਤੁਸੀਂ 1800 RESPECT ਨੂੰ 1800 737 732 ਜਾਂ 'ਤੇ ਸੰਪਰਕ ਕਰ ਸਕਦੇ ਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।