ਕਈ ਆਸਟ੍ਰੇਲੀਅਨ ਲੋਕਾਂ ਖਾਸਕਰ ਬਜ਼ੁਰਗਾਂ ਦਾ ਸੁਪਨਾ ਹੁੰਦਾ ਹੈ ਕਿ ਉਹ ਪਾਣੀ ਜਾਂ ਜੰਗਲ ਦੇ ਨੇੜੇ ਰਹਿੰਦੇ ਹੋਏ ਜਿੰਦਗੀ ਦਾ ਮਜ਼ਾ ਲੈ ਸਕਣ। ਕਰੋਨਾਵਾਇਰਸ ਮਹਾਂਮਾਰੀ ਨੇ ਕਈ ਲੋਕਾਂ ਨੂੰ ਅਜਿਹਾ ਮੌਕਾ ਪ੍ਰਦਾਨ ਕਰ ਵੀ ਦਿੱਤਾ ਹੈ।
‘ਮੇਕਿੰਗ ਸੀਅ ਔਰ ਟਰੀ ਚੇਂਜ’ ਨੂੰ ਅਕਸਰ ਉਸ ਸਮੇਂ ਵਰਤਿਆ ਜਾਂਦਾ ਹੈ ਜਦੋਂ ਭਾਈਚਾਰੇ ਦੇ ਕੁੱਝ ਲੋਕ ਆਪਣੇ ਵੱਡੇ ਸ਼ਹਿਰਾਂ ਵਾਲੇ ਰਿਹਾਇਸ਼ੀ ਸਥਾਨਾਂ ਤੋਂ ਛੋਟੇ ਸ਼ਹਿਰਾਂ ਦਾ ਰੁੱਖ ਕਰਦੇ ਹਨ ਅਤੇ ਉੱਥੋਂ ਦੇ ਸਮੁੰਦਰੀ ਤੱਟ ਜਾਂ ਹਰਿਆਲੀ ਉਹਨਾਂ ਦੀ ਖਿੱਚ ਦਾ ਵੱਡਾ ਕਾਰਨ ਹੁੰਦੀ ਹੈ।
ਸੈਂਟਰ ਫਾਰ ਪੌਪੂਲੇਸ਼ਨ ਦੇ ਆਂਕੜਿਆਂ ਤੋਂ ਪਤਾ ਚੱਲਿਆ ਹੈ ਕਿ ਸਾਲ 1996 ਅਤੇ 2016 ਦੌਰਾਨ ਖੇਤਰੀ ਇਲਾਕਿਆਂ ਦੀ ਵੱਸੋਂ ਦਾ 26% ਹਿੱਸਾ ਪ੍ਰਵਾਸੀ ਲੋਕ ਬਣੇ ਸਨ ਅਤੇ ਕਈ ਖੇਤਰੀ ਸ਼ਹਿਰਾਂ ਵਿੱਚ ਤਾਂ ਇਹਨਾਂ ਦੀ ਵੱਸੋਂ ਅੱਧੇ ਤੋਂ ਵੀ ਜਿਆਦਾ ਦੇਖੀ ਗਈ ਸੀ।
ਸੀਅ ਚੇਂਜ ਦੀ ਮਾਹਰ ਕੈਰੋਲੀਨ ਕੈਮਰੂਨ ਨੂੰ ਹੈਰਾਨੀ ਹੁੰਦੀ ਹੈ ਜਦੋਂ ਉਹ ਭਾਸ਼ਾਈ ਅਤੇ ਸਭਿਆਚਾਰਕ ਵਖਰੇਵਿਆਂ ਵਾਲੇ ਲੋਕਾਂ ਨੂੰ ਖੇਤਰੀ ਇਲਾਕਿਆਂ ਵਿੱਚ ਵਸਦੇ ਹੋਇਆਂ ਦੇਖਦੀ ਹੈ।
ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੁਆਰਾ ਪ੍ਰਦਾਨ ਕੀਤੇ ਆਂਕੜੇ ਇਹ ਵੀ ਦੱਸਦੇ ਹਨ ਕਿ ਪਿਛਲੇ ਸਾਲ ਸਤੰਬਰ ਮਹੀਨੇ ਦੀ ਤਿਮਾਹੀ ਦੌਰਾਨ ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰਾਂ ਵਿਚਲੀ ਅਬਾਦੀ ਕੋਵਿਡ-19 ਕਾਰਨ ਕਾਫੀ ਘੱਟ ਹੋਈ ਸੀ।
ਇਸ ਦਾ ਸਿੱਧਾ ਲਾਭ ਹੋਇਆ ਸੀ ਕੂਈਨਜ਼ਲੈਂਡ ਨੂੰ ਜਿਸਦੀ ਅਬਾਦੀ ਵਿੱਚ 7200 ਲੋਕਾਂ ਦਾ ਵਾਧਾ ਦੇਖਿਆ ਗਿਆ ਸੀ ਜੋ ਕਿ ਕਿਸੇ ਵੀ ਹੋਰ ਰਾਜ ਜਾਂ ਪ੍ਰਦੇਸ਼ ਵਿੱਚ ਹੋਣ ਵਾਲੇ ਵਾਧੇ ਨਾਲੋਂ ਸਭ ਤੋਂ ਜਿਆਦਾ ਸੀ।
ਇੱਥੋਂ ਦੇ ਰੀਅਲ ਅਸਟੇਟ ਏਜੰਟਾਂ ਕੋਲ ਪੁੱਛਗਿੱਛ ਕਰਨ ਵਾਲਿਆਂ ਦੀ ਭਰਮਾਰ ਹੀ ਲੱਗੀ ਰਹੀ ਸੀ।
ਦਾ ਆਸਟ੍ਰੇਲੀਅਨ ਕੋਸਟਲ ਕਾਂਊਂਸਲ ਐਸੋਸ਼ੀਏਸ਼ਨ ਵਲੋਂ ਸਾਲ 2005 ਵਿੱਚ ਜਾਰੀ ਕੀਤੀ ਇੱਕ ਰਿਪੋਰਟ ਤੋਂ ਇਹ ਵੀ ਪਤਾ ਚੱਲਿਆ ਸੀ ਕਿ ਖੇਤਰੀ ਇਲਾਕਿਆਂ ਵਿੱਚ ਪ੍ਰਵਾਸ ਕੀਤੇ ਲੋਕਾਂ ਦਾ ਪੰਜਵਾਂ ਹਿੱਸਾ ਦੋ ਸਾਲਾਂ ਵਿੱਚ ਹੀ ਵਾਪਸ ਵੀ ਚਲਾ ਗਿਆ ਸੀ।
ਮਿਸ ਕੈਮਰੂਨ ਇਸ ਦਾ ਕਾਰਨ ਮੰਨਦੀ ਹੈ ਲੋਕਾਂ ਵਲੋਂ ਨਵੀਂ ਥਾਂ ਬਾਰੇ ਪੂਰੀ ਜਾਣਕਾਰੀ ਹਾਸਲ ਨਾ ਕਰਨਾ।
ਬੇਸ਼ਕ ਕੋਵਿਡ-19 ਵਾਲੀਆਂ ਬੰਦਸ਼ਾਂ ਕਾਰਨ ਲੋਕ ਨਵੀਆਂ ਥਾਵਾਂ ‘ਤੇ ਆਪ ਜਾ ਕੇ ਤਾਂ ਨਹੀਂ ਦੇਖ ਭਾਲ ਸਕਦੇ ਪਰ ਦੂਜਿਆਂ ਕੋਲੋਂ ਜਾਣਕਾਰੀ ਜਰੂਰ ਹਾਸਲ ਕਰ ਲੈਣੀ ਚਾਹੀਦੀ ਹੈ।
ਕਈ ਲੋਕ ਅਜਿਹੇ ਵੀ ਹੁੰਦੇ ਹਨ ਜੋ ਚੰਗੀ ਅੰਗ੍ਰਜ਼ੀ ਨਹੀਂ ਜਾਣਦੇ ਜਾਂ ਕੁੱਝ ਹੋਰ ਨਿਜੀ ਕਾਰਨਾਂ ਕਰਕੇ ਆਪਣੇ ਸਮੂਹਾਂ ਵਿੱਚ ਹੀ ਜਾ ਕੇ ਵਸਣਾ ਚਾਹੁੰਦੇ ਹਨ।
ਬਾਹਾਈ ਧਰਮ ਨਾਲ ਸਬੰਧਤ ਡਾ ਫਰਵਾਰਦਿਨ ਡਾਲੀਰੀ ਜੋ ਕਿ ਇਰਾਨ ਤੋਂ ਪ੍ਰਵਾਸ ਕਰ ਕੇ ਆਸਟ੍ਰੇਲੀਆ ਆਏ ਹਨ, ਇਸ ਸਮੇਂ ਟਾਊਨਸਵਿੱਲ ਵਿੱਚ ਖੁਸ਼ੀ-ਖੁਸ਼ੀ ਰਹਿ ਰਹੇ ਹਨ। ਇਸ ਤੋਂ ਪਹਿਲਾਂ ਇਹ ਭਾਰਤ, ਮੈਲਬਰਨ ਅਤੇ ਤਸਮਾਨੀਆ ਵਰਗੀਆਂ ਥਾਵਾਂ 'ਤੇ ਵੀ ਰਹੇ ਸਨ।
ਇਸ ਸਮੇਂ ਉਹ ‘ਟਾਊਨਸਵਿੱਲ ਇੰਟਰਕਲਚਰਲ ਸੈਂਟਰ’ ਚਲਾ ਰਹੇ ਹਨ ਜੋ ਕਿ ਨਵੇਂ ਆਏ ਲੋਕਾਂ ਨੂੰ ਇਸ ਥਾਂ ‘ਤੇ ਸਥਾਪਤ ਹੋਣ ਵਿੱਚ ਮੱਦਦ ਪ੍ਰਦਾਨ ਕਰਦਾ ਹੈ।
ਡਾ ਡਾਲੀਰੀ ਮੰਨਦੇ ਹਨ ਕਿ ਭਾਸ਼ਾਈ ਅਤੇ ਸਭਿਆਚਾਰਕ ਵਖਰੇਵਿਆਂ ਵਾਲੇ ਲੋਕਾਂ ਲਈ ਇਹ ਵਾਲਾ ਸਮਾਂ ਖੇਤਰੀ ਇਲਾਕਿਆਂ ਵਿੱਚ ਜਾ ਕੇ ਵਸਣ ਲਈ ਬਹੁਤ ਹੀ ਢੁੱਕਵਾਂ ਹੈ।
ਮੈਲਬਰਨ ਵਰਗੇ ਮਹਾਂਨਗਰ ਵਿੱਚ ਰਹਿ ਚੁੱਕੇ ਡਾ ਡਾਲੀਰੀ ਮੰਨਦੇ ਹਨ ਕਿ ਛੋਟੇ ਸ਼ਹਿਰਾਂ ਵਿਚਲੇ ਭਾਈਚਾਰਿਆਂ ਨਾਲ ਨਿੱਘੇ ਅਤੇ ਗੂੜ੍ਹੇ ਸਬੰਧ ਅਸਾਨੀ ਨਾਲ ਬਣ ਜਾਂਦੇ ਹਨ।
ਸੀਅ ਚੇਂਜ ਦੀ ਮਾਹਰ ਕੈਰੋਲੀਨ ਕੈਮਰੂਨ ਕਹਿੰਦੀ ਹੈ ਕਿ ਸਥਾਨਕ ਭਾਈਚਾਰਿਆਂ ਨਾਲ ਨੇੜਤਾ ਕਾਇਮ ਕਰਨੀ ਬਹੁਤ ਅਹਿਮ ਹੁੰਦੀ ਹੈ ਅਤੇ ਇਸ ਦੀ ਸ਼ੁਰੂਆਤ ਹੁੰਦੀ ਹੈ ਕਿ ਤੁਸੀਂ ਖੁੱਦ ਸਥਾਨਿਕ ਭਾਈਚਾਰਿਆਂ ਨਾਲ ਕਿਸ ਤਰਾਂ ਦਾ ਵਰਤਾਅ ਰੱਖਦੇ ਹੋ।
ਜੇ ਤੁਹਾਨੂੰ ਆਪਣੀ ਭਾਸ਼ਾ ਜਾਂ ਸਭਿਆਚਾਰ ਦੇ ਲੋਕ ਨਵੇਂ ਸ਼ਹਿਰਾਂ ਵਿੱਚ ਨਹੀਂ ਮਿਲਦੇ ਤਾਂ ਤੁਸੀਂ ਅਜਿਹੇ ਲੋਕਾਂ ਦੇ ਨਾਲ ਜੁੜੋ ਜੋ ਕਿ ਤੁਹਾਡੇ ਵਰਗੀ ਸੋਚ ਅਤੇ ਸ਼ੌਂਕ ਰੱਖਦੇ ਹੋਣ।
ਰੀਅਲ ਅਸਟੇਟ ਏਜੰਟ ਮੈਲੀਸਾ ਸ਼ੈਮਬਰੀ ਦੇ ਮਾਤਾ ਪਿਤਾ ਮਾਲਟੀਜ਼-ਆਸਟ੍ਰੇਲੀਅਨ ਪਿਛੋਕੜ ਤੋਂ ਹਨ ਅਤੇ ਛੋਟੇ ਸ਼ਹਿਰ ਮੈਕ-ਕੀਅ ਵਿੱਚ ਹੀ ਜਿਆਦਾ ਸਮਾਂ ਰਹੇ ਹਨ।
ਬੇਸ਼ਕ ਇਹਨਾਂ ਦੋਹਾਂ ਦੇ ਪਰਿਵਾਰ 900 ਕਿਮੀ ਦੀ ਦੂਰੀ ‘ਤੇ ਹਨ ਪਰ ਫੇਰ ਵੀ ਉਸ ਦੇ ਮਾਪਿਆਂ ਲਈ ਇਸ ਛੋਟੇ ਸ਼ਹਿਰ ਤੋਂ ਪ੍ਰਵਾਸ ਕਰਕੇ ਮੈਲੀਸਾ ਦੇ ਵੱਡੇ ਸ਼ਹਿਰ ਜਾਣ ਦਾ ਕੋਈ ਇਰਾਦਾ ਨਹੀਂ ਹੈ।
ਪਿੱਛੇ ਜਿਹੇ ਹੀ ਇਹਨਾਂ ਬਜ਼ੁਰਗਾਂ ਨੇ ਆਪਣੇ ਦੋਸਤਾਂ ਦੀ ਸੂਚੀ ਵਿੱਚ ਵੀ ਕਾਫੀ ਵਾਧਾ ਕੀਤਾ ਹੈ।
ਮਿਸ ਸ਼ੈਮਬਰੀ ਇਸ ਦਾ ਸਿਹਰਾ ਬੰਨਦੀ ਹੈ ਸੋਸ਼ਲ ਮੀਡੀਆ ਦੇ ਸਿਰ ਜਿਸ ਦੁਆਰਾ ਮਾਲਟੀਜ਼-ਆਸਟ੍ਰੇਲੀਅਨ ਭਾਈਚਾਰਾ ਇੱਕ ਦੂਜੇ ਨਾਲ ਜੁੜ ਕੇ ਰਹਿੰਦਾ ਹੈ ਅਤੇ ਹਰ ਦੁੱਖ-ਸੁੱਖ ਵਿੱਚ ਸ਼ਾਮਲ ਹੁੰਦਾ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।