ਥਿੰਕਰਬੈੱਲ ਅਦਾਰੇ ਦੇ ਮੁਖੀ ਐਡਮ ਫੈਰੀਅਰ ਕਹਿੰਦੇ ਹਨ ਕਿ ਵਡੇਰੀ ਉਮਰ ਦੇ ਲੋਕਾਂ ਨੂੰ ਨੌਕਰੀਆਂ 'ਤੇ ਨਾ ਰੱਖਣ ਦਾ ਵੱਡਾ ਕਾਰਨ ਜਿਆਦਾ ਖਰਚ ਦਾ ਹੋਣਾ ਦੱਸਿਆ ਜਾਂਦਾ ਹੈ। ਆਸਟ੍ਰੇਲੀਅਨ ਸਰਕਾਰ ਦੇ ਆਂਕੜਿਆਂ ਅਨੁਸਾਰ ਫੈਰੀਅਰ ਦੇ ਖਿੱਤੇ ਵਾਲੇ ਕਾਮਿਆਂ ਦੀ ਔਸਤ ਉਮਰ 38 ਸਾਲ ਹੈ।
ਬਰਦਰਹੁੱਡ ਆਫ ਸੈਂਟ ਲਾਰੈਂਸ ਅਦਾਰੇ ਦੀ ਪਿਛਲੇ ਸਾਲ ਜੂਨ ਦੀ ਰਿਪੋਰਟ ਦਰਸਾਉਂਦੀ ਹੈ ਕਿ ਆਸਟ੍ਰੇਲੀਆ ਦੇ 51 ਤੋਂ 65 ਸਾਲਾਂ ਦੀ ਉਮਰ ਦੇ ਲੋਕਾਂ ਦੀ ਨੌਕਰੀ ਕੋਵਿਡ-19 ਕਾਰਨ ਕਾਫੀ ਪ੍ਰਭਾਵਤ ਹੋਈ ਸੀ।
ਕਈ ਅਦਾਰਿਆਂ ਵਲੋਂ ਵਡੇਰੀ ਉਮਰ ਦੇ ਲੋਕਾਂ ਨੂੰ ਮੁੜ ਤੋਂ ਰੁਜ਼ਗਾਰ ਉੱਤੇ ਲੱਗਣ ਵਾਸਤੇ ਕਈ ਪ੍ਰਕਾਰ ਦੇ ਟਰੇਨਿੰਗ ਵੀ ਦੇਣੀ ਸ਼ੁਰੂ ਕੀਤੀ ਹੋਈ ਹੈ।
ਇਹਨਾਂ ਵਿੱਚੋਂ ਹੀ ਇੱਕ ਹੈ, ‘ਵੈਰਟੋ’ਜ਼ ਸਕਿੱਲਸ ਚੈੱਕਪੌਇੰਟ’ ਪਰੋਗਰਾਮ ਜੋ ਕਿ ਆਸਟ੍ਰੇਲੀਆ ਦੀ ਰਾਜਧਾਨੀ, ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ ਚਲਾਇਆ ਜਾ ਰਿਹਾ ਹੈ।
ਇਸ ਅਦਾਰੇ ਦੇ ਰੋਨ ਮੈਕਸਵੈੱਲ ਮੰਨਦੇ ਹਨ ਕਿ ਉਮਰ ਦੇ ਨਾਲ ਨਾਲ, ਸਭਿਆਚਾਰਕ ਅਤੇ ਭਾਸ਼ਾਈ ਵਖਰੇਵੇਂ ਵੀ ਕਈਆਂ ਦੇ ਰਾਹ ਦਾ ਰੋੜਾ ਬਣਦੇ ਹਨ।
ਇਹ ਸਲਾਹ ਦਿੰਦੇ ਹਨ ਕਿ ਆਪਣੀ ਰਿਹਾਇਸ਼ ਦੇ ਨੇੜਲੇ ਸਥਾਨ ਵਿੱਚ ਹੀ ਅਜਿਹੀਆਂ ਨੌਕਰੀਆਂ ਭਾਲੋ ਜਿਹਨਾਂ ਦੇ ਮਾਲਕ ਸਭਿਆਚਾਰਾਂ ਦੀ ਕਦਰ ਕਰਨ ਵਾਲੇ ਹੋਣ।
57 ਸਾਲਾਂ ਦੇ ‘ਰੇਅਮੰਡ ਹੈਨ’, ਜੋ ਕਿ ਆਟੋਮੋਬਾਈਲ ਇੰਡਸਟਰੀ ਨਾਲ ਜੁੜੇ ਹੋਏ ਹਨ, ਬਾਰਡਰਾਂ ਦੇ ਬੰਦ ਹੋਣ ਕਾਰਨ ਜਪਾਨ ਵਾਲੀ ਨੌਕਰੀ ਗਵਾ ਚੁੱਕੇ ਹਨ।
ਕੋਵਿਡ-19 ਬੰਦਸ਼ਾਂ ਕਾਰਨ ਹੈਨ ਨਿਜੀ ਤੌਰ ‘ਤੇ ਇੰਟਰਵਿਊਜ਼ ਦੇਣ ਵਿੱਚ ਅਸਮਰੱਥ ਹਨ। ਇਸ ਲਈ ਹੁਣ ਇਹ ਬਦਲਵੀਂ ਨੌਕਰੀ ਜਾਂ ਆਪਣਾ ਬਿਜ਼ਨਸ ਕਰਨ ਦੀ ਸੋਚ ਰਹੇ ਹਨ।
ਮੈਕਸਵੈੱਲ ਕਹਿੰਦੇ ਹਨ ਕਿ ਰੁਜ਼ਗਾਰਦਾਤਾ ਵਡੇਰੀ ਉਮਰ ਦੇ ਲੋਕਾਂ ਨੂੰ ਜਿਆਦਾਤਰ ਕੰਟਰੈਕਟ ਨੌਕਰੀਆਂ ਹੀ ਦਿੰਦੇ ਹਨ।
ਹੈਨ ਨੇ ਆਪਣੇ ਹੁਨਰਾਂ ਨੂੰ ਹੋਰ ਨਿਖਾਰਨ ਅਤੇ ਮਾਰਕੀਟ ਦੇ ਚਲਨ ਸਮਝਣ ਲਈ ਮਹਾਂਮਾਰੀ ਦੌਰਾਨ ਕਈ ਪ੍ਰਕਾਰ ਦੀ ਪੜਾਈ ਵੀ ਕਰ ਲਈ ਹੈ।
ਆਪਣੇ ਆਪ ਨੂੰ ਮੁੜ ਸੁਰਜੀਤ ਕਰਨ ਦੀ ਇਹ ਦਲੇਰੀ ਫੈਰੀਅਰ ਦੇ ਧਿਆਨ ਵਿੱਚ ਵੀ ਉਦੋਂ ਆਈ, ਜਦੋ ਇਸ ਦੇ ਅਦਾਰੇ ਨੇ ਪਿਛਲੇ ਸਾਲ ਵਡੇਰੀ ਉਮਰ ਦੇ ਲੋਕਾਂ ਲਈ 8 ਹਫਤਿਆਂ ਦੇ ਇੰਟਰਨਸ਼ਿੱਪ ਦੀ ਪੇਸ਼ਕਸ਼ ਕੀਤੀ ਸੀ ਅਤੇ ਇਸ ਨੂੰ ਭਰਵਾਂ ਹੁੰਗਾਰਾ ਵੀ ਮਿਲਿਆ ਸੀ।
ਕੋਵਿਡ-19 ਮਹਾਂਮਾਰੀ ਕਾਰਨ ਇਸ ਇੰਟਰਨਸ਼ਿੱਪ ਨੂੰ ਅੱਗੇ ਪਾ ਦਿੱਤਾ ਗਿਆ ਹੈ।
ਫੈਰੀਅਰ ਨੇ ਜੇਲਾਂ ਵਿੱਚ ਇੱਕ ਮਨੋਵਿਗਿਆਨੀ ਵਜੋਂ ਕੰਮ ਕੀਤਾ ਹੈ ਅਤੇ 30ਵਿਆਂ ਦੀ ਉਮਰ ਤੋਂ ਹੀ ਐਡਵਰਟਾਈਜ਼ਿੰਗ ਨਾਲ ਵੀ ਜੁੜੇ ਰਹੇ ਹਨ।
ਇਹ ਕਹਿੰਦੇ ਹਨ ਕਿ ਮਹਾਂਮਾਰੀ ਦੌਰਾਨ ਵੀ ਵਡੇਰੀ ਉਮਰ ਦੇ ਲੋਕ ਅਸਾਨੀ ਨਾਲ ਨੌਕਰੀ ਪ੍ਰਾਪਤ ਕਰ ਸਕਦੇ ਹਨ ਅਗਰ ਉਹਨਾਂ ਵਿੱਚ ਪੱਕੀ ਲਗਨ ਹੋਵੇ।
ਹਾਨ ਵਾਸਤੇ ਵੀ ਇੱਕ ਕੋਚ ਵਜੋਂ ਨਵੀਂ ਸ਼ੁਰੂਆਤ ਹੋਈ ਹੈ, ਜਿਸ ਪਿੱਛੇ 7 ਮਹੀਨਿਆਂ ਦੀ ਮਿਹਨਤ ਲੱਗੀ ਹੋਈ ਹੈ।
ਸਕਿਲਸ ਚੈੱਕਪੋਆਇੰਗ ਪਰੋਗਰਾਮ ਵਾਸਤੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ, ਆਸਟ੍ਰੇਲੀਆ ਦੇ ਸਿੱਖਿਆ ਵਿਭਾਗ ਜਾਂ ਸਕਿਲਜ਼ ਐਂਡ ਇੰਪਲਾਇਮੈਂਟ ਦੀ ਵੈਬਸਾਈਟ ਤੇ ਜਾਓ।
ਭਾਵਨਾਤਮ ਸਹਾਇਤਾ ਲੈਣ ਲਈ ਬਿਓਂਡ ਬਲੂ ਨੂੰ 1800 512 348 ‘ਤੇ ਫੋਨ ਕਰੋ।
ਆਪਣੀ ਭਾਸ਼ਾ ਵਿੱਚ ਸਹਾਇਤਾ ਲੈਣ ਲਈ ਦੇਸ਼-ਵਿਆਪੀ ਅਨੁਵਾਦ ਅਤੇ ਦੁਭਾਸ਼ੀਏ ਵਾਲੀ ਸੇਵਾ ਨੂੰ 13 14 50 ਤੇ ਫੋਨ ਕਰ ਸਕਦੇ ਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।