ਆਸਟ੍ਰੇਲੀਆ ਵਿੱਚ ਸਵੇਰੇ ਜਾਂ ਦੁਪਹਿਰ ਦੇ ਸਮੇਂ ਬੈਟਰੀ ਨਾਲ ਚੱਲਣ ਵਾਲੇ ਸਕੂਟਰਾਂ 'ਤੇ ਘੁੰਮਦੇ ਲੋਕ ਆਮ ਹੀ ਦੇਖਣ ਨੂੰ ਮਿਲਦੇ ਹਨ ਪਰ ਬਹੁਤ ਸਾਰੇ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਕੁਝ ਖੇਤਰਾਂ ਵਿਚ ਸੜਕਾਂ 'ਤੇ ਇਲੈਕਟ੍ਰਿਕ ਸਕੂਟਰ ਚਲਾਉਣ ਦੀ ਮਨਾਹੀ ਹੈ।
ਰਾਇਲ ਆਟੋਮੋਟਿਵ ਕਲੱਬ ਆਫ਼ ਵਿਕਟੋਰੀਆ ਜਾਂ ਆਰਏਸੀਵੀ ਵਿਚ ਟਰਾਂਸਪੋਰਟ, ਯੋਜਨਾਬੰਦੀ ਅਤੇ ਬੁਨਿਆਦੀ ਢਾਂਚੇ ਦੇ ਸੀਨੀਅਰ ਮੈਨੇਜਰ, ਪੀਟਰ ਕਾਰਟਸੀਡੀਮਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਇਹ ਜਾਣੇ ਬਿਨਾਂ ਹਜ਼ਾਰਾਂ ਡਾਲਰ ਖਰਚ ਕਰ ਦਿੰਦੇ ਹਨ ਕਿ ਪੁਲਿਸ ਨਿੱਜੀ ਜਾਇਦਾਦ ਤੋਂ ਬਾਹਰ ਇਲੈਕਟ੍ਰਿਕ ਸਕੂਟਰ ਦੀ ਵਰਤੋਂ ਕਰਨ 'ਤੇ ਇਸਨੂੰ ਜ਼ਬਤ ਕਰ ਸਕਦੀ ਹੈ।
ਸ੍ਰੀ ਕਾਰਟਸੀਡੀਮਸ ਕਹਿੰਦੇ ਹਨ ਕਿ ਕੋਈ ਵੀ ਵਿਅਕਤੀ ਜੋ ਮੈਲਬੌਰਨ ਸੀਬੀਡੀ ਵਿਚ ਡਰਾਈਵਿੰਗ ਕਰਨ ਦਾ ਆਦੀ ਨਹੀਂ ਹੈ, ਲਈ ਹੁੱਕ-ਟਰਨ ਅਖਵਾਉਣ ਵਾਲਾ ਇੱਕ ਨਿਯਮ ਓਲਝਾਉਣ ਵਾਲ਼ਾ ਅਤੇ ਡਰਾਉਣਾ ਹੋ ਸਕਦਾ ਹੈ।
ਹੁੱਕ-ਟਰਨ ਨਿਯਮ ਟ੍ਰੈਮਾਂ ਲਈ ਟ੍ਰੈਫਿਕ ਕੁਸ਼ਲਤਾ ਦੀ ਸਹੂਲਤ ਲਈ ਬਣਾਇਆ ਗਿਆ ਸੀ ਅਤੇ ਇਸ ਨਿਯਮ ਦੇ ਅਨੁਸਾਰ, ਇੱਕ ਕਾਰ ਚਾਲਕ ਨੂੰ ਖੱਬੇ ਪਾਸੇ ਦੀ ਲੇਨ ਨੂੰ ਸੱਜੇ ਮੁੜਨ ਲਈ ਇਸਤੇਮਾਲ ਕਰਨਾ ਪੈਂਦਾ ਹੈ।
ਸਾਬਕਾ ਟਾਪ ਗੇਅਰ ਆਸਟ੍ਰੇਲੀਆ ਦੇ ਪੇਸ਼ਕਾਰ ਅਤੇ ਐਡਵਾਂਸਡ ਡਰਾਈਵਿੰਗ ਇੰਸਟ੍ਰਕਟਰ ਸਟੀਵ ਪਿਜ਼ਾਟੀ ਦੱਸਦੇ ਹਨ ਕਿ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਸਭ ਤੋਂ ਅਸਾਧਾਰਣ ਸੜਕ ਨਿਯਮ ਹਨ।
ਸ੍ਰੀ ਪਿਜ਼ਾਟੀ ਕਹਿੰਦੇ ਹਨ ਕਿ ਜਿੱਥੇ ਰਾਜ ਦੇ ਕੁਝ ਨਿਯਮ ਜਿਵੇਂ ਕਿ ਲਾਪਰਵਾਹੀ ਨਾਲ ਜਾਂ ਜਾਣਬੁੱਝ ਕੇ ਕਿਸੇ ਅੰਤਮ ਸੰਸਕਾਰ ਦੀ ਰਸਮ ਵਿਚ ਵਿਘਨ ਪਾਉਣ ਜਾਂ ਸੜਕ 'ਤੇ ਜਾ ਰਹੇ ਘੋੜਿਆਂ ਨੂੰ ਦਖਲ ਦੇਣ ਦੀ ਇਜਾਜ਼ਤ ਨਾਂ ਹੋਣਾ ਆਦਿ ਕੁਝ ਸਮਝਦਾਰੀ ਪੈਦਾ ਕਰਦੇ ਹਨ, ਓਥੇ ਹੀ ਕੁਝ ਹੋਰਨਾਂ ਨਿਯਮਾਂ ਪਿੱਛੇ ਕੋਈ ਤਰਕ ਵੇਖਣਾ ਮੁਸ਼ਕਲ ਹੈ।
ਜਿਵੇਂ ਕਿ ਜੇਕਰ ਤੁਹਾਡੀ ਕਾਰ ਬੱਸ ਅੱਡੇ 'ਤੇ ਖੜੇ ਕਿਸੇ ਵਿਅਕਤੀ ਉੱਤੇ ਚਿੱਕੜ ਸੁੱਟਦੀ ਹੈ ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ ਹੈ।
ਜੇ ਤੁਸੀਂ ਤਸਮਾਨੀਆ ਦੇ ਦੌਰੇ ਦੌਰਾਨ ਗੱਡੀ ਚਲਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਉਸ ਸਥਿਤੀ ਵਿੱਚ, ਸ਼੍ਰੀ ਪਿਜ਼ਾਟੀ ਫੋਨ ਉੱਤੇ ਜੀਪੀਐਸ ਨੈਵੀਗੇਸ਼ਨ ਐਪਸ ਦੀ ਵਰਤੋਂ ਕਰਨ ਦੀ ਬਜਾਏ ਕਿਸੇ ਮਨੋਨੀਤ ਸੈਟੇਲਾਈਟ ਨੈਵੀਗੇਸ਼ਨ ਉਪਕਰਣ ਲੈਣ ਦੀ ਸਲਾਹ ਦਿੰਦੇ ਹਨ ਕਿਉਂਕਿ ਉਥੇ ਗੱਡੀ ਚਲਾਉਂਦੇ ਸਮੇਂ ਆਪਣੇ ਫੋਨ 'ਤੇ ਜੀਪੀਐਸ ਨੈਵੀਗੇਸ਼ਨ ਐਪ ਦੀ ਵਰਤੋਂ ਕਰਨਾ ਗੈਰਕਾਨੂੰਨੀ ਹੈ।
ਜੇਕਰ ਤੁਸੀਂ ਕੈਨਬਰਾ ਵਿੱਚ ਗੱਡੀ ਚਲਾਉਂਦੇ ਹੋਏ ਗੋਲ ਚੱਕਰ ਤੋਂ ਜਾਣਾ ਹੈ ਤਾਂ ਗੋਲ ਚੱਕਰ ਤੋਂ ਬਾਹਰ ਆਉਂਦੇ ਸਮੇ ਖੱਬੇ ਪਾਸੇ ਦਾ ਸੰਕੇਤ ਦੇਣਾ ਤੁਹਾਨੂੰ ਜੁਰਮਾਨੇ ਤੋਂ ਬਚਣ ਵਿੱਚ ਮਦਦ ਕਰ ਸਕਦਾ ਹੈ।
ਆਰਏਸੀਵੀ ਦੇ ਪੀਟਰ ਕਾਰਟਸੀਡੀਮਸ ਦੱਸਦੇ ਹਨ ਕਿ ਦੇਸ਼ ਭਰ ਵਿੱਚ ਤੇਜ਼ ਰਫਤਾਰ ਸੀਮਾ ਵਾਲੀ ਸੜਕ 'ਤੇ ਜਾਣ ਬੁੱਝ ਕੇ ਹੌਲੀ ਗੱਡੀ ਚਲਾਉਣ ਲਈ ਵੀ ਤੁਹਾਡੇ 'ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਸਟੀਵ ਪਿਜ਼ਾਟੀ ਕਹਿੰਦੇ ਹਨ ਕਿ ਵਾਹਨ ਚਲਾਉਂਦੇ ਸਮੇਂ ਕਾਰ ਦੀਆਂ ਖਿੜਕੀਆਂ ਵਿਚੋਂ ਬਾਂਹ ਬਾਹਰ ਕੱਢਣਾ ਜਾਂ ਚਲਦੀ ਗੱਡੀ ਵਿੱਚੋਂ ਹੱਥ ਲਹਿਰਾਉਣਾ ਸਾਰੇ ਰਾਜਾਂ ਅਤੇ ਪ੍ਰਦੇਸ਼ਾਂ ਦੇ ਕਾਨੂੰਨਾਂ ਦੇ ਵਿਰੁੱਧ ਹੈ।
ਪੋਰਸ਼ ਆਸਟ੍ਰੇਲੀਆ ਲਈ ਇੱਕ ਰੇਸ ਡਰਾਈਵਰ ਵਜੋਂ, ਸ਼੍ਰੀ ਪਿਜ਼ਾਟੀ ਵਿਦੇਸ਼ਾਂ ਵਿੱਚ ਬਹੁਤ ਸਾਰਾ ਸਮਾਂ ਬਿਤਾਉਂਦੇ ਹਨ ਜਿੱਥੇ ਉਹ ਅੰਤਰਰਾਸ਼ਟਰੀ ਡ੍ਰਾਇਵਿੰਗ ਸਭਿਆਚਾਰਾਂ ਤੋਂ ਵੀ ਜਾਣੂ ਹੋਏ ਹਨ।
ਉਹ ਵਿਦੇਸ਼ਾਂ ਵਿੱਚ ਆਪਣਾ ਲਾਇਸੈਂਸ ਪ੍ਰਾਪਤ ਕੀਤੇ ਡਰਾਈਵਰਾਂ ਨੂੰ ਆਸਟ੍ਰੇਲੀਆ ਵਿਚ ਡਰਾਈਵਿੰਗ ਦੀ ਸਿਖਲਾਈ ਅਤੇ ਸਿੱਖਿਆ ਦੇ ਪ੍ਰੋਗਰਾਮ ਬਾਰੇ ਵਿਚਾਰ ਕਰਨ ਦੀ ਸਲਾਹ ਦਿੰਦੇ ਹਨ ਜੋ ਕਿ ਦੂਜੇ ਦੇਸ਼ਾਂ ਨਾਲੋਂ ਘੱਟ ਸਖਤ ਹੈ।
ਤੁਸੀਂ ਆਸਟ੍ਰੇਲੀਆ ਦੇ ਹਰੇਕ ਰਾਜ ਅਤੇ ਪ੍ਰਦੇਸ਼ ਦੇ ਸੜਕ ਨਿਯਮਾਂ ਦਾ ਪਤਾ ਲਗਾਉਣ ਲਈ ਰਾਸ਼ਟਰੀ ਆਵਾਜਾਈ ਕਮਿਸ਼ਨ ਦੀ ਵੈਬਸਾਈਟ 'ਤੇ ਜਾ ਸਕਦੇ ਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।