ਬੇਸ਼ਕ ਆਸਟ੍ਰੇਲੀਆ ਵਿੱਚ ਬੁਸ਼ ਫਾਇਰਸ ਦਾ ਹੋਣਾ ਆਮ ਜਿਹੀ ਗੱਲ ਹੈ, ਪਰ ਸਾਲ 2019-20 ਦੌਰਾਨ ਲੱਗੀਆਂ ਅੱਗਾਂ ਪਹਿਲੀਆਂ ਅੱਗਾਂ ਨਾਲੋਂ ਕਿਤੇ ਭਿਆਨਕ ਸਨ ਜਿਹਨਾਂ ਕਾਰਨ 14 ਮਿਲਿਅਨ ਜਮੀਨ ਨੁਕਾਸਨੀ ਗਈ ਸੀ, 20 ਲੋਕਾਂ ਦੇ ਨਾਲ ਨਾਲ ਅੰਦਾਜ਼ਨ 1 ਬਿਲੀਅਨ ਜੰਗਲੀ ਜੀਵਾਂ ਦੀ ਜਾਨ ਵੀ ਚਲੀ ਗਈ ਸੀ। ਇਸ ਸਾਲ ਦੀਆਂ ਗਰਮੀਆਂ ਵੀ ਪਿਛਲੇ ਸਾਲ ਵਰਗੀਆਂ ਹੋਣ ਦੀ ਉਮੀਦ ਕਰ ਰਹੇ ਹਨ ਬੁਸ਼ਫਾਇਰ ਐਂਡ ਨੈਚੂਰਲ ਹੈਜ਼ਰਡਸ ਕੋਆਪਰੇਟਿਵ ਰਿਸਰਚ ਸੈਂਟਰ ਦੇ ਡਾ ਰਿਚਰਡ ਥੋਰਨਟੋਨ।
ਪਿਛਲੇ ਸਾਲ ਦੀਆਂ ਭਿਆਨਕ ਅੱਗਾਂ ਤੋਂ ਬਾਅਦ ਆਸਟ੍ਰੇਲੀਆ ਵਿੱਚ ਇੱਕ ਰਾਇਲ ਕਮਿਸ਼ਨ ਸਥਾਪਤ ਕੀਤਾ ਗਿਆ ਸੀ ਤਾਂ ਕਿ ਆਸਟ੍ਰੇਲੀਆ ਵਲੋਂ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਉੱਤੇ ਨਜ਼ਰਸਾਨੀ ਕੀਤੀ ਜਾ ਸਕੇ। ਇਸ ਵਲੋਂ ਰਾਜਾਂ ਅਤੇ ਟੈਰੀਟੋਰੀਆਂ ਵਾਸਤੇ ਕਈ ਸਿਫਾਰਸ਼ਾਂ ਕੀਤੀਆਂ ਗਈਆਂ ਸਨ।
ਜਿਹਨਾਂ ਦੇ ਮੱਦੇਨਜ਼ਰ ਆਸਟ੍ਰੇਲੀਅਨ ਫਾਇਰ ਐਂਡ ਐਮਰਜੈਂਸੀ ਸਰਵਿਸ ਅਥਾਰਟੀਜ਼ ਕਾਂਊਂਸਲ ਵਲੋਂ ‘ਆਸਟ੍ਰੇਲੀਅਨ ਵਾਰਨਿੰਗ ਸਿਸਟਮ’ ਨਾਮੀ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਜਿਸ ਨੂੰ ਤਿੰਨ ਰੰਗ ਦਿੰਦੇ ਹੋਏ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪੀਲੇ ਰੰਗ ਨੂੰ ਸਲਾਹ, ਸੰਤਰੀ ਨੂੰ ਨਿਗਰਾਨੀ, ਅਤੇ ਲਾਲ ਨੂੰ ਹੰਗਾਮੀ ਸਿਰਲੇਖ ਦਿੱਤੇ ਗਏ ਹਨ।
ਪਹਿਲੇ ਭਾਗ ਵਿੱਚ ਸਿਰਫ ਸਾਵਧਾਨੀਆਂ ਦੀ ਸਲਾਹ ਦਿੱਤੀ ਜਾਣੀ ਹੈ, ਜਦਕਿ ਕੋਈ ਤੁਰੰਤ ਖਤਰਾ ਨਹੀਂ ਐਲਾਨਿਆ ਜਾਵੇਗਾ।
ਦੂਜੇ ਭਾਗ ਦਾ ਮਤਲਬ ਇਹ ਹੋਵੇਗਾ ਕਿ ਮੌਸਮ ਵਿੱਚ ਭਾਰੀ ਤਬਦੀਲੀਆਂ ਦਾ ਡਰ ਹੈ ਅਤੇ ਲੋਕਾਂ ਨੂੰ ਆਪਣੇ ਬਚਾਅ ਵਾਸਤੇ ਕਾਰਜ ਅਰੰਭ ਕਰ ਦੇਣੇ ਚਾਹੀਦੇ ਹਨ।
ਤੀਜਾ ਭਾਗ ਲੋਕਾਂ ਨੂੰ ਖਤਰੇ ਬਾਰੇ ਜਾਗਰੂਕ ਕਰਦੇ ਹੋਏ ਉਹਨਾਂ ਨੂੰ ਤੁਰੰਤ ਕਾਰਵਾਈ ਕਰਨ ਦੀ ਸਲਾਹ ਦੇਵੇਗਾ।
ਬੁਸ਼ਫਾਇਰ ਵਾਲੇ ਮੌਸਮ ਤੋਂ ਅਲਾਵਾ ਇਹ ਤਿੰਨ ਰੰਗਾਂ ਵਾਲੀਆਂ ਚਿਤਾਵਨੀਆਂ ਹੁਣ ਬਾਕੀ ਦੇ ਖਤਰਿਆਂ ਵਿੱਚ ਵੀ ਵਰਤੀਆਂ ਜਾਣਗੀਆਂ ਜਿਵੇਂਕਿ ਹੜ, ਵਾਵਰੋਲੇ ਅਤੇ ਤੇਜ ਗਰਮ ਹਵਾਵਾਂ ਆਦਿ।
ਫਿਓਨਾ ਡੰਨਸਟਨ ਕਹਿੰਦੀ ਹੈ ਕਿ ਇਹਨਾਂ ਤਿੰਨ ਰੰਗਾਂ ਵਾਲੀਆਂ ਚਿਤਾਵਨੀਆਂ ਦੁਆਰਾ ਕਾਫੀ ਸਰਲ ਅਤੇ ਸਪਸ਼ਟ ਹਿਦਾਇਤਾਂ ਮਿਲਣਗੀਆਂ।
ਕਈ ਅੱਗਾਂ ਵਾਸਤੇ ਚਿਤਾਵਨੀਆਂ ਰੇਡਿਓ ਅਤੇ ਟੀਵੀ ਤੇ ਦਿਖਾਈਆਂ ਜਾਣਗੀਆਂ ਜਦਕਿ, ਕੁੱਝ ਕੂ ਵਾਸਤੇ ਸਾਇਰਨ ਵੀ ਵਜਾਏ ਜਾਣਗੇ। ਕਈ ਅਚਾਨਕ ਲੱਗਣ ਵਾਲੀਆਂ ਅੱਗਾਂ ਵਾਸਤੇ ਫੋਨਾਂ ਉੱਤੇ ਵੀ ਸੁਨੇਹੇ ਅਤੇ ਕਾਲਾਂ ਕੀਤੀਆਂ ਜਾਣਗੀਆਂ। ਇਸ ਐਮਰਜੈਂਸੀ ਅਲਰਟ ਵਾਸਤੇ ਰਜਿਸਟਰ ਹੋਣ ਦੀ ਜਰੂਰਤ ਨਹੀਂ ਹੈ ਕਿਉਂਕਿ ਇਹ ਸਿਸਟਮ ਦੇਸ਼ ਵਿਆਪੀ ਟੈਲੀਫੋਨ ਸਿਸਟਮ ਉੱਤੇ ਕੰਮ ਕਰੇਗਾ। ਫਿਓਨਾ ਕਹਿੰਦੀ ਹੈ ਕਿ ਜਿੱਥੇ ਇਹ ਬਚਾਅ ਦਾ ਵਧੀਆ ਉਪਰਾਲਾ ਹੈ, ਉੱਥੇ ਨਾਲ ਹੀ ਇਸ ਨਾਲ ਸੰਤੁਸ਼ਟੀ ਵੀ ਰਹੇਗੀ।
ਆਪਣੇ ਲੋਕਲ ਰੇਡਿਓ ਨਾਲ ਜੁੜਦੇ ਹੋਏ ਅੱਗਾਂ ਵਰਗੇ ਖਤਰਿਆਂ ਤੋਂ ਸਾਵਧਾਨ ਰਿਹਾ ਜਾ ਸਕਦਾ ਹੈ। ਫਿਓਨਾ ਡਨਸਟਨ ਸਲਾਹ ਦਿੰਦੀ ਹੈ ਕਿ ਲੋਕਾਂ ਨੂੰ ਮੌਸਮ ਵਿਭਾਗਾਂ ਦੀਆਂ ਵੈਬਸਾਈਟਾਂ ਅਤੇ ਰੀਜਨਲ ਫਾਇਰ ਅਜੈਂਸੀਆਂ ਕੋਲੋਂ ਵੀ ਜਾਣਕਾਰੀ ਹਾਸਲ ਕਰਦੇ ਰਹਿਣਾ ਚਾਹੀਦਾ ਹੈ। ਨਾਲ ਹੀ ਉਹਨਾਂ ਜੋਰ ਦੇ ਕਿ ਕਿਹਾ ਕਿ ਅਜਿਹੀਆਂ ਸਾਰੀਆਂ ਸੇਵਾਵਾਂ, ਆਸਟ੍ਰੇਲੀਆ ਦੇ ਬਹੁ-ਸਭਿਅੱਕ ਭਾਈਚਾਰੇ ਤੱਕ ਪਹੁੰਚਣੀਆਂ ਵੀ ਜਰੂਰੀ ਹਨ।
ਵਲੰਟੀਅਰ ਫਾਇਰ ਫਾਈਟਰ ਵਜੋਂ ਸੇਵਾ ਕਰਨ ਵਾਲੀ ਜਰਮਨ ਮੂਲ ਦੀ ਜੂਲੀਆ ਗਰੀਅਨਰ ਨੇ ਆਪਣੇ ਲੋਕਲ ਫਾਇਰ ਬਰਿਗੇਡ ਨਾਲ ਮਿਲ ਕੇ ਪਿਛਲੇ ਸਾਲ ਕਈ ਲੋਕਾਂ ਨੂੰ ਵਿਕਟੋਰੀਆ ਵਿਚਲੀਆਂ ਅੱਗਾਂ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਸੀ। ਇੱਕ ਬੱਚੇ ਦੀ ਇਸ ਨੌਜਵਾਨ ਮਾਤਾ ਦਾ ਮੰਨਣਾ ਹੈ ਕਿ ਨਵੇਂ ਆਉਣ ਵਾਲੇ ਪ੍ਰਵਾਸੀਆਂ ਨੂੰ ਅੱਗਾਂ ਦੇ ਖਤਰਿਆਂ ਬਾਰੇ ਦੱਸਣਾ ਬਹੁਤ ਹੀ ਲਾਹੇਵੰਦ ਸਿੱਧ ਹੋ ਸਕਦਾ ਹੈ।
ਇਸ ਸਮੇਂ ਜਦੋਂ ਆਸਟ੍ਰੇਲੀਅਨ ਲੋਕ ਵਿਦੇਸ਼ਾਂ ਵਿੱਚ ਜਾ ਕੇ ਛੁੱਟੀਆਂ ਮਨਾਉਣ ਤੋਂ ਅਸਮਰੱਥ ਹਨ, ਉਹ ਖਤਰੀ ਇਲਾਕਿਆਂ ਵਿੱਚ ਜਾ ਕੇ ਕੈਂਪਿੰਗ ਕਰਨ ਨੂੰ ਪਹਿਲ ਦੇਣਗੇ। ਪਾਰਕ ਰੇਂਜਰ ਸੇਜੀ ਵਾਓ ਦਾ ਕਹਿਣਾ ਹੈ ਕਿ ਹਾਲੀਆਂ ਬਾਰਸ਼ਾਂ ਨੇ ਖੇਤਰੀ ਇਲਾਕਿਆਂ ਨੂੰ ਹਰਾ ਭਰਾ ਕਰ ਦਿੱਤਾ ਹੈ।
ਸੇਜੀ, ਕੈਂਪ ਕਰਨ ਵਾਲੇ ਲੋਕਾਂ ਨੂੰ ਸਲਾਹ ਦਿੰਦੇ ਹਨ ਕਿ ਆਪਣੇ ਆਲੇ ਦੁਆਲੇ ਦੇ ਚਿਤਾਵਨੀ ਵਾਲੇ ਸੁਨਿਹਿਆਂ ਉੱਤੇ ਜਰੂਰ ਧਿਆਨ ਦੇਵੋ ਅਤੇ ਕੈਂਪ ਫਾਇਰ ਕਰਨ ਤੋਂ ਪਹਿਲਾਂ ਉੱਥੋਂ ਦੇ ਖਤਰਿਆਂ ਬਾਰੇ ਵੀ ਜਾਣੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।