“ਸਾਨੂੰ ਆਸਟ੍ਰੇਲੀਆ ਤੋਂ ਭਾਰਤੀਆਂ ਨੂੰ ਵਾਪਸ ਲਿਜਾਣ ਵਾਲੀਆਂ ਉਡਾਣਾਂ ਵਧਾਣੀਆਂ ਪੈਣਗੀਆਂ। ਮੈਂ ਇਸ ਬਾਰੇ ਸਪੱਸ਼ਟ ਹਾਂ,' ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਹਫਤੇ ਆਸਟਰੇਲੀਆ ਤੋਂ ਵੰਦੇ ਭਾਰਤ ਮੁਹਿੰਮ ਤਹਿਤ ਚੱਲੀਆਂ ਉਡਾਣਾਂ ਦੇ ਪਹਿਲੇ ਪੜਾਅ ਦੇ ਮੱਦੇਨਜ਼ਰ ਕਿਹਾ।
ਸ਼੍ਰੀ ਪੁਰੀ ਦਾ ਕਹਿਣਾ ਹੈ ਕਿ ਜੇ ਏਅਰ ਇੰਡੀਆ ਕੋਲ਼ “ਅਸੀਮਤ ਵਸੀਲੇ” ਹੁੰਦੇ, ਤਾਂ ਆਸਟ੍ਰੇਲੀਆ ਵਿੱਚ ਫ਼ਸੇ10,000 ਭਾਰਤੀਆਂ ਨੂੰ ਜਲਦੀ ਭਾਰਤ ਲਿਆਇਆ ਜਾ ਸਕਦਾ ਸੀ।
ਖਾਸ ਨੁਕਤੇ:
- ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਕਰਣ ਵਿੱਚ ਭਾਰਤ ਕਰੇਗਾ ਹੋਰ ਇੰਤਜ਼ਾਰ
- ਹਰਦੀਪ ਸਿੰਘ ਪੁਰੀ: ਆਸਟ੍ਰੇਲੀਆ ਵਿੱਚ ਫ਼ਸੇ ਭਾਰਤੀਆਂ ਨੂੰ ਘਰ ਲਿਆਉਣ ਲਈ ਵਧੇਰੇ ਉਡਾਣਾਂ ਚਲਾਈਆਂ ਜਾਣਗੀਆਂ
- 'ਚਾਹੇ ਏਅਰ ਇੰਡੀਆ ਹੋਵੇ ਜਾਂ ਨਿੱਜੀ ਹਵਾਈ ਸੇਵਾ, ਤਾਲਾਬੰਦੀ ਦੌਰਾਨ ਵੇਚੀ ਗਈ ਟਿਕਟ ਦਾ ਪੂਰਾ ਮੁੱਲ ਮੋੜਨਾ ਪਵੇਗਾ': ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ
ਭਾਰਤ ਵੱਲੋਂ ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਕਰਨ ਬਾਰੇ ਸ਼੍ਰੀ ਪੂਰੀ ਨੇ ਕਿਹਾ, "ਭਾਰਤ ਕਦਮ-ਦਰ-ਕਦਮ ਅੱਗੇ ਵੱਧ ਰਿਹਾ ਹੈ। ਪਹਿਲਾਂ ਵੰਦੇ ਭਾਰਤ ਮੁਹਿੰਮ ਸ਼ੁਰੂ ਹੋਈ, ਫਿਰ ਘਰੇਲੂ ਉਡਾਣਾਂ ਅਤੇ ਅੱਗੇ ਚੱਲ ਕੇ ਅੰਤਰਰਾਸ਼ਟਰੀ ਉਡਾਣਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ।"
ਸ਼੍ਰੀ ਪੂਰੀ ਨੇ ਵੰਦੇ ਭਾਰਤ ਦਾ ਖ਼ਰਚਾ ਭਾਰਤ ਸਰਕਾਰ ਵੱਲੋਂ ਚੁੱਕੇ ਜਾਣ ਦੀ ਲੋਕਾਂ ਦੀ ਉੱਮੀਦ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਏਅਰ ਇੰਡੀਆ “ਪਹਿਲਾਂ ਹੀ ਆਰਥਿਕ ਸੰਕਟ ਵਿਚੋਂ ਲੰਘ ਰਹੀ ਹੈ”।
"ਸਾਡੀਆਂ ਹਵਾਈ ਸੇਵਾਵਾਂ ਅਤੇ ਹਵਾਈ ਅੱਡਿਆਂ ਦੀ ਪਿਛਲੇ ਦੋ ਮਹੀਨਿਆਂ ਵਿੱਚ ਕੋਈ ਆਮਦਨ ਨਹੀਂ ਹੋਈ। ਏਅਰ ਇੰਡੀਆ ਨੂੰ ਚਾਲੂ ਰੱਖਣ ਲਈ ਹਰ ਮਹੀਨੇ ਸਾਨੂੰ 600 ਕਰੋੜ ਰੁਪਏ ਖ਼ਰਚ ਕਰਨੇ ਪੈਂਦੇ ਨੇ। ਜੇ ਕੋਈ ਆਮਦਨੀ ਨਹੀਂ ਹੋਵੇਗੀ, ਤਾਂ ਸਾਨੂੰ ਵਧੇਰੇ ਪੈਸਾ ਖ਼ਰਚਣਾ ਪਏਗਾ, ਨਹੀਂ ਤਾਂ ਏਅਰ ਇੰਡੀਆ ਬੈਠ ਜਾਏਗੀ," ਸ਼੍ਰੀ ਪੁਰੀ ਨੇ ਆਖਿਆ।
ਪਿਛਲੇ ਹਫ਼ਤੇ ਐਸ ਬੀ ਐਸ ਪੰਜਾਬੀ ਨੇ ਖ਼ਬਰ ਕੀਤੀ ਸੀ ਕਿ ਏਅਰ ਇੰਡੀਆ ਸ਼੍ਰੀ ਪੁਰੀ ਦੇ ਹੀ ਮੰਤਰਾਲੇ ਵੱਲੋਂ ਜਾਰੀ ਕੀਤੀ ਇੱਕ ਸਲਾਹ ਦੇ ਉਲਟ ਚਲ ਰਹੀ ਹੈ, ਜਿਸ ਵਿੱਚ ਭਾਰਤ ਦੇ ਅੰਦਰ ਲੱਗੀ ਤਾਲਾਬੰਦੀ ਦੇ ਦੌਰਾਨ 23 ਮਾਰਚ ਤੋਂ 3 ਮਈ ਵਿੱਚਕਾਰ ਜਾਰੀ ਕੀਤੀਆਂ ਗਈਆਂ ਹਵਾਈ ਟਿਕਟਾਂ ਦੇ ਪੂਰੇ ਪੈਸੇ ਵਾਪਸ ਕਰਨ ਦਾ ਆਦੇਸ਼ ਦਿੱਤਾ ਗਿਆ ਸੀ।

Source: Air India
ਆਸਟ੍ਰੇਲੀਆ ਵਿੱਚ ਏਅਰ ਇੰਡੀਆ ਦੇ ਗਾਹਕਾਂ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਏਅਰ ਇੰਡੀਆ ਦਾ ਇਹ ਰਵੱਈਆ “ਅਨਿਆਂਪੂਰਨ” ਅਤੇ “ਪੱਖਪਾਤੀ” ਲਗੱਦਾ ਹੈ।
ਸਪਸ਼ਟ ਕਰਦੇ ਹੋਏ ਕਿ ਇਹ ਨਿਰਦੇਸ਼ ਸਾਰੀਆਂ ਹਵਾਈ ਸੇਵਾਵਾਂ ਤੇ ਲਾਗੂ ਹੁੰਦਾ ਹੈ, ਭਾਵੇਂ ਏਅਰ ਇੰਡੀਆ ਹੋਵੇ ਜਾਂ ਕੋਈ ਨਿਜੀ ਹਵਾਈ ਸੇਵਾ, ਸ੍ਰੀ ਪੁਰੀ ਨੇ ਅੱਗੇ ਕਿਹਾ, "ਜੇ 3 ਮਈ ਤੋਂ ਪਹਿਲਾਂ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਗਏ ਹਨ, ਤੇ ਇਸਦੀ ਇਜਾਜ਼ਤ ਨਹੀਂ ਸੀ। ਜੇ ਕਿਸੇ ਦੀ ਕੋਈ ਸ਼ਿਕਾਇਤ ਹੈ, ਤਾਂ ਉਹ ਖ਼ੁਸ਼ੀ ਨਾਲ ਮੇਰੇ ਜਾਂ ਮੇਰੇ ਮੰਤਰਾਲੇ ਨਾਲ ਸੰਪਰਕ ਕਰ ਸਕਦੇ ਨੇ।"
ਇਸ ਇੰਟਰਵਿਊ ਵਿੱਚ ਸ਼੍ਰੀ ਪੂਰੀ ਨੇ ਭਾਰਤ ਦੀਆਂ ਮੁੜਕੇ ਸ਼ੁਰੂ ਕੀਤੀਆਂ ਗਈਆਂ ਘਰੇਲੂ ਉਡਾਣਾਂ ਬਾਰੇ ਵੀ ਗੱਲਬਾਤ ਕੀਤੀ। ਇਸਦੇ ਨਾਲ਼, ਇੱਕ ਰਾਜਦੂਤ ਤੋਂ ਮੰਤਰੀ ਬਣਨ ਦੀਆਂ ਚੁਣੌਤੀਆਂ ਤੋਂ ਅਲਾਵਾ ਏਅਰ ਇੰਡੀਆ ਨੂੰ ਪਰਵਾਜ਼ ਦਵਾਉਣ ਦੀਆਂ ਕੋਸ਼ਿਸ਼ਾਂ ਬਾਰੇ ਵੀ ਚਰਚਾ ਕੀਤੀ।
ਇਸ ਇੰਟਰਵਿਊ ਨੂੰ ਪੰਜਾਬੀ ਵਿੱਚ ਸੁਣਨ ਲਈ ਪੇਜ ਦੇ ਉੱਪਰ ਤਸਵੀਰ ਵਿੱਚ ਬਣੇ ਪਲੇਅਰ ਤੇ ਕਲਿੱਕ ਕਰੋ।