ਨਵੰਬਰ 2019 ਵਿੱਚ ਲਾਂਚ ਕੀਤਾ ਗਿਆ, ਗਲੋਬਲ ਟੇਲੈਂਟ ਇੰਡਪੈਂਡੈਂਟ ਪ੍ਰੋਗਰਾਮ ਆਸਟ੍ਰੇਲੀਆ ਨੂੰ ਖੋਜ ਅਤੇ ਤਕਨੀਕੀ ਪੱਖ ਤੋਂ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਕਰਨ ਲਈ ਕੁਝ ਚੁਣੇ ਗਏ ਸੈਕਟਰ ਵਿੱਚ ਵੱਧ ਕੁਸ਼ਲ ਵਿਅਕਤੀਆਂ ਨੂੰ ਆਕਰਸ਼ਤ ਕਰਨ ਲਈ ਤਿਆਰ ਕੀਤਾ ਗਿਆ ਹੈ।
ਪ੍ਰੋਗਰਾਮ ਨੂੰ ਉਤਸ਼ਾਹਤ ਕਰਨ ਅਤੇ ਸੰਭਾਵਤ ਬਿਨੈਕਾਰਾਂ ਅਤੇ ਉਦਯੋਗਾਂ ਨਾਲ ਜੁੜਨ ਲਈ ਗ੍ਰਹਿ ਵਿਭਾਗ ਨੇ ਦੁਨੀਆ ਭਰ ਦੇ ਵੱਖ-ਵੱਖ ਸ਼ਹਿਰਾਂ, ਜਿਵੇਂ ਕਿ ਲੰਡਨ, ਸ਼ੰਘਾਈ, ਸਿੰਗਾਪੁਰ, ਅਤੇ ਵਾਸ਼ਿੰਗਟਨ ਡੀ.ਸੀ. ਵਿੱਚ ਗਲੋਬਲ ਟੈਲੇਂਟ ਅਧਿਕਾਰੀ ਤਾਇਨਾਤ ਕੀਤੇ ਹਨ।
ਸਰੋਤ, ਐਗਰੀ-ਫੂਡ ਅਤੇ ਐਗਟੈਕ, ਊਰਜਾ, ਸਿਹਤ ਉਦਯੋਗ, ਰੱਖਿਆ, ਐਡਵਾਂਸਡ ਮੈਨੂਫੈਕਚਰਿੰਗ ਅਤੇ ਸਪੇਸ, ਸਰਕੂਲਰ ਆਰਥਿਕਤਾ, ਡਿਜੀਟੈਕ, ਬੁਨਿਆਦੀ ਢਾਂਚਾ ਅਤੇ ਸੈਰ ਸਪਾਟਾ, ਵਿੱਤੀ ਸੇਵਾਵਾਂ ਅਤੇ ਫਿਨਟੈਕ, ਅਤੇ ਸਿੱਖਿਆ ਕੁਝ ਐਸੇ ਭਵਿੱਖ-ਕੇਂਦ੍ਰਿਤ ਉਦਯੋਗ ਹਨ, ਜਿਨ੍ਹਾਂ ਵਿੱਚ ਆਸਟ੍ਰੇਲੀਆਈ ਸਰਕਾਰ ਵਿਸ਼ੇਸ਼ ਹੁਨਰਾਂ ਵਾਲੇ ਉਮੀਦਵਾਰਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
4 ਵੱਡੀਆਂ ਕੰਸਲਟਿੰਗ ਫਰਮਾਂ ਦੇ ਸੀਨੀਅਰ ਮੈਨੇਜਰ, ਸੁਬੋਦੀਪ ਬ੍ਰਹਮਾ ਕੋਲ ਆਪਣੀ ਮੁਹਾਰਤ ਦੇ ਖੇਤਰ ਵਿੱਚ ਬਹੁਤ ਹੀ ਖਾਸ ਪ੍ਰਾਪਤੀਆਂ ਹਨ।
ਬੇਮਿਸਾਲ ਅਤੇ ਸ਼ਾਨਦਾਰ ਪ੍ਰਾਪਤੀਆਂ ਦੇ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਰਿਕਾਰਡ ਤੋਂ ਇਲਾਵਾ, ਬਿਨੈਕਾਰ ਕੋਲ ਇੱਕ ਵਿਅਕਤੀ ਦੁਆਰਾ ਨਾਮਦਜ਼ਗੀ ਵੀ ਹੋਣੀ ਚਾਹੀਦੀ ਹੈ ਜੋ ਉਨ੍ਹਾਂ ਦੀ ਈਮਾਨਦਾਰੀ ਅਤੇ ਪ੍ਰਾਪਤੀਆਂ ਦੀ ਪੁਸ਼ਟੀ ਕਰ ਸਕੇ।
ਨਾਮਜ਼ਦ ਕਰਨ ਵਾਲਾ ਵਿਅਕਤੀ ਲਾਜ਼ਮੀ ਤੌਰ 'ਤੇ ਆਸਟ੍ਰੇਲੀਆ ਦਾ ਨਾਗਰਿਕ ਜਾਂ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ ਜਿਸਨੇ ਕਿ ਰਾਸ਼ਟਰੀ ਪੱਧਰ ਉਤੇ ਬਿਨੇਕਾਰ ਦੇ ਖੇਤਰ ਵਿੱਚ ਹੀ ਨਾਮਣਾ ਖੱਟਿਆ ਹੋਵੇ। ਕੋਈ ਆਸਟ੍ਰੇਲੀਆਈ ਸੰਗਠਨ ਵੀ ਗਲੋਬਲ ਪ੍ਰਤਿਭਾ ਵੀਜ਼ੇ ਲਈ ਵੀਜ਼ਾ ਬਿਨੈਕਾਰ ਨੂੰ ਨਾਮਜ਼ਦ ਕਰ ਸਕਦਾ ਹੈ।
ਸ੍ਰੀ ਬ੍ਰਹਮਾ ਦਾ ਕਹਿਣਾ ਹੈ ਕਿ ਜੋ ਲੋਕ ਮੁਲਕ ਤੋਂ ਬਾਹਰ ਤੋਂ ਅਪਲਾਈ ਕਰ ਰਹੇ ਹਨ, ਉਨ੍ਹਾਂ ਲਈ ਨਾਮਜ਼ਦ ਕਰਨ ਵਾਲੇ ਬਿਨੇਕਾਰ ਨੂੰ ਲੱਭਣਾ ਮੁਸ਼ਕਲ ਹੋ ਸਕਦਾ ਹੈ।
ਗਲੋਬਲ ਟੈਲੇਂਟ ਵੀਜ਼ਾ ਨਵੰਬਰ 2019 ਵਿੱਚ 5000 ਵੀਜ਼ਾ ਸਥਾਨਾਂ ਨਾਲ ਸ਼ੁਰੂ ਹੋਇਆ ਸੀ ਅਤੇ ਹੁਣ 2020-21 ਸਥਾਈ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਇਸ ਲਈ 15,000 ਸਥਾਨ ਰੱਖੇ ਗਏ ਹਨ।
ਪਰ ਇਮੀਗ੍ਰੇਸ਼ਨ ਦੇ ਵਕੀਲ ਕ੍ਰਿਸ ਜੌਹਨਸਟਨ ਦਾ ਕਹਿਣਾ ਹੈ ਕਿ ਗ੍ਰਹਿ ਵਿਭਾਗ ਨੇ ਹਾਲ ਹੀ ਵਿੱਚ ਕੁਝ ਤਬਦੀਲੀਆਂ ਕੀਤੀਆਂ ਹਨ ਜੋ ਯੋਗਤਾ ਦੇ ਮਾਪਦੰਡਾਂ ਨੂੰ ਘਟਾਉਂਦੀਆਂ ਹਨ।
ਇਹ ਨੀਤੀਗਤ ਤਬਦੀਲੀ ਉਨ੍ਹਾਂ ਬਿਨੈਕਾਰਾਂ 'ਤੇ ਅਸਰ ਪਾਉਂਦੀ ਹੈ ਜਿਨ੍ਹਾਂ ਨੇ ਵੀਜ਼ੇ ਲਈ ਆਪਣੀ ਦਿਲਚਸਪੀ ਦਾ ਪ੍ਰਗਟਾਵਾ ਪੇਸ਼ ਕੀਤਾ ਹੈ ਪਰ 20 ਜਨਵਰੀ 2021 ਤੋਂ ਪਹਿਲਾਂ ਉਨ੍ਹਾਂ ਨੂੰ ਇਸ ਵੀਜ਼ੇ ਲਈ ਅਰਜ਼ੀ ਦੇਣ ਦਾ ਸੱਦਾ ਪ੍ਰਾਪਤ ਨਹੀਂ ਹੋਇਆ।
ਗ੍ਰਾਂਟ ਦੇ ਮਾਪਦੰਡਾਂ ਦੇ ਹਿੱਸੇ ਵਜੋਂ, ਗ੍ਰਹਿ ਵਿਭਾਗ ਇਹ ਵੀ ਵਿਚਾਰਦਾ ਹੈ ਕਿ ਕੀ ਇੱਕ ਸੰਭਾਵਿਤ ਬਿਨੈਕਾਰ ਉੱਚ-ਆਮਦਨੀ ਦੀ ਦਰ ਨੂੰ ਪੂਰਾ ਕਰਨ ਵਾਲੀ ਤਨਖਾਹ ਕਮਾਉਂਦਾ ਹੈ, ਜੋ ਕਿ ਇਸ ਵਿੱਤੀ ਸਾਲ ਲਈ $153,600 ਪ੍ਰਤੀ ਸਾਲ ਨਿਰਧਾਰਤ ਕੀਤੀ ਗਈ ਹੈ।
ਸੁਬੋਦੀਪ ਬ੍ਰਹਮਾ ਦਾ ਕਹਿਣਾ ਹੈ ਕਿ ਉਹ ਆਮਦਨੀ ਦੇ ਮਾਪਦੰਡ ਨੂੰ ਪੂਰਾ ਨਹੀਂ ਕਰਦੇ ਸਨ ਪਰ ਉਨ੍ਹਾਂ ਨੇ ਉੱਚ-ਆਮਦਨੀ ਦੀ ਦਰ ਤੋਂ ਉਪਰ ਕਮਾਈ ਕਰਨ ਦੇ ਸੰਭਾਵਤ ਸਬੂਤ ਜ਼ਰੂਰ ਪੇਸ਼ ਕੀਤੇ ਸਨ।
ਕ੍ਰਿਸ ਜੌਹਨਸਟਨ ਕਹਿੰਦੇ ਹਨ ਕਿ ਨੀਤੀ ਦੇ ਤਹਿਤ, ਗਲੋਬਲ ਪ੍ਰਤਿਭਾ ਅਧਿਕਾਰੀ ਸਰਕਾਰ ਦੁਆਰਾ ਦਰਸਾਏ ਖੇਤਰਾਂ ਵਿੱਚ ਬਿਨੈਕਾਰਾਂ ਨੂੰ ਸਭ ਤੋਂ ਵੱਧ ਤਰਜੀਹ ਦੇ ਸਕਦੇ ਹਨ।
ਇਹ ਪ੍ਰੋਗਰਾਮ ਪੀਐਚਡੀ ਗ੍ਰੈਜੂਏਟ ਲਈ ਪੂਰੀ ਤਰ੍ਹਾਂ ਖੁੱਲਾ ਹੈ। ਸ੍ਰੀ ਜੌਹਨਸਟਨ ਦਾ ਕਹਿਣਾ ਹੈ ਕਿ ਤਾਜ਼ਾ ਗ੍ਰੈਜੂਏਟ ਜੋ $153,600 ਡਾਲਰ ਸਾਲਾਨਾ ਨਹੀਂ ਕਮਾਉਂਦੇ, ਉਹਨਾਂ ਨੂੰ ਆਪਣੀ ਅਰਜ਼ੀ ਵਿੱਚ ਉਹ ਸਭ ਕੁਝ ਸ਼ਾਮਲ ਕਰਨਾ ਚਾਹੀਦਾ ਹੈ ਜੋ ਉਹਨਾਂ ਨੂੰ ਇਹ ਦਰਸਾਉਣ ਵਿੱਚ ਸਹਾਇਤਾ ਕਰ ਸਕਦਾ ਹੋਵੇ ਕਿ ਉਹਨਾਂ ਕੋਲ ਵੀਜ਼ਾ ਗ੍ਰਾਂਟ ਤੋਂ ਬਾਅਦ ਇਹ ਰਕਮ ਕਮਾਉਣ ਦੀ ਸਮਰੱਥਾ ਹੈ।
ਗਲੋਬਲ ਟੇਲੈਂਟ ਇੰਡੀਪੈਂਡੈਂਟ ਪ੍ਰੋਗਰਾਮ ਕੋਈ ਪੁਆਇੰਟ-ਟੈਸਟਿੰਗ ਵੀਜ਼ਾ ਨਹੀਂ ਹੈ ਅਤੇ ਬਿਨੈਕਾਰਾਂ ਨੂੰ ਅੰਗ੍ਰੇਜ਼ੀ-ਨਿਪੁੰਨਤਾ ਟੈਸਟਿੰਗ ਅਤੇ ਰਸਮੀ ਹੁਨਰ ਮੁਲਾਂਕਣ ਪ੍ਰਕਿਰਿਆ ਕਰਨ ਦੀ ਵੀ ਜ਼ਰੂਰਤ ਨਹੀਂ ਹੈ।
ਸੁਬੋਹਦੀਪ ਬ੍ਰਹਮਾ ਨੂੰ ਸਿਰਫ ਦੋ ਮਹੀਨਿਆਂ ਵਿੱਚ ਹੀ ਸਥਾਈ ਨਿਵਾਸ ਲਈ ਵੀਜ਼ਾ ਪ੍ਰਾਪਤ ਹੋ ਗਿਆ ਸੀ।
ਉਨ੍ਹਾਂ ਦੱਸਿਆ ਕਿ ਉਹ ਇਸ ਪ੍ਰੋਗਰਾਮ ਦੇ ਅਧੀਨ ਪ੍ਰਕਿਰਿਆ ਦੀ ਤੇਜ਼ ਰਫਤਾਰ ਤੋਂ ਕਾਫੀ ਹੈਰਾਨ ਸੀ।
1 ਜੁਲਾਈ 2020 ਤੋਂ 8 ਜਨਵਰੀ 2021 ਤੱਕ, ਗ੍ਰਹਿ ਵਿਭਾਗ ਨੇ ਗਲੋਬਲ ਪ੍ਰਤਿਭਾ ਪਹਿਲਕਦਮੀ ਪ੍ਰੋਗਰਾਮ ਲਈ ਕੁੱਲ 7,469 ਦਿਲਚਸਪੀਆਂ ਪ੍ਰਾਪਤ ਕੀਤੀਆਂ ਹਨ।
ਇਸੇ ਸਮੇਂ ਦੌਰਾਨ, ਈਰਾਨੀ ਨਾਗਰਿਕਾਂ ਨੂੰ 277 ਦੇ ਕਰੀਬ ਸਭ ਤੋਂ ਵੱਧ ਸੱਦੇ ਪ੍ਰਾਪਤ ਹੋਏ, ਇਸ ਤੋਂ ਬਾਅਦ ਭਾਰਤ ਦੇ 174, ਬੰਗਲਾਦੇਸ਼ ਦੇ 166, ਚੀਨ ਦੇ 133 ਅਤੇ ਬ੍ਰਿਟੇਨ ਨੂੰ 103 ਦੇ ਨਾਗਰਿਕ ਸ਼ਾਮਿਲ ਕੀਤੇ ਗਏ।
ਗਲੋਬਲ ਟੇਲੈਂਟ ਇੰਡੀਪੈਂਡੈਂਟ ਵੀਜ਼ਾ ਪ੍ਰੋਗਰਾਮ ਅਧੀਨ ਵੀਜ਼ੇ ਲਈ ਅਰਜ਼ੀ ਕਿਵੇਂ ਦੇਣੀ ਹੈ ਇਸ ਬਾਰੇ ਪਤਾ ਕਰਨ ਲਈ ਗ੍ਰਹਿ ਵਿਭਾਗ ਦੀ ਵੈਬਸਾਈਟ ਦੇਖੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।