ਜਦੋਂ ਤੁਸੀਂ ਕਿਸੇ ਵਿੱਤੀ ਸੰਸਥਾ ਤੋਂ ਇੱਕ 'ਫਿਕਸਡ-ਟਰਮ' 'ਤੇ ਕਰਜ਼ਾ ਲੈਂਦੇ ਹੋ ਤਾਂ ਆਪਣੇ ਕਰਜ਼ੇ 'ਤੇ ਤੁਸੀਂ ਜੋ ਵਿਆਜ ਦੀ ਅਦਾਇਗੀ ਕਰਦੇ ਹੋ ਉਹ ਨਿਸ਼ਚਤ ਸਮੇਂ ਦੀ ਮਿਆਦ ਲਈ ਨਹੀਂ ਬਦਲਦੀ ਭਾਵੇਂ ਤੁਹਾਡਾ ਰਿਣਦਾਤਾ ਆਪਣੀਆਂ ਵਿਆਜ ਦਰਾਂ ਨੂੰ ਬਦਲ ਦੇਵੇ।
ਇੱਕ 'ਫਿਕਸਡ-ਰੇਟ' ਹੋਮ ਲੋਨ ਉਹ ਹੁੰਦਾ ਹੈ ਜਿੱਥੇ ਤੁਸੀਂ ਕਿਸੇ ਵਿੱਤੀ ਸੰਸਥਾ ਤੋਂ ਇੱਕ ਨਿਸ਼ਚਤ ਸਮੇਂ ਲਈ ਇੱਕ ਨਿਸ਼ਚਤ ਦਰ 'ਤੇ ਕਰਜ਼ਾ ਲੈਂਦੇ ਹੋ ਅਤੇ ਇਸ ਉੱਤੇ ਵਿਆਜ ਦਰ ਨਿਸ਼ਚਤ ਮਿਆਦ ਲਈ ਨਹੀਂ ਬਦਲਦੀ ਬੇਸ਼ੱਕ ਦਰਾਂ ਵਧ ਜਾਂ ਘਟ ਜਾਣ।
ਮੌਰਗੇਜ ਬ੍ਰੋਕਰ ਪੀਟਰ ਰੁਡੌਕ ਆਪਣੀ ਪਤਨੀ ਦੇ ਨਾਲ ਮੈਲਬੌਰਨ ਦੇ ਪੂਰਬੀ ਉਪਨਗਰਾਂ ਵਿੱਚ ਮੌਰਗੇਜ ਚੁਆਇਸ ਨਾਮਕ ਕਾਰੋਬਾਰ ਚਲਾਉਂਦਾ ਹੈ।
ਉਹ ਕਹਿੰਦਾ ਹੈ ਕਿ ਨਿਸ਼ਚਤ ਮਿਆਦ ਆਮ ਤੌਰ 'ਤੇ ਇੱਕ ਤੋਂ ਚਾਰ ਸਾਲਾਂ ਦੀ ਹੁੰਦੀ ਹੈ।
ਸਥਿਰਤਾ ਅਤੇ ਨਿਸ਼ਚਤਤਾ ਦੇ ਕਾਰਨ ਬਹੁਤ ਸਾਰੇ ਕਰਜ਼ਾ ਲੈਣ ਵਾਲਿਆਂ ਲਈ ਫਿਕਸਡ-ਟਰਮ ਕਰਜ਼ਾ ਇੱਕ ਆਕਰਸ਼ਕ ਵਿਕਲਪ ਹੁੰਦਾ ਹੈ ਕਿਉਂਕਿ ਇਹ ਵਿਆਜ ਦਰਾਂ ਵਿੱਚ ਕਿਸੇ ਸੰਭਾਵੀ ਵਾਧੇ ਤੋਂ ਬਚਾਉਂਦਾ ਹੈ।
ਪਰ ਇਸਦੇ ਨਾਲ ਹੀ, ਜੇ ਵਿਆਜ ਦਰ ਵਿੱਚ ਗਿਰਾਵਟ ਆਉਂਦੀ ਹੈ, ਤਾਂ ਉਹ ਬਾਕੀ ਦੀ ਮਿਆਦ ਲਈ ਨਿਰਧਾਰਤ ਦਰ 'ਤੇ ਕਰਜ਼ੇ ਦੀ ਅਦਾਇਗੀ ਕਰਨਾ ਜਾਰੀ ਰੱਖਣਗੇ, ਜੋ ਨਵੀਂ ਦਰ ਤੋਂ ਵੱਧ ਹੋ ਸਕਦੀ ਹੈ।
ਸ੍ਰੀ ਰੁਡੌਕ ਕਹਿੰਦੇ ਹਨ ਕਿ ਬੈਂਕ ਚਾਹੁੰਦੇ ਹਨ ਕਿ ਗਾਹਕ ਵਿਆਜ ਨੂੰ ਤੁਰੰਤ 'ਲਾਕ' ਕਰ ਲੈਣ ਅਤੇ ਇਹ ਇਸ ਗੱਲ ਦਾ ਸੰਕੇਤ ਹੈ ਕਿ ਅਰਥ ਵਿਵਸਥਾ ਕਿੱਥੇ ਹੈ।
ਸ੍ਰੀ ਰੁਡੌਕ ਦਾ ਕਹਿਣਾ ਹੈ ਕਿ ਜੇ ਤੁਸੀਂ ਆਪਣੀ ਅਦਾਇਗੀ ਪ੍ਰਤੀ ਵਧੇਰੇ ਲਚਕਦਾਰ ਪਹੁੰਚ ਨੂੰ ਤਰਜੀਹ ਦਿੰਦੇ ਹੋ ਤਾਂ ਵੇਰੀਏਬਲ ਲੋਨ ਤੁਹਾਡੇ ਲਈ ਬਿਹਤਰ ਵਿਕਲਪ ਹੋ ਸਕਦਾ ਹੈ।
ਇੱਕ 'ਵੇਰੀਏਬਲ ਰੇਟ ਲੋਨ' ਉਹ ਵਿਕਲਪ ਹੁੰਦਾ ਹੈ ਜਿੱਥੇ ਵਿਆਜ ਦਰ ਉੱਪਰ ਜਾਂ ਹੇਠਾਂ ਜਾ ਸਕਦੀ ਹੈ। ਇਹ ਮੁੱਖ ਤੌਰ 'ਤੇ ਰਿਜ਼ਰਵ ਬੈਂਕ ਦੇ ਫੈਸਲੇ ਦੁਆਰਾ ਚਲਾਇਆ ਜਾਂਦਾ ਹੈ, ਅਤੇ ਇੱਕ ਵਾਰ ਜਦੋਂ ਇਹ ਵਿਆਜ ਦਰਾਂ ਵਿੱਚ ਕਿਸੇ ਵੀ ਬਦਲਾਅ ਦੀ ਘੋਸ਼ਣਾ ਕਰਦਾ ਹੈ, ਤਾਂ ਬੈਂਕ ਆਮ ਤੌਰ 'ਤੇ ਇਸਦਾ ਪਾਲਣ ਕਰਦੇ ਹਨ।
ਜੇਕਰ ਆਰ ਬੀ ਏ ਵਿਆਜ ਦਰਾਂ ਨੂੰ ਘਟਾਉਂਦਾ ਹੈ, ਤਾਂ ਤੁਸੀਂ ਵਧੇਰੇ ਰਕਮ ਦਾ ਭੁਗਤਾਨ ਕਰਨਾ ਜਾਰੀ ਰੱਖ ਸਕਦੇ ਹੋ ਅਤੇ ਇੱਕ ਵੇਰੀਏਬਲ ਲੋਨ ਤੁਹਾਡੇ ਲੋਨ ਨੂੰ ਤੇਜ਼ੀ ਨਾਲ ਵਾਪਸ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਦੂਜੇ ਪਾਸੇ, ਜੇਕਰ ਵਿਆਜ ਦਰਾਂ ਵਧ ਜਾਂਦੀਆਂ ਹਨ ਤਾਂ ਤੁਹਾਡੀ ਅਦਾਇਗੀ ਵੀ ਵਧ ਸਕਦੀ ਹੈ।
ਜੇ ਤੁਸੀਂ ਵਧੇਰੇ ਅਦਾਇਗੀ ਲਈ ਵਚਨਬੱਧ ਨਹੀਂ ਹੋ ਤਾਂ ਇਹ ਸੰਭਾਵਤ ਤੌਰ ਤੇ ਇੱਕ ਸਮੱਸਿਆ ਹੋ ਸਕਦੀ ਹੈ।
ਕੇਵਿਨ ਡੇਵਿਸ ਮੈਲਬੌਰਨ ਯੂਨੀਵਰਸਿਟੀ ਵਿੱਚ ਇੱਕ ਵਿੱਤ ਦੇ ਪ੍ਰੋਫੈਸਰ ਹਨ। ਉਹ ਕਹਿੰਦੇ ਹਨ ਕਿ ਇੱਕ ਆਫਸੈਟ ਖਾਤਾ ਇੱਕ ਅਜਿਹੀ ਮਹੱਤਵਪੂਰਣ ਵਿਸ਼ੇਸ਼ਤਾ ਹੈ ਜੋ ਆਮ ਤੌਰ ਤੇ ਸਿਰਫ ਇੱਕ ਵੇਰੀਏਬਲ ਹੋਮ ਲੋਨ ਦੇ ਨਾਲ ਆਉਂਦੀ ਹੈ।
ਆਫਸੈਟ ਖਾਤੇ ਵਿੱਚ ਰੱਖਿਆ ਗਿਆ ਪੈਸਾ ਲੋਨ ਦੇ ਬਕਾਏ ਨੂੰ ਘਟਾਉਂਦਾ ਹੈ ਅਤੇ ਉਸ ਰਕਮ 'ਤੇ ਵਿਆਜ ਨੂੰ ਘਟਾਉਂਦਾ ਹੈ। ਉਦਾਹਰਣ ਦੇ ਲਈ, ਜੇ ਕਿਸੇ ਕੋਲ ਇੱਕ ਵੇਰੀਏਬਲ ਹੋਮ ਲੋਨ ਤੇ $ 400,000 ਦਾ ਕਰਜ਼ਾ ਹੈ ਅਤੇ ਉਸਦੇ ਆਫਸੈਟ ਖਾਤੇ ਵਿੱਚ $ 100,000 ਹੈ, ਤਾਂ ਉਹ ਸਿਰਫ $ 300,000 ਤੇ ਵਿਆਜ ਦੇਵੇਗਾ।
ਬਹੁਤ ਸਾਰੇ ਰਿਣਦਾਤਾ ਹੋਮ ਲੋਨ ਨੂੰ ਵੇਰੀਏਬਲ ਅਤੇ ਫਿਕਸਡ-ਰੇਟ ਲੋਨ ਵਿੱਚ ਵੰਡਣ ਦੀ ਪੇਸ਼ਕਸ਼ ਵੀ ਕਰਦੇ ਹਨ।
ਤੁਸੀਂ ਆਪਣੇ ਕਰਜ਼ੇ ਨੂੰ ਇਸ ਤਰੀਕੇ ਨਾਲ ਵੰਡ ਸਕਦੇ ਹੋ ਜੋ ਤੁਹਾਡੇ ਲਈ ਸਭ ਤੋਂ ਵਧੀਆ ਹੈ।
ਸ਼੍ਰੀ ਰੁਡੌਕ ਕਹਿੰਦੇ ਹਨ ਕਿ ਵੇਰੀਏਬਲ ਅਤੇ ਫਿਕਸਡ-ਰੇਟ ਲੋਨ ਲਈ ਫੈਸਲਾ ਕਰਦੇ ਸਮੇਂ, ਸੋਚਣ ਵਾਲੀਆਂ ਸਭ ਤੋਂ ਮਹੱਤਵਪੂਰਣ ਚੀਜਾਂ ਵਿੱਚੋਂ ਇੱਕ ਬ੍ਰੇਕ ਲਾਗਤ ਹੈ ਜੋ ਕਿ ਕਰਜ਼ਾ ਲੈਣ ਵਾਲੇ ਨੂੰ ਅਦਾ ਕਰਨੀ ਪੈ ਸਕਦੀ ਹੈ ਜੇ ਉਹ ਮਿਆਦ ਖਤਮ ਹੋਣ ਤੋਂ ਪਹਿਲਾਂ ਫਿਕਸਡ-ਰੇਟ ਲੋਨ ਨੂੰ ਤੋੜਨ ਦਾ ਫੈਸਲਾ ਕਰਦੇ ਹਨ।
ਇਹ ਬ੍ਰੇਕ ਲਾਗਤ ਬਦਲਾਅ ਦੇ ਸਮੇਂ ਵਿਆਜ ਦਰਾਂ 'ਤੇ ਅਧਾਰਤ ਹੈ, ਜੋ ਕਿ ਉਸ ਦਰ ਨਾਲੋਂ ਵੱਧ ਜਾਂ ਘੱਟ ਹੋ ਸਕਦੀ ਹੈ ਜਿਸ' ਤੇ ਤੁਸੀਂ ਲੌਕ ਕੀਤਾ ਹੋਇਆ ਸੀ।
ਦੂਜੇ ਪਾਸੇ, ਜੇ ਵਿਆਜ ਦਰਾਂ ਵੱਧ ਜਾਂਦੀਆਂ ਹਨ ਅਤੇ ਤੁਸੀਂ ਆਪਣੀ ਲੋਨ ਦੀ ਮਿਆਦ ਤੋਂ ਬਾਹਰ ਹੋਣਾ ਚਾਹੁੰਦੇ ਹੋ, ਤਾਂ ਬੈਂਕ ਨੂੰ ਉਸ ਪੈਸੇ ਨੂੰ ਕਿਸੇ ਹੋਰ ਕਰਜ਼ਾ ਲੈਣ ਵਾਲੇ ਨੂੰ ਉਧਾਰ ਦੇਣ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ ਕਿਉਂਕਿ ਉਨ੍ਹਾਂ ਨੇ ਤੁਹਾਨੂੰ ਘੱਟ ਦਰ 'ਤੇ ਲੌਕ ਕਰ ਦਿੱਤਾ ਸੀ।
ਸ਼੍ਰੀ ਰੁਡੌਕ ਕਹਿੰਦੇ ਹਨ ਕਿ ਇਤਿਹਾਸਕ ਤੌਰ 'ਤੇ ਘੱਟ ਵਿਆਜ ਦਰਾਂ ਦੇ ਮੱਦੇਨਜ਼ਰ, ਜੇ ਤੁਸੀਂ ਹੁਣ ਲੌਕ ਇਨ ਕਰਦੇ ਹੋ, ਤਾਂ ਦਰਾਂ ਦੀ ਸੰਭਾਵਤ ਗਤੀ ਸਿਰਫ ਉੱਪਰ ਵੱਲ ਹੈ।
ਕਈ ਵਾਰ ਬੈਂਕ ਚਾਹੁੰਦੇ ਹਨ ਕਿ ਕੁਝ ਰਿਣਦਾਤਾ ਇੱਕ ਰਿਣਦਾਤਾ ਗਿਰਵੀਨਾਮਾ ਬੀਮਾ ਜਾਂ ਐਲ ਐਮ ਆਈ ਖਰੀਦਣ, ਜੋ ਕਿ ਇੱਕ ਬੀਮਾ ਹੈ ਜੋ ਰਿਣਦਾਤਾ ਦੀ ਉਦੋਂ ਸੁਰੱਖਿਆ ਕਰਦਾ ਹੈ ਜਦੋਂ ਕੋਈ ਉਧਾਰ ਲੈਣ ਵਾਲਾ ਕਰਜ਼ਾ ਵਾਪਸ ਨਹੀਂ ਕਰ ਸਕਦਾ।
ਮੈਲਬੌਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਕੇਵਿਨ ਡੇਵਿਸ ਕਹਿੰਦੇ ਹਨ ਕਿ ਇਹ ਬੀਮਾ ਇੱਕ ਅਸਾਧਾਰਨ ਬੀਮਾ ਹੁੰਦਾ ਹੈ ਕਿਉਂਕਿ, ਹੋਰ ਬੀਮਾ ਪਾਲਿਸੀਆਂ ਦੇ ਉਲਟ, ਇੱਕ ਰਿਣਦਾਤਾ ਮੌਰਗੇਜ ਬੀਮਾ ਤੁਹਾਨੂੰ ਲਾਭ ਨਹੀਂ ਦਿੰਦਾ ਭਾਵੇਂ ਤੁਸੀਂ ਪ੍ਰੀਮੀਅਮ ਦਾ ਭੁਗਤਾਨ ਕਰ ਰਹੇ ਹੋ, ਅਤੇ ਇਹ ਬੈਂਕ ਦੇ ਪੱਖ ਵਿੱਚ ਕੰਮ ਕਰਦਾ ਹੈ।
ਵਧੇਰੇ ਜਾਣਕਾਰੀ ਲਈ ਸਰਕਾਰ ਦੀ ਮਨੀ ਸਮਾਰਟ ਵੈਬਸਾਈਟ 'ਤੇ ਜਾਓ ਜਾਂ ਲਾਇਸੈਂਸਸ਼ੁਦਾ ਮੌਰਗੇਜ ਬ੍ਰੋਕਰ ਨਾਲ ਗੱਲ ਕਰੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।