ਟਿਮ ਨਿਕਲਸਨ ਰਾਇਲ ਆਟੋਮੋਟਿਵ ਕਲੱਬ ਆਫ ਵਿਕਟੋਰੀਆ ਜਾਂ ਆਰ-ਏ-ਸੀ-ਵੀ ਵਿੱਚ 'ਰੋਡ ਟੈਸਟ' ਪ੍ਰੋਗਰਾਮ ਦਾ ਪ੍ਰਬੰਧਨ ਅਤੇ 'ਔਸਟ੍ਰੇਲਿਆਜ਼ ਬੈਸਟ ਕਾਰਜ਼' ਪ੍ਰੋਗਰਾਮ ਲਈ ਇੱਕ ਜੱਜ ਵਜੋਂ ਕੰਮ ਕਰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਵਰਤੀ ਹੋਈ ਕਾਰ ਖਰੀਦਦੇ ਵਕਤ ਆਪਣੇ ਬਜਟ ਮੁਤਾਬਿਕ ਸੁਰੱਖਿਅਤ ਕਾਰ ਦੀ ਚੋਣ ਕਰਨੀ ਚਾਹੀਦੀ ਹੈ।
ਇਹ ਜਾਨਣਾ ਵੀ ਜਰੂਰੀ ਹੈ ਕਿ ਕੀ ਇਹ ਕਾਰ ਕਿਸੇ ਦੁਰਘਟਨਾ ਵਿੱਚ ਸ਼ਾਮਿਲ ਹੋਈ ਹੈ ਜਾਂ ਕੀ ਇਸਦੀ ਨਿਯਮਤ ਤੌਰ ਤੇ ਸਰਵਿਸ ਕੀਤੀ ਗਈ ਹੈ।
ਸ੍ਰੀ ਨਿਕਲਸਨ ਸੁਝਾਅ ਦਿੰਦੇ ਹਨ ਕਿ ਗੱਡੀ ਦੇ ਵੀ-ਆਈ-ਐਨ ਨੰਬਰ ਦੀ ਵਰਤੋਂ ਕਰਕੇ ਇਸ ਸਬੰਧੀ ਰਿਕਾਰਡ ਦੀ ਜਾਂਚ ਕੀਤੀ ਜਾ ਸਕਦੀ ਹੈ।
ਵੀ-ਆਈ-ਐਨ ਨੰਬਰ ਗੱਡੀ ਦੇ ਫਿੰਗਰਪ੍ਰਿੰਟ ਵਜੋਂ ਕੰਮ ਕਰਦਾ ਹੈ ਅਤੇ ਇਸ ਦੀ ਵਰਤੋਂ, ਰਜਿਸਟਰੀ, ਵਾਰੰਟੀ ਦੇ ਦਾਅਵੇ, ਚੋਰੀ, ਬੀਮਾ ਕਵਰੇਜ ਅਤੇ ਗੱਡੀ ਦੇ ਪੂਰੇ ਰਿਕਾਰਡ ਨੂੰ ਜਾਨਣ ਲਈ ਕੀਤੀ ਜਾ ਸਕਦੀ ਹੈ।
ਲੋਗਨ ਸੋਮਰਜ਼ ਤੀਜੀ ਵਾਰ 'ਸੈਕਿੰਡ ਹੈਂਡ' ਕਾਰ ਖਰੀਦੀ ਹੈ। ਉਹ ਕਹਿੰਦੇ ਹਨ ਕਿ ਜੇ ਕਾਰ ਵਿਚਲਾ ਵੀ-ਆਈ-ਐਨ ਨੰਬਰ ਗੱਡੀ ਦੇ ਰਜਿਸਟ੍ਰੇਸ਼ਨ ਦਸਤਾਵੇਜ਼ ਵਿਚਲੇ ਨੰਬਰ ਨਾਲ ਮੇਲ ਨਹੀਂ ਖਾਂਦਾ ਤਾਂ ਇਸਦਾ ਸੰਕੇਤ ਇਹ ਹੋ ਸਕਦਾ ਹੈ ਕਿ ਉਹ ਕਾਰ, ਜਾਂ ਉਸ ਕਾਰ ਦੇ ਕੁਝ ਹਿੱਸੇ ਚੋਰੀ ਹੋਏ ਹਨ।
ਟਿਮ ਨਿਕਲਸਨ ਕਹਿੰਦੇ ਹਨ ਕਿ ਕਿਸੇ ਵੀ ਪ੍ਰਾਈਵੇਟ ਮਾਲਕ ਤੋਂ ਵਰਤੀ ਹੋਈ ਕਾਰ ਖਰੀਦਣ ਵੇਲੇ, ਵੀ-ਆਈ-ਐਨ ਨੰਬਰ ਜ਼ਰੀਏ ਇਹ ਵੀ ਪਤਾ ਲੱਗ ਸਕਦਾ ਹੈ ਕਿ ਕੀ ਕਾਰ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਰਜ਼ਾ ਹੈ ਜਾਂ ਨਹੀਂ।
ਭਾਵੇਂ ਤੁਸੀਂ ਕਾਰਾਂ ਬਾਰੇ ਬਹੁਤ ਕੁਝ ਨਹੀਂ ਜਾਣਦੇ ਪਰ ਕੁਝ ਚੀਜ਼ਾਂ ਜ਼ਰੀਏ ਤੁਸੀਂ ਕਾਰ ਦੇ ਨੁਕਸਾਨ, ਨੁਕਸ ਜਾਂ ਸਰਵਿਸ ਦੇ ਮਾੜੇ ਰਿਕਾਰਡ ਬਾਰੇ ਪਤਾ ਲਗਾ ਸਕਦੇ ਹੋ।
ਸ੍ਰੀ ਨਿਕਲਸਨ ਕਹਿੰਦੇ ਹਨ ਕਿ ਕੋਈ ਵੀ ਗੱਡੀ ਖਰੀਦਣ ਤੋਂ ਪਹਿਲਾਂ ਗੱਡੀ ਦੀ ਬਾਡੀ ਦੇ ਹਰੇਕ ਪੈਨਲ ਅਤੇ ਛੱਤ ਉੱਤੇ ਪੇਂਟ ਸਣੇ ਹਰੇਕ ਤਰ੍ਹਾਂ ਦੇ ਸਕ੍ਰੈਚ, ਡੈਂਟ ਅਤੇ ਜੰਗਾਲ ਦੀ ਸਥਿਤੀ ਦੀ ਪੂਰੀ ਜਾਂਚ ਕੀਤੀ ਜਾਵੇ।
ਉਹ ਕਾਰ ਦੇ ਹੇਠਾਂ ਮੁਆਇਨਾ ਕਰਨ ਅਤੇ ਤੇਲ, ਕੂਲੈਂਟ ਜਾਂ ਹੋਰ ਲੀਕ ਬਾਰੇ ਪਤਾ ਕਰਨ ਦਾ ਵੀ ਸੁਝਾਅ ਦਿੰਦੇ ਹਨ ਜੋ ਕਿ ਮੁਰੰਮਤ ਦੀ ਜ਼ਰੂਰਤ ਦਾ ਸੰਕੇਤ ਦੇ ਸਕਦਾ ਹੈ।
ਲੋਗਨ ਸੋਮਰਜ਼ ਉਸ ਦਿਨ ਕਾਰ ਦਾ ਮੁਆਇਨਾ ਕਰਨ ਦੀ ਸਲਾਹ ਦਿੰਦੇ ਹਨ ਜਿਸ ਦਿਨ ਮੀਂਹ ਨਾ ਪੈਂਦਾ ਹੋਵੇ ਕਿਉਂਕਿ ਬਾਰਸ਼ ਕਰਕੇ ਕਾਰ ਚਮਕਦਾਰ ਦਿਖ ਸਕਦੀ ਹੈ ਅਤੇ ਕਾਰ ਦੀ ਬਾਡੀ ਦੀਆਂ ਕਮੀਆਂ ਲੁਕ ਸਕਦੀਆਂ ਹਨ।
ਉਹ ਇਹ ਵੀ ਕਹਿੰਦੇ ਹਨ ਕਿ ਬੋਨਟ ਦੇ ਹੇਠਾਂ ਕੋਈ ਲੀਕ ਨਾ ਹੋਣ ਨੂੰ ਯਕੀਨੀ ਬਣਾਉਣ ਦਾ ਸਭ ਤੋਂ ਸਸਤਾ ਅਤੇ ਤੇਜ਼ ਤਰੀਕਾ ਹੈ ਕਿ ਗੱਡੀ ਦੀ ਟੈਸਟ ਡਰਾਈਵ ਲੈਣ ਤੋਂ ਪਹਿਲਾਂ ਅਤੇ ਬਾਅਦ ਵਿਚ ਇੰਜਨ ਦੇ ਤੇਲ ਦੇ ਪੱਧਰ ਦੀ ਜਾਂਚ ਕੀਤੀ ਜਾਵੇ।
ਟਿਮ ਨਿਕਲਸਨ ਦਾ ਕਹਿਣਾ ਹੈ ਕਿ ਇੰਜਨ ਨਾਲ ਸੰਬੰਧਤ ਲੁਕੀਆਂ ਹੋਈਆਂ ਸਮੱਸਿਆਵਾਂ ਜ਼ਾਹਰ ਕਰਨ ਦਾ ਇਕ ਹੋਰ ਢੰਗ ਹੈ ਕਾਰ ਦਾ ਇੰਜਣ ਠੰਡਾ ਹੋਣ 'ਤੇ ਕਾਰ ਸਟਾਰਟ ਕਰਨ ਉਪਰੰਤ ਸਾਇਲੈਂਸਰ ਵਿਚੋਂ ਨਿਕਲਣ ਵਾਲੇ ਧੂਏਂ ਉੱਤੇ ਧਿਆਨ ਦੇਣਾ।
ਕਾਰ ਸੇਲਜ਼ ਦੇ ਤਕਨੀਕੀ ਸੰਪਾਦਕ ਕੈਨ ਗ੍ਰੇਟਨ ਦਾ ਕਹਿਣਾ ਹੈ ਕਿ ਭਾਵੇਂ ਤੁਹਾਨੂੰ ਕਿਸੇ ਪ੍ਰਾਈਵੇਟ ਵਿਕਰੇਤਾ ਕੋਲੋਂ ਲਾਇਸੰਸਸ਼ੁਦਾ ਡੀਲਰਸ਼ਿਪ ਨਾਲੋਂ ਥੋੜ੍ਹੀ ਚੰਗੀ ਕੀਮਤ 'ਤੇ ਗੱਡੀ ਮਿਲ ਸਕਦੀ ਹੈ ਪਰ ਇਹ ਜਾਣਨਾ ਮਹੱਤਵਪੂਰਨ ਹੈ ਕਿ ਪ੍ਰਾਈਵੇਟ ਵਿਕਰੇਤਾ ਸੰਭਾਵਿਤ ਸਮੱਸਿਆਵਾਂ ਦਾ ਖੁਲਾਸਾ ਕਰਨ ਲਈ ਮਜਬੂਰ ਨਹੀਂ ਹੁੰਦੇ ਭਾਵੇਂ ਉਹ ਉਨ੍ਹਾਂ ਬਾਰੇ ਜਾਣਦੇ ਹੀ ਕਿਉਂ ਨਾਂ ਹੋਣ।
ਕੈਨ ਗ੍ਰੇਟਨ ਦਾ ਕਹਿਣਾ ਹੈ ਕਿ ਇਕ ਨਾਮਵਰ ਡੀਲਰਸ਼ਿਪ ਤੋਂ ਕਾਰ ਖਰੀਦਣਾ ਖਰੀਦਦਾਰ 'ਤੇ ਬਣੇ ਦਬਾਅ ਨੂੰ ਕੁਝ ਹੱਦ ਤਕ ਦੂਰ ਕਰ ਸਕਦਾ ਹੈ।
ਆਸਟ੍ਰੇਲੀਅਨ ਕੰਜ਼ਿਊਮਰ ਕਾਨੂੰਨ ਕਿਸੇ ਪ੍ਰਾਈਵੇਟ ਵਿਕਰੇਤਾ ਤੋਂ ਖਰੀਦੀਆਂ ਹੋਈਆਂ ਕਾਰਾਂ 'ਤੇ ਲਾਗੂ ਨਹੀਂ ਹੁੰਦੇ।
ਤੁਸੀਂ ਆਪਣੀ ਸਟੇਟ ਟਰਾਂਸਪੋਰਟ ਅਥਾਰਟੀ ਅਤੇ ਕੰਜ਼ਿਊਮਰ ਅਫੇਅਰ ਵੈਬਸਾਈਟ ਤੋਂ ਵੀ ਮਦਦਗਾਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।