ਐਡੀਲੇਡ ਵਿੱਚ ਰਹਿਣ ਵਾਲੀ ਇੱਕ ਔਰਤ ਨੂੰ ਭਾਰਤ ਤੋਂ ਇੱਕ ਪਾਰਸਲ ਰਾਹੀਂ ਨਸ਼ਾ ਬਣਾਉਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਕੈਮੀਕਲ ਦੀ ਵਪਾਰਿਕ ਮਿਕਦਾਰ ਆਸਟ੍ਰੇਲੀਆ ਲਿਆਉਣ ਦੀ ਕੋਸ਼ਿਸ਼ ਦਾ ਮੁਜਰਿਮ ਮਨਿਆ ਗਿਆ ਹੈ।
ਆਸਟ੍ਰੇਲੀਅਨ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਕੇਸੀ ਸਿੰਘ ਦੇ ਨਾਂ ਤੇ ਭਾਰਤ ਤੋਂ ਭੇਜੇ ਇੱਕ ਪਾਰਸਲ ਜਿਸ ਵਿੱਚ ਪੰਜ ਸੈਂਡਲ ਸਨ ਦੀ ਏਕ੍ਸਰੇ ਪੜਤਾਲ ਕੀਤੀ ਤਾਂ ਉਸ ਵਿਚੋਂ ਐਫੇਡਰਿਨ ਜੋ ਕਿ ਕਈ ਦਵਾਈਆਂ ਬਣਾਉਣ ਤੋਂ ਅਲਾਵਾ ਗੈਰਕਾਨੂੰਨੀ ਨਸ਼ਾ ਆਈਸ ਬਣਾਉਣ ਦੇ ਵੀ ਕੰਮ ਆਉਂਦਾ ਹੈ ਮਿਲਿਆ
ਪਾਰਸਲ ਮਿਲਣ ਦੇ ਕੁੱਝ ਦਿਨ ਮਗਰੋਂ ਫਰਵਰੀ 2017 ਵਿੱਚ ਅਧਿਕਾਰੀਆਂ ਨੇ ਕੇਸੀ ਸਿੰਘ ਦੇ ਐਡੀਲੇਡ ਘਰ ਦੀ ਤਲਾਸ਼ੀ ਲਈ ਤਾਂ ਉਹਨਾਂ ਨੂੰ ਆਈਸ ਬਣਾਉਣ ਅਤੇ ਨਸ਼ਾ ਕਰਨ ਵਿੱਚ ਇਸਤੇਮਾਲ ਹੋਣ ਵਾਲਾ ਕੁਝ ਸਮਾਨ ਬਰਾਮਦ ਹੋਇਆ। ਉਸਦੇ ਫੇਸਬੂਕ ਤੋਂ ਕੁਝ ਅਜਿਹੇ ਮੈਸੇਜ ਵੀ ਮਿਲੇ ਜੋ ਉਸ ਵੱਲੋਂ ਆਈਸ ਦੇ ਨਸ਼ੇ ਵਿੱਚ ਦਿਲਚਸਪੀ ਵੱਲ ਇਸ਼ਾਰਾ ਕਰਦੇ ਸਨ।
ਪਰੰਤੂ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜੋ ਕਿ ਉਸ ਵੱਲੋਂ ਨਸ਼ਾ ਵੇਚਣ ਜਾਂ ਭਾਰਤ ਤੋਂ ਭੇਜੇ ਗਏ ਕਿਸੇ ਪਾਰਸਲ ਨੂੰ ਉਸ ਵੱਲੋਂ ਟਰੈਕ ਕਰਨ ਵੱਲ ਇਸ਼ਾਰਾ ਕਰਦੇ ਹੋਣ।
ਜਿਸ ਪਾਰਸਲ ਵਿੱਚ ਐਫੇਡਰਿਨ ਮਿਲੀ ਸੀ ਹਾਲਾਂਕਿ ਉਸ ਉੱਪਰ ਨਾਮ ਕੇਸੀ ਸਿੰਘ ਦਾ ਸੀ ਪਰੰਤੂ ਪਤਾ ਉਸਦੇ ਬਿਲਕੁਲ ਨਾਲ ਵਾਲੇ ਘਰ ਦਾ ਲਿਖਿਆ ਸੀ।
ਅਧਿਕਾਰੀਆਂ ਨੇ ਉਸ ਔਰਤ ਨਾਲ ਗੱਲ ਕੀਤੀ ਜਿਸਦੇ ਘਰ ਦਾ ਪਤਾ ਉਸ ਪਾਰਸਲ ਤੇ ਲਿਖਿਆ ਸੀ। ਉਸਨੇ ਅਧਿਕਾਰੀਆਂ ਨੂੰ ਦੱਸਿਆ ਕਿ ਕੇਸੀ ਸਿੰਘ ਨੇ ਉਸ ਕੋਲੋਂ ਫਰਵਰੀ 2017 ਦੀ ਸ਼ੁਰੂਆਤ ਵਿੱਚ ਇਸ ਪਾਰਸਲ ਬਾਰੇ ਪੁੱਛਿਆ ਸੀ ਜੋ ਕਿ ਭਾਰਤ ਤੋਂ ਆਉਣਾ ਸੀ। ਉਸਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕੇਸੀ ਸਿੰਘ ਦੋ ਪਾਰਸਲ ਉਸਦੇ ਘਰ ਆਏ ਸਨ।
ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਕੇਸੀ ਨੇ ਇਹ ਨਹੀਂ ਕਿਹਾ ਸੀ ਕਿ ਪਾਰਸਲ ਭਾਰਤ ਤੋਂ ਆ ਰਿਹਾ ਹੈ। ਪਰੰਤੂ ਗੁਆਂਢਣ ਨੇ ਦਿੱਤੇ ਬਿਆਨ ਵਿੱਚ ਕਿਹਾ ਕਿ ਜਦੋਂ ਕੇਸੀ ਸਿੰਘ ਫਰਵਰੀ 2017 ਵਿੱਚ ਉਸਦੇ ਘਰ ਇੱਕ ਵਾਰ ਫੇਰ ਪਾਰਸਲ ਬਾਰੇ ਪੁੱਛਣ ਆਈ ਤਾਂ ਉਸਨੇ ਕੇਸੀ ਨੂੰ ਪੁੱਛਿਆ ਕਿ ਉਹ ਭੇਜਣ ਵਾਲੇ ਨੂੰ ਸਹੀ ਪਤਾ ਕਿਉਂ ਨਹੀਂ ਦਿੰਦੀ। ਗੁਆਂਢਣ ਨੇ ਕਿਹਾ ਕਿ ਇਸਤੇ ਕੇਸੀ ਨੇ ਉਸਨੂੰ ਕਿਹਾ ਕਿ ਉਸਦੇ ਪਤੀ ਦੇ ਰਿਸ਼ਤੇਦਾਰ ਭਾਰਤ ਵਿੱਚ ਦੂਰ ਦਰਾਡੇ ਪੇਂਡੂ ਇਲਾਕੇ ਵਿੱਚ ਰਹਿੰਦੇ ਹਨ ਅਤੇ ਓਹਨਾ ਦੇ ਨਾਲ ਫੋਨ ਤੇ ਸੰਪਰਕ ਕਰਨਾ ਔਖਾ ਹੈ।
ਸਾਊਥ ਆਸਟ੍ਰੇਲੀਆ ਡਿਸਟ੍ਰਿਕਟ ਕੋਰਟ ਨੇ ਪਿਛਲੇ ਸਾਲ ਅਕਤੂਬਰ ਵਿੱਚ ਕੇਸੀ ਸਿੰਘ ਨੂੰ ਇੱਕ ਕੰਟ੍ਰੋਲਡ ਕੈਮੀਕਲ ਨੂੰ ਆਸਟ੍ਰੇਲੀਆ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ ਦਾ ਮੁਜਰਿਮ ਕਰਾਰ ਦਿੱਤਾ। ਇਸ ਫੈਸਲੇ ਦੇ ਵਿਰੁੱਧ ਸਾਊਥ ਆਸਟ੍ਰੇਲੀਆ ਦੇ ਸੁਪਰੀਮ ਕੋਰਟ ਵਿੱਚ ਕੀਤੀ ਅਪੀਲ ਨੂੰ 17 ਮਈ ਨੂੰ ਖਾਰਿਜ ਕਰ ਦਿੱਤਾ ਗਿਆ। ਅਦਾਲਤ ਨੇ ਕਿਹਾ ਕਿ ਹਾਲਾਂਕਿ ਕੇਸੀ ਵੱਲੋਂ ਨਸ਼ਾ ਵੇਚਣ ਸੰਬਧੀ ਕੋਈ ਸਬੂਤ ਨਹੀਂ ਮਿਲੇ ਸਨ ਅਤੇ ਮਿਲੇ ਸਬੂਤਾਂ ਵਿੱਚ ਕੁਝ "ਗੈੱਪ" ਦੇ ਬਾਵਜੂਦ ਮੌਕਾਈ ਸਬੂਤ ਇਹ ਸਾਬਿਤ ਕਰਨ ਲਈ ਕਾਫੀ ਹਨ ਕਿ ਉਸਨੇ ਇਸ ਕੈਮੀਕਲ ਨੂੰ ਆਸਟ੍ਰੇਲੀਆ ਲਿਆਉਣ ਦੀ ਕੋਸ਼ਿਸ਼ ਕੀਤੀ ਸੀ।
ਸਾਊਥ ਆਸਟ੍ਰੇਲੀਆ ਦਾ ਡਿਸਟ੍ਰਿਕਟ ਕੋਰਟ ਇਸ ਮਾਮਲੇ ਵਿੱਚ 17 ਜੁਲਾਈ ਨੂੰ ਸਜ਼ਾ ਸੁਣਾਵੇਗਾ।