30 ਸਾਲਾ ਮੁਕੇਸ਼ ਕੁਮਾਰ ਜਿਸਨੂੰ ਕਿ ਸਾਲ 2016 ਵਿੱਚ ਆਸਟ੍ਰੇਲੀਆ ਤੋਂ ਭਾਰਤ ਵਾਪਿਸ ਜਾਣਾ ਪਿਆ, ਨੇ ਭਾਰਤੀ ਪੁਲਿਸ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਉਸ ਨੇ ਆਪਣੇ ਵਕੀਲ ਦੀ ਸਲਾਹ 'ਤੇ ਇੱਕ ਆਸਟ੍ਰੇਲੀਅਨ ਨਾਗਰਿਕ ਔਰਤ ਦੇ ਨਾਲ ਕਾਂਟਰੈਕਟ ਵਿਆਹ ਕੀਤਾ ਸੀ।
50 ਸਾਲ ਦੀ ਜੁਲੀਆਣਾ ਮਾਰੀਆ ਮੌਰਿਸ, ਜੋ ਕਿ ਭਾਰਤੀ ਮੂਲ ਦੀ ਆਸਟ੍ਰੇਲੀਅਨ ਨਾਗਰਿਕ ਹੈ, ਨੇ ਭਾਰਤ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਮੁਕੇਸ਼ ਨੇ ਉਸਦੇ ਨਾਲ ਵਿਆਹੇ ਹੋਣ ਦੇ ਬਾਵਜੂਦ ਭਾਰਤ ਵਿੱਚ ਦੂਜਾ ਵਿਆਹ ਕੀਤਾ ਹੈ ਅਤੇ ਉਸ ਦੇ ਨਾਲ ਹਜ਼ਾਰਾਂ ਡਾਲਰ ਦੀ ਠੱਗੀ ਮਾਰੀ ਹੈ।
ਜੁਲੀਆਣਾ ਮੁਤਾਬਿਕ, ਉਹ ਮੁਕੇਸ਼ ਨੂੰ 2013 ਵਿੱਚ ਪਰਥ ਦੇ ਇੱਕ ਭਾਰਤੀ ਰੇਸਟੋਰੇਂਟ ਵਿੱਚ ਕੰਮ ਕਰਦਿਆਂ ਮਿਲੀ ਅਤੇ 2014 ਜਨਵਰੀ ਵਿੱਚ ਦੋਹਾਂ ਨੇ ਵਿਆਹ ਕਰ ਲਿਆ। ਉਸ ਵੇਲੇ ਮੁਕੇਸ਼ ਆਸਟ੍ਰੇਲੀਆ ਵਿੱਚ ਬਗੈਰ ਵੀਜ਼ੇ ਤੋਂ ਗੈਰ ਕਾਨੂੰਨੀ ਰਹਿ ਰਿਹਾ ਸੀ। ਵਿਆਹ ਮਗਰੋਂ ਉਸਨੇ ਜੁਲੀਆਣਾ ਨਾਲ ਰਿਸ਼ਤੇ ਦੇ ਅਧਾਰ ਤੇ ਵੀਜ਼ਾ ਅਰਜ਼ੀ ਦਾਖਿਲ ਕੀਤੀ ਜਿਸਨੂੰ ਸਾਲ 2015 ਵਿੱਚ ਖਾਰਿਜ ਕਰ ਦਿੱਤਾ ਗਿਆ। ਉਸਦੀ ਵੀਜ਼ਾ ਅਰਜ਼ੀ ਖਾਰਿਜ ਕਰਨ ਦਾ ਅਧਾਰ ਮੁਕੇਸ਼ ਨੂੰ ਅਦਾਲਤ ਵੱਲੋਂ ਚਾਰ ਟ੍ਰੈਫਿਕ ਅਪਰਾਧਾਂ ਵਿੱਚ ਮੁਜਰਿਮ ਕਰਾਰ ਦੇਣਾ ਸੀ।
ਇਮੀਗ੍ਰੇਸ਼ਨ ਵਿਭਾਗ ਨੇ ਉਸਦੇ ਕਿਰਦਾਰ ਨੂੰ ਆਸਟ੍ਰੇਲੀਆ ਦੇ ਵੀਜ਼ੇ ਦੇ ਯੋਗ ਨਹੀਂ ਸਮਝਿਆ।
ਸਾਲ 2016 ਵਿੱਚ ਵਿਭਾਗ ਦੇ ਇਸ ਫੈਸਲੇ ਵਿਰੁੱਧ ਉਸਦੀ ਅਪੀਲ ਦੇ ਖਾਰਿਜ ਕੀਤੇ ਜਾਨ ਮਗਰੋਂ ਉਸਨੂੰ ਭਾਰਤ ਮੁੜਨਾ ਪਿਆ। ਇਸ ਮਗਰੋਂ ਉਸਨੇ ਜੁਲੀਆਣਾ ਦੇ ਨਾਲ ਆਪਣਾ ਰਿਸ਼ਤਾ ਬਰਕਰਾਰ ਰੱਖਿਆ। ਪਰੰਤੂ ਸਾਲ 2018 ਵਿੱਚ ਉਸਦੀ ਵੀਜ਼ਾ ਅਰਜ਼ੀ ਨੂੰ ਇੱਕ ਵਾਰ ਮੁੜ ਖਾਰਿਜ ਕੀਤੇ ਜਾਣ ਉਪਰੰਤ, ਮੁਕੇਸ਼ ਨੇ ਜੁਲੀਆਣਾ ਨਾਲ ਆਪਣਾ ਰਿਸ਼ਤਾ ਖਤਮ ਕਰਨ ਦੀ ਕੋਸ਼ਿਸ਼ ਕੀਤੀ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜੁਲੀਆਣਾ ਨੇ ਦੋਸ਼ ਲਗਾਇਆ ਹੈ ਕਿ ਮੁਕੇਸ਼ ਨੇ ਭਾਰਤ ਮੁੜਨ ਤੋਂ ਪਹਿਲਾਂ ਬਗੈਰ ਉਸਦੀ ਮਰਜ਼ੀ, ਉਸਦੀ $14,000 ਦੀ ਕਾਰ ਵੇਚ ਤੇ ਉਸਦੇ ਪੈਸੇ ਆਪਣੇ ਕੋਲ ਰੱਖੇ। ਇਸਤੋਂ ਅਲਾਵਾ ਉਸਨੇ ਇਹ ਵੀ ਦੋਸ਼ ਲਗਾਏ ਕਿ ਉਸਦੇ ਨਾਲ ਵਿਆਹੇ ਹੋਣ ਦੇ ਬਾਵਜੂਦ ਬਿਨਾ ਤਲਾਕ ਦੇ ਮੁਕੇਸ਼ ਨੇ ਭਾਰਤ ਵਿੱਚ ਦੂਜਾ ਵਿਆਹ ਕਰ ਲਿਆ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮੁਕੇਸ਼ ਕੁਮਾਰ ਨੇ ਦਾਅਵਾ ਕੀਤਾ ਕਿ ਜੁਲੀਆਣਾ ਦੇ ਨਾਲ ਉਸਦਾ ਰਿਸ਼ਤਾ ਕੇਵਲ ਆਸਟ੍ਰੇਲੀਆ ਦਾ ਵੀਜ਼ੇ ਲਈ ਸੀ। ਉਸਨੇ ਕਿਹਾ ਕਿ ਕਿਉਂਕਿ ਉਸ ਵੇਲੇ ਉਹ ਆਸਟ੍ਰੇਲੀਆ ਵਿੱਚ ਗੈਰ ਕਾਨੂੰਨੀ ਸੀ ਅਤੇ ਇੱਥੇ ਪੱਕਾ ਹੋਣਾ ਚਾਹੁੰਦਾ ਸੀ, ਉਸਨੇ ਆਪਣੇ ਵਕੀਲ ਦੀ ਸਲਾਹ ਤੇ ਜੁਲੀਆਣਾ ਦੇ ਨਾਲ ਕਾਂਟਰੈਕਟ ਮੈਰਿਜ ਕੀਤੀ ਸੀ। ਉਸਨੇ ਕਿਹਾ ਕਿ 2018 ਵਿੱਚ ਉਸਦੀ ਦੂਜੀ ਵੀਜ਼ਾ ਅਰਜੀ ਖਾਰਿਜ ਕੀਤੇ ਜਾਨ ਮਗਰੋਂ ਆਸਟ੍ਰੇਲੀਆ ਮੁੜਨ ਦੀ ਉਸਦੀ ਉਮੀਦ ਖਤਮ ਹੋ ਗਈ ਅਤੇ ਉਸਨੇ ਭਾਰਤ ਵਿੱਚ ਆਪਣਾ ਜੀਵਨ ਸ਼ੁਰੂ ਕਰਨ ਲਈ ਆਪਣੇ ਮਾਪਿਆਂ ਦੀ ਪਸੰਦ ਦੀ ਕੁੜੀ ਨਾਲ ਵਿਆਹ ਕਰ ਲਿਆ।
ਜੁਲੀਆਣਾ ਨੇ ਕਾਂਟਰੈਕਟ ਮੈਰਿਜ ਦੀ ਗੱਲ ਨੂੰ ਨਕਾਰਿਆ ਹੈ।
ਹਾਲਾਂਕਿ ਪਤੀ/ਪਤਨੀ ਦੇ ਜਿਓੰਦੇ ਜੀ ਬਿਨਾ ਤਲਾਕ ਦੂਜਾ ਵਿਆਹ ਕਰਨਾ ਭਾਰਤੀ ਕਾਨੂੰਨ ਹੇਠ ਇੱਕ ਅਪਰਾਧ ਹੈ, ਪੁਲਿਸ ਨੇ ਜੁਲੀਆਣਾ ਨੂੰ ਇਸ ਬਾਰੇ ਕੈਥਲ ਦੀ ਜ਼ਿਲਾ ਅਦਾਲਤ ਵਿੱਚ ਸ਼ਿਕਾਇਤ ਕਰਨ ਦੀ ਸਲਾਹ ਦਿੱਤੀ ਹੈ। ਜੁਲੀਆਣਾ ਨੇ ਦੱਸਿਆ ਕਿ ਉਸਨੇ ਇਸਦੇ ਲਈ ਇੱਕ ਵਕੀਲ ਨਾਲ ਗੱਲ ਕੀਤੀ ਹੈ।