ਹਾਲਾਂਕਿ ਇਹ ਸਾਲ ਦਾ ਸਭ ਤੋਂ ਖੁਸ਼ਹਾਲ ਸਮਾਂ ਹੁੰਦਾ ਹੈ ਪਰ ਕ੍ਰਿਸਮਸ ਵਰਗਾ ਮੁਬਾਰਕ ਸਮਾਂ ਵੀ ਇਕੱਲਤਾ ਅਤੇ ਤਣਾਅ ਨਾਲ਼ ਭਰਪੂਰ ਹੋ ਸਕਦਾ ਹੈ। ਵੱਖ-ਵੱਖ ਸੇਵਾ ਸੰਸਥਾਵਾਂ ਦਾ ਮਨਣਾ ਹੈ ਕਿ ਕੋਵਿਡ-19 ਮਹਾਂਮਾਰੀ ਨਾਲ ਪ੍ਰਭਾਵਤ ਹੋਏ ਸਮਾਜ ਦੇ ਵੱਡੇ ਹਿਸੇ ਨੂੰ ਇਸ ਚੁਣੌਤੀਪੂਰਨ ਸਮੇਂ ਵਿੱਚ ਪਹਿਲਾਂ ਨਾਲੋਂ ਵੱਧ ਮਦਦ ਦੀ ਲੋੜ ਹੈ।
ਸਾਲਵੇਸ਼ਨ ਆਰਮੀ ਵਲੋਂ ਕੀਤੇ ਗਏ ਇੱਕ ਸਰਵੇਖਣ ਅਨੁਸਾਰ 20 ਮਿਲੀਅਨ ਤੋਂ ਵੱਧ ਆਸਟ੍ਰੇਲੀਅਨ ਲੋਕ ਇਸ ਵੇਲ਼ੇ ਚਿੰਤਤ ਹਨ ਕਿ ਉਨ੍ਹਾਂ ਦੇ ਬੱਚੇ ਇਸ ਕ੍ਰਿਸਮਸ ਵਿਚ ਭੋਜਨ ਅਤੇ ਬੁਨਿਆਦੀ ਜੀਵਨ ਦੀਆਂ ਜਰੂਰਤਾਂ ਤੋਂ ਵਾਂਝੇ ਰਹਿ ਜਾਣਗੇ। ਮਿਸ਼ਨ ਆਸਟ੍ਰੇਲੀਆ ਦਾ ਵੀ ਮਨਣਾ ਹੈ ਕਿ 25 ਦਸੰਬਰ ਨੂੰ 116,000 ਤੋਂ ਵੱਧ ਲੋਕ ਬੇਘਰ ਹੋ ਸਕਦੇ ਹਨ।
ਵੱਖ-ਵੱਖ ਸੇਵਾ ਸੰਸਥਾਵਾਂ, ਜਿਵੇਂ ਕਿ ਸਾਲਵੇਸ਼ਨ ਆਰਮੀ, ਸਿਡਨੀ ਵੇਸਾਈਡ ਚੈਪਲ ਅਤੇ ਮਿਸ਼ਨ ਆਸਟ੍ਰੇਲੀਆ ਵਲੋਂ ਇਸ ਮੌਕੇ ਥਾਂ-ਥਾਂ ਤੇ ਮੁਫ਼ਤ ਭੋਜਨ ਦੇ ਪ੍ਰਬੰਧ ਕੀਤੇ ਹਨ ਜਿਸਦੀ ਜਾਣਕਾਰੀ ਉਨ੍ਹਾਂ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਮਾਨਸਿਕ ਸਿਹਤ ਅਤੇ ਹੋਰ ਸਮੱਸਿਆਵਾਂ ਨਾਲ਼ ਜੂਝ ਰਹੇ ਲੋਕਾਂ ਲਈ ਸਹਾਇਤਾ ਬੀਯੋਨਡ ਬਲੂ ਅਤੇ ਲਾਈਫਲਾਈਨ ਨਾਮਕ ਸੰਸਥਾਵਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਪੰਜ ਤੋਂ 25 ਸਾਲ ਦੀ ਉਮਰ ਦੇ ਨੌਜਵਾਨ ਆਸਟ੍ਰੇਲੀਅਨ ਬੱਚਿਆਂ ਲਈ ਯੌਰਟਾਉਨ ਦੁਆਰਾ ਚਲਾਈ ਗਈ ਕਿਡਜ਼ ਹੈਲਪਲਾਈਨ ਤੋਂ ਕਿਸੇ ਵੇਲ਼ੇ ਵੀ ਸਲਾਹ ਜਾਂ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
ਘਰੇਲੂ ਹਿੰਸਾ ਅਤੇ ਜਿਨਸੀ ਸ਼ੋਸ਼ਣ ਨਾਲ ਜੁੜੇ ਮੁੱਦਿਆਂ ਨਾਲ ਨਜਿੱਠਣ ਲਈ 1800 RESPECT ਤੇ ਫੋਨ ਕਰਕੇ ਸਲਾਹ ਲਈ ਜਾ ਸਕਦੀ ਹੈ। ਘਰੇਲੂ ਹਿੰਸਾ ਦੇ ਸ਼ਿਕਾਰ ਪੁਰਸ਼ ਮੈਂਨਸ ਰੈਫਰਲ ਸਰਵਿਸ ਨੂੰ 1300 766 491 ਤੇ ਫ਼ੋਨ ਕਰ ਸੰਪਰਕ ਕਰ ਸਲਾਹ ਲੈ ਸਕਦੇ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।