ਵਿਕਟੋਰੀਆ ਵਿੱਚ ਮਾਪਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕੋਵਿਡ-19 ਦੇ ਚਲਦਿਆਂ ਬੱਚਿਆਂ ਦੇ ਟੀਕਾਕਰਨ ਦੀ ਅਣਦੇਖੀ ਨਾ ਕਰਨ।
ਰਾਇਲ ਚਿਲਡਰਨਜ਼ ਹਸਪਤਾਲ ਬਾਲ-ਮਾਹਰ ਐਂਟੀਆ ਰੋਡਜ਼ ਦੁਆਰਾ 2,000 ਤੋਂ ਵੱਧ ਮਾਪਿਆਂ ਦੇ ਇੱਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਇਸ ਮਹਾਂਮਾਰੀ ਦੌਰਾਨ ਪੰਜ ਸਾਲ ਤੋਂ ਘੱਟ ਉਮਰ ਦੇ ਪੰਜ ਬੱਚਿਆਂ ਵਿੱਚੋਂ ਇੱਕ ਨੂੰ ਨਿਯਮਿਤ ਟੀਕਾਕਰਣ ਵਿੱਚ ਦੇਰੀ ਹੋਈ ਹੈ।
ਡਾਕਟਰ ਰ੍ਹੋਡਜ਼ ਨੇ ਐਤਵਾਰ ਨੂੰ ਕਿਹਾ, "ਮਾਪਿਆਂ ਦੇ ਟੀਕਾਕਰਣ ਦੇਖਭਾਲ ਵਿੱਚ ਦੇਰੀ ਕਰਨ ਦਾ ਮੁੱਖ ਕਾਰਨ ਕੋਵਿਡ-19 ਦੀ ਲਾਗ ਲੱਗਣ ਬਾਰੇ ਡਰ ਜਾਂ ਆਪਣੀ ਚਿੰਤਾ ਸੀ।"
ਇਹ ਅੰਕੜਾ ਹੁਣ ਵਧਕੇ ਤਿੰਨ ਪਰਿਵਾਰਾਂ ਵਿੱਚੋਂ ਦੋ ਹੋ ਗਿਆ ਹੈ ਜਿਸ ਪਿਛਲਾ ਕਾਰਣ ਜੂਨ ਤੋਂ ਆਰ ਸੀ ਐਚ ਦੀ ਟੀਕਾਕਰਨ ਸੇਵਾ ਵਿੱਚ ਹੋ ਰਹੀ ਦੇਰੀ ਹੈ।
ਇਸਦੇ ਜਵਾਬ ਵਿੱਚ, ਹਸਪਤਾਲ ਨੇ ਇੱਕ ਨਵਾਂ ਡਰਾਈਵ-ਥਰੂ ਕਲੀਨਿਕ ਸਥਾਪਤ ਕੀਤਾ ਹੈ ਤਾਂ ਜੋ ਪਰਿਵਾਰ ਆਪਣੇ ਬੱਚਿਆਂ ਦੇ ਟੀਕਾਕਰਨ ਨੂੰ ਹਸਪਤਾਲ ਵਿਚਲੇ ਵਾਤਾਵਰਣ ਤੋਂ ਬਾਹਰ ਰੱਖ ਸਕਣ।
ਡਾ. ਰੋਡਜ਼ ਨੇ ਕਿਹਾ ਕਿ ਕੁਝ ਮਾਪੇ ਇਸ ਗਲਤ ਪ੍ਰਭਾਵ ਹੇਠ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਬਿਮਾਰੀਆਂ ਫੈਲਣ ਦਾ ਜੋਖਮ ਨਹੀਂ ਕਿਉਂਕਿ ਉਹ ਹੁਣ ਸਕੂਲ ਜਾਂ ਡੇਕੇਅਰ ਵਿੱਚ ਨਹੀਂ ਹਨ।
ਉਨ੍ਹਾਂ ਕਿਹਾ ਕਿ ਜੇ ਬੱਚੇ ਟੀਕੇ ਲਵਾਏ ਬਿਨਾਂ ਸਿਖਲਾਈ ਲਈ ਵਾਪਸ ਆ ਜਾਂਦੇ ਹਨ, ਤਾਂ ਖੰਘ, ਖਸਰਾ ਅਤੇ ਚਿਕਨਪੌਕਸ ਵਰਗੀਆਂ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਹੋ ਸਕਦਾ ਹੈ।
ਡ੍ਰਾਇਵ-ਥ੍ਰੂ ਦੀ ਇਹ ਸੇਵਾ ਉਨ੍ਹਾਂ ਸਾਰੇ ਬੱਚਿਆਂ ਲਈ ਉਪਲਬਧ ਹੈ ਜਿਹੜੇ ਕੋਵਿਡ ਕਰਕੇ ਟੀਕਾਕਰਣ ਵਿਚਲੀ ਰੁਕਾਵਟ ਦਾ ਸਾਮਣਾ ਕਰ ਰਹੇ ਹਨ।
ਡਾ. ਰੋਡਜ਼ ਨੇ ਕਿਹਾ ਕਿ ਰਾਜ ਭਰ ਦੇ ਹੋਰ ਸਿਹਤ ਸੰਭਾਲ ਪ੍ਰਦਾਤਾ ਵੀ ਇਸੇ ਤਰ੍ਹਾਂ ਦੇ ਪ੍ਰਬੰਧਾਂ ਨੂੰ ਸ਼ੁਰੂ ਕਰਨ ਉੱਤੇ ਵਿਚਾਰ ਕਰ ਰਹੇ ਹਨ।
"ਇੱਥੇ ਕੁਝ ਜੀਪੀ ਵੀ ਹਨ ਜੋ ਡਰਾਈਵ-ਅਧਾਰਤ ਸੇਵਾਵਾਂ ਅਤੇ ਹੋਰ ਸਥਾਨਕ ਕੌਂਸਲ ਖੇਤਰਾਂ ਅਤੇ ਸਾਡੇ ਕੁਝ ਮੈਟਰੋਪੋਲੀਟਨ ਹਸਪਤਾਲ ਦੇ ਸਹਿਭਾਗੀਆਂ ਨੂੰ ਇਹ ਸੇਵਾਵਾਂ ਪ੍ਰਦਾਨ ਕਰਨਗੇ।"
ਆਰ ਸੀ ਐਚ ਦੇ ਰਾਸ਼ਟਰੀ ਬਾਲ ਸਿਹਤ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਬਿਮਾਰ ਹੋਣ ਵਾਲੇ ਬੱਚਿਆਂ ਵਿੱਚੋਂ ਇੱਕ ਤਿਹਾਈ ਬੱਚਿਆਂ ਦੀ ਸਿਹਤ ਦੇਖ-ਰੇਖ ਵਿੱਚ ਵਧੇਰੇ ਵਿਆਪਕ ਦੇਰੀ ਹੋਈ ਹੈ।
ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਚੈੱਕ-ਅਪ ਕਰਵਾਉਣ ਲਈ ਲਿਜਾਣਾ ਸੁਰੱਖਿਅਤ ਹੈ ਕਿਉਂਕਿ ਕਲੀਨਿਸਟ ਅਤੇ ਸਿਹਤ ਸੰਭਾਲ ਪ੍ਰਦਾਤਾ ਸਖਤ ਕੋਵਿਡ-19 ਪ੍ਰਕਿਰਿਆਵਾਂ ਦੀ ਪਾਲਣਾ ਕਰ ਰਹੇ ਹਨ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ।
ਮੈਟਰੋਪੋਲੀਟਨ ਮੈਲਬੌਰਨ ਨਿਵਾਸੀ ਸਟੇਜ 4 ਪਾਬੰਦੀਆਂ ਦੇ ਅਧੀਨ ਹਨ ਅਤੇ ਲਾਜ਼ਮੀ ਤੌਰ 'ਤੇ ਉਨ੍ਹਾਂ ਨੂੰ ਰਾਤ 8 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਕਰਫਿਊ ਦੀ ਪਾਲਣਾ ਕਰਨੀ ਚਾਹੀਦੀ ਹੈ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ ਉੱਤੇ ਉਪਲਬਧ ਹਨ।