ਕੋਵਿਡ-19 ਦਾ ਘੇਰਾ ਵਧਣ ਪਿੱਛੋਂ ਕਈ ਪ੍ਰਕਾਰ ਦੀਆਂ ਅਫਵਾਹਾਂ, ਸਾਜ਼ਸ਼ੀ ਸੋਚਾਂ ਅਤੇ ਬਿਨ-ਪੜ੍ਹਤਾਲ ਫੈਲਾਈਆਂ ਗੱਲਾਂ ਪ੍ਰਚਲਿਤ ਹੋਈਆਂ ਹਨ।
ਸੋਸ਼ਲ ਮੀਡੀਆ ਉੱਤੇ ਲਗਾਤਾਰ ਸਾਂਝੀ ਕੀਤੀ ਜਾਣਕਾਰੀ ਤੋਂ ਲੈਕੇ ਸੰਸਾਰ ਭਰ ਦੇ ਨੇਤਾਵਾਂ ਦੁਆਰਾ ਰੱਖੇ ਗਏ ਵਿਚਾਰਾਂ ਦਾ ਹੜ੍ਹ ਹੀ ਆਇਆ ਹੋਇਆ ਜਾਪਦਾ ਹੈ। ਇਹਨਾਂ ਵਿੱਚੋਂ ਬਹੁਤ ਸਾਰੀਆਂ ਜਾਣਕਾਰੀਆਂ ਨਿਰਮੂਲ ਤੇ ਗਲਤ ਹਨ, ਅਤੇ ਕਈ ਹਾਲਤਾਂ ਵਿੱਚ ਇਹ ਜਾਨਲੇਵਾ ਵੀ ਸਾਬਤ ਹੋ ਸਕਦੀਆਂ ਹਨ।
ਸਿਡਨੀ ਯੂਨਿਵਰਸਿਟੀ ਦੇ ਸਿਹਤ ਸੁਰੱਖਿਆ ਮਾਹਰ ਐਸੋਸ਼ਿਏਟ ਪਰੋਫੈਸਰ ਐਡਮ ਕਾਮਰਾਟ-ਸਕੌਟ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ, "ਇਹ ਗਲਤ ਜਾਣਕਾਰੀ ਗੈਰ-ਸੰਭਾਵਿਤ ਤਰੀਕਿਆਂ ਨਾਲ ਫੈਲਾਈ ਜਾ ਰਹੀ ਹੈ ਅਤੇ ਇਸ ਨਾਲ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।"
ਕਰੋਨਾਵਾਇਰਸ 'ਬਣਾਇਆ' ਗਿਆ ਹੈ:
ਪਿਛਲੇ ਸਾਲ ਦੇ ਅਖੀਰ ਵਿੱਚ ਜਦੋਂ ਕੋਵਿਡ-19 ਦੀ ਸ਼ੁਰੂਆਤ ਹੋਈ ਸੀ ਉਦੋਂ ਤੋਂ ਹੀ ਇਸ ਦੇ ਮੂਲ ਨੂੰ ਲੈ ਕੇ ਅਫਵਾਹਾਂ ਦੇ ਬਜ਼ਾਰ ਗਰਮ ਹਨ।
ਆਸਟ੍ਰੇਲੀਆ ਦੀ ਸਾਬਕਾ ਲਿਬਰਲ ਮੰਤਰੀ ਬਰੋਨਵਿਨ ਬਿਸ਼ਪ ਨੇ ਵੀ ਸੁਝਾਅ ਦਿੱਤਾ ਸੀ ਕਿ ਇਸ ਵਾਇਰਸ ਨੂੰ ਚੀਨ ਨੇ ਮਾੜੇ ਕਾਰਨਾਂ ਕਰਕੇ ਬਣਾਇਆ ਹੈ।
ਮਿਸ ਬਿਸ਼ਪ ਨੇ ਸਕਾਈ ਨਿਊਜ਼ ਨੂੰ ਕਿਹਾ ਸੀ,"ਇਸ ਵਾਇਰਸ ਨੂੰ ਜਾਣਬੁੱਝ ਕੇ ਬਣਾਇਆ ਗਿਆ ਹੈ ਤਾਂ ਕਿ ਗਰੀਬ ਅਤੇ ਗੈਰ-ਉਤਪਾਦਕ ਚੀਨੀ ਲੋਕਾਂ ਤੋਂ ਛੁੱਟਕਾਰਾ ਪਾਇਆ ਜਾ ਸਕੇ ਜਿਨਾਂ ਨੂੰ ਖਾਣਾ ਦੇਣਾ ਵੀ ਮੁਸ਼ਕਲ ਹੋਇਆ ਪਿਆ ਹੈ।"
ਉਹਨਾਂ ਨੇ ਇਹ ਵੀ ਕਿਹਾ ਸੀ ਕਿ ਚੀਨ ਨੇ ਇਸ ਦੇ ਵਿਸ਼ਾਣੂਆਂ ਨੂੰ ਅਮਰੀਕਾ ਤੱਕ ਨਿਰਿਯਾਤ ਕਰਨ ਦੀ ਯੋਜਨਾ ਵੀ ਬਣਾਈ ਹੋਈ ਹੈ ਅਤੇ ਇਹ ਵੀ ਟੈਸਟ ਕੀਤੇ ਜਾ ਰਹੇ ਹਨ ਕਿ ਕੀ ਇਸ ਨਾਲ ਵਿਸ਼ਵ ਵਿੱਚ ਮੰਦੀ ਲਿਆਦੀ ਜਾ ਸਕਦੀ ਹੈ?
ਇਸ ਦੇ ਨਾਲ਼ ਹੀ ਇੱਕ ਹੋਰ ਗੱਲ ਵੀ ਫੈਲਾਈ ਗਈ ਕਿ ਇਸ ਵਾਇਰਸ ਨੂੰ ਚੀਨ ਦੀ ਇੱਕ ਲੈਬੋਰੇਟਰੀ ਵਿੱਚ ਬਣਾਇਆ ਗਿਆ ਹੈ।
ਇਸ ਦੇ ਚਲਦਿਆਂ ਚੀਨੀ ਲੋਕਾਂ ਨੇ ਵੀ ਆਪਣੇ ਸੁਝਾਅ ਦੇਣੇ ਸ਼ੁਰੂ ਕਰ ਦਿੱਤੇ ਅਤੇ ਚੀਨ ਦੇ ਵਿਦੇਸ਼ੀ ਮਾਮਲਿਆਂ ਦੇ ਬੁਲਾਰੇ ਜ਼ਾਓ ਲੀਜੀਆਨ ਨੇ ਕਹਿ ਦਿੱਤਾ ਕਿ ਸ਼ਾਇਦ ਅਮਰੀਕੀ ਸੈਨਾ ਨੇ ਆਪ ਹੀ ਇਸ ਵਾਇਰਸ ਨੂੰ ਚੀਨ ਵਿੱਚ ਲਿਆਂਦਾ ਸੀ।
ਈਰਾਨ ਦੇ ਸਾਬਕਾ ਰਾਸ਼ਟਰਪਤੀ ਮਹਿਮੂਦ ਅਹਿਮਦੀ ਨੇਜਾਦ ਨੇ ਵੀ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੂੰ ਪੱਤਰ ਲਿਖਿਆ ਸੀ ਕਿ ਮਨੁੱਖਤਾ ਵਿਰੋਧੀ ਇਸ ਜੀਵ-ਯੁੱਧ ਦੀ ਜਾਂਚ ਹੋਣੀ ਚਾਹੀਦੀ ਹੈ। ਅਤੇ ਨਾਲ਼ ਇਹ ਵੀ ਸਵਾਲ ਕੀਤਾ ਸੀ ਕਿ ਅਮਰੀਕਾ ਦੇ ਵਿਰੋਧੀਆਂ ਨੂੰ ਹੀ ਇਸ ਵਾਇਰਸ ਦੀ ਐਨੀ ਬੁਰੀ ਮਾਰ ਕਿਉਂ ਪੈ ਰਹੀ ਹੈ?
ਪਰ ਕਿਸੇ ਕੋਲ ਵੀ ਠੋਸ ਸਬੂਤ ਨਹੀਂ ਹੈ ਕਿ ਇਹ ਵਾਇਰਸ ਕਿਵੇਂ ਪੈਦਾ ਹੋਇਆ?
ਡਬਲਿਊ ਐਚ ਓ ਅਨੁਸਾਰ ਇਸ ਗੱਲ ਦੇ ਬਹੁਤ ਸਬੂਤ ਹਨ ਕਿ ਇਹ ਵਾਇਰਸ ਚੀਨ ਦੇ ਵੂਹਾਨ ਸ਼ਹਿਰ ਵਿੱਚ ਸਥਿਤ ਜਾਨਵਾਰਾਂ ਵਾਲੇ ਬਜ਼ਾਰ ਤੋਂ ਪੈਦਾ ਹੋਇਆ ਸੀ ਅਤੇ ਕਈ ਅਜਿਹੇ ਵਿਅਕਤੀ ਇਸਦੀ ਮਾਰ ਹੇਠ ਸਭ ਤੋਂ ਪਹਿਲਾਂ ਆਏ ਸਨ ਜਿਨਾਂ ਨੇ ਇਸ ਬਜ਼ਾਰ ਵਿੱਚ ਕੰਮ ਕੀਤਾ ਸੀ।

ਵਿਆਪਕ ਤੌਰ ਤੇ ਕਿਹਾ ਗਿਆ ਸੀ ਕਿ ਇਸ ਵਾਇਰਸ ਦੀ ਸ਼ੁਰੂਆਤ ਚਮਗਿੱਦੜ ਦਾ ਮਾਸ ਖਾਣ ਨਾਲ ਹੋਈ ਸੀ ਪਰ ਪ੍ਰੋ ਕਾਮਰਾਟ-ਸਕੌਟ ਮੁਤਾਬਕ ਇਹ ਸਿੱਧ ਕਰਨਾ ਐਨਾ ਸੌਖਾ ਨਹੀਂ ਹੈ।
“ਜਦੋਂ ਮਿਸ ਬਿਸ਼ਪ ਵਰਗੇ ਸਿਆਸਤਦਾਨ ਹੀ ਲੋਕਾਂ ਨੂੰ ਗੁਮਰਾਹ ਕਰ ਰਹੇ ਹੋਣ ਤਾਂ ਭਾਈਚਾਰੇ ਵਿੱਚ ਦਹਿਸ਼ਤ ਦਾ ਫੈਲਣਾ ਸੁਭਾਵਕ ਹੁੰਦਾ ਹੈ” - ਪ੍ਰੋ: ਸਕੌਟ।
ਉਹਨਾਂ ਇਹ ਵੀ ਕਿਹਾ ਕਿ ਵੂਹਾਨ ਦੇ ਬਜ਼ਾਰ ਦੀ ਹਾਲਤ ਇਸ ਦੇ ਫੈਲਣ ਲਈ ਜਿੰਮੇਵਾਰ ਹੋ ਸਕਦੀ ਹੈ ਜਿੱਥੇ ਵੱਡੀ ਗਿਣਤੀ ਵਿੱਚ ਮਰੇ ਹੋਏ ਜਾਨਵਾਰਾਂ ਦੇ ਢੇਰ ਲੱਗੇ ਰਹਿੰਦੇ ਸਨ ਅਤੇ ਲੋਕ ਉੱਥੋਂ ਅਕਸਰ ਆਉਂਦੇ-ਜਾਂਦੇ ਰਹਿੰਦੇ ਹਨ।
"ਇਹਨਾਂ ਹਾਲਾਤਾਂ ਵਿੱਚ ਹੀ ਜ਼ੋਨੋਟਿਕ ਡੀਸੀਜ਼ਸ ਦੀ ਪੈਦਾਵਾਰ ਹੁੰਦੀ ਹੈ ਜੋ ਕਿ ਜਾਨਵਰਾਂ ਤੋਂ ਵਿਅਤੀਆਂ ਵਿੱਚ ਸੰਕਰਮਣ ਹੁੰਦੀਆਂ ਹਨ।"
ਸਿਡਨੀ ਦੇ ਗਾਰਵਿਨ ਮੈਡੀਕਲ ਰਿਸਰਚ ਇੰਸਟੀਚਿਊਟ ਦੇ ਮੁਖੀ ਸਟੂਆਰਟ ਟਿਆਂਗ ਵੀ ਦਸਦੇ ਹਨ ਕਿ ਸਾਲ 2002-03 ਦਾ ਸਾਰਸ ਨਾਮੀ ਵਾਇਰਸ ਵੀ ਜਾਨਵਰਾਂ ਤੋਂ ਮਨੁੱਖਾਂ ਵਿੱਚ ਆਇਆ ਸੀ ਅਤੇ ਜਿਸ ਨਾਲ ਬਰਡ ਫਲੂ ਅਤੇ ਸਵਾਈਨ ਫਲੂ ਵਰਗੀਆਂ ਬਿਮਾਰੀਆਂ ਨੇ ਜਨਮ ਲਿਆ ਸੀ।
ਕੀ ਇਹ ਵਾਇਰਸ ਹਵਾ ਵਿੱਚ ਮੌਜੂਦ ਹੁੰਦਾ ਹੈ?
ਪ੍ਰੋਫੈਸਰ ਕਾਮਾਰਟ-ਸਕੌਟ ਅਨੁਸਾਰ ਇਸ ਵਾਇਰਸ ਦੇ ਫੈਲਾਅ ਨੂੰ ਲੈ ਕਿ ਬਹੁਤ ਸਾਰੀ ਗਲਤ ਜਾਣਕਾਰੀ ਫੈਲੀ ਹੋਈ ਹੈ। ਪਰ ਅੰਤਰ-ਰਾਸ਼ਟਰੀ ਪੱਧਰ ਤੇ ਇਹ ਸਿੱਧ ਨਹੀਂ ਹੋ ਸਕਿਆ ਹੈ ਕਿ ਇਹ ਵਾਇਰਸ ਹਵਾ ਦੁਆਰਾ ਫੈਲਦਾ ਹੈ।
ਸਿਹਤਮੰਦ ਰਹਿਣ ਲਈ ਤਾਜ਼ੀ ਹਵਾ ਅਤੇ ਕਸਰਤ ਬਹੁਤ ਲਾਹੇਵੰਦ ਹਨ। ਜਨਤਕ ਪਾਰਕਾਂ ਵਿਚਲੇ ਜਿਮ ਆਦਿ ਬੰਦ ਕੀਤੇ ਗਏ ਹਨ ਪਰ ਸੈਰ ਕਰਨਾ ਨਹੀਂ।
ਸਿਹਤ ਮਾਹਰਾਂ ਅਨੁਸਾਰ ਇਹ ਵਾਇਰਸ ਕੋਵਿਡ-19 ਤੋਂ ਪੀੜਤ ਲੋਕਾਂ ਦੁਆਰਾ ਦੂਜਿਆਂ ਨਾਲ ਸੰਪਰਕ ਵਿੱਚ ਆਉਣ ਤੇ ਹੀ ਫੈਲਦਾ ਹੈ ਜਿਵੇਂ ਕਿ ਖੰਘ, ਨਿੱਛਾਂ ਆਦਿ।
ਇਸ ਤੋਂ ਇਲਾਵਾ ਇਹ ਵਾਇਰਸ ਸਤਿਹਾਂ ਉੱਤੇ ਵੀ ਕਈ ਘੰਟਿਆਂ ਤੋਂ ਲੈਕੇ ਕਈ ਦਿਨਾਂ ਤੱਕ ਜਿਉਂਦਾ ਰਹਿ ਸਕਦਾ ਹੈ।
ਇਸ ਲਈ ਨਾ ਸਿਰਫ ਸਮਾਜਿਕ ਦੂਰੀ ਬਲਕਿ ਸਾਫ-ਸਫਾਈ ਵੀ ਇਸ ਨੂੰ ਫੈਲਣ ਤੋਂ ਰੋਕ ਸਕਦੀ ਹੈ।
ਕੀ ਮੇਰੇ ਪਾਲਤੂ ਕੁੱਤੇ ਤੋਂ ਮੈਨੂੰ ਕਰੋਨਾਵਇਰਸ ਹੋ ਸਕਦਾ ਹੈ?
ਇਹ ਅਫਵਾਹ ਉਦੋਂ ਸੰਸਾਰ ਭਰ ਵਿੱਚ ਫੈਲੀ ਸੀ ਜਦੋਂ ਹਾਂਗ-ਕਾਂਗ ਦੀ ਇੱਕ ਔਰਤ ਅਤੇ ਉਸਦੇ ਪਾਲਤੂ ਕੁੱਤੇ ਨੂੰ ਵਿੱਚ ਇਸ ਵਾਇਰਸ ਦੇ ਲੱਛਣ ਪਾਏ ਗਏ ਸੀ।
ਬੇਸ਼ਕ ਇਸ ਵਾਇਰਸ ਦਾ ਮੂਲ ਜਾਨਵਰਾਂ ਤੋਂ ਮਨੁੱਖਾਂ ਵਿੱਚ ਆਉਣਾ ਹੀ ਹੈ, ਪਰ ਹਾਂਗ-ਕਾਂਗ ਦੇ ਸਿਹਤ ਵਿਭਾਗ ਨੇ ਇਹ ਸਾਫ ਕਿਹਾ ਹੈ ਕਿ ਕੋਵਿਡ-19 ਤੋਂ ਪ੍ਰਭਾਵਤ ਹੋਏ ਕੁੱਤੇ ਦੀ ਸਿਹਤ ਵੈਸੇ ਹੀ ਕਮਜ਼ੋਰ ਸੀ।
ਇਸ ਅਫਵਾਹ ਪਿੱਛੋਂ ਲੋਕਾਂ ਨੇ ਆਪਣੇ ਪਾਲਤੂ ਜਾਨਵਰਾਂ ਨੂੰ ਉੱਚੀਆਂ ਇਮਾਰਤਾਂ ਤੋਂ ਹੇਠਾਂ ਸੁੱਟ ਕੇ ਮਾਰਨਾ ਸ਼ੁਰੂ ਕਰ ਦਿੱਤਾ ਸੀ।
ਪ੍ਰੋ:ਕਾਮਰਾਟ-ਸਕੌਟ ਅਨੁਸਾਰ ਇਸ ਗੱਲ ਦਾ ਕੋਈ ਵੀ ਸਬੂਤ ਨਹੀਂ ਹੈ ਕਿ ਇਹ ਵਾਇਰਸ ਪਾਲਤੂ ਕੁੁੱਤਿਆਂ ਤੋਂ ਇਨਸਾਨਾਂ ਵਿੱਚ ਆ ਸਕਦਾ ਹੈ।

ਕਰੋਨਾਵਾਇਰਸ ਦੇ ਘਰੇਲੂ ਇਲਾਜ:
ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਜਾਂ ਇਸ ਦੇ ਇਲਾਜ ਦੇ ਅਨੇਕਾਂ ਇਲਾਜ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਜਾ ਰਹੇ ਹਨ।
ਕਈਆਂ ਵਿੱਚ ਕਿਹਾ ਜਾ ਰਿਹਾ ਹੈ ਕਿ ਲਸਣ ਖਾਣ ਜਾਂ ਵਧੇਰੇ ਸ਼ਰਾਬ ਪੀਣ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ।
ਚੀਨ ਦੇ ਇੱਕ ਸਾਹ ਦੀਆਂ ਬਿਮਾਰੀਆਂ ਦੇ ਮਾਹਿਰ ਵਲੋਂ ਗਰਮ ਤੇ ਖਾਰੇ ਪਾਣੀ ਦੀਆਂ ਕੁਰਲੀਆਂ ਕਰਨ ਦੀ ਸਲਾਹ ਦਿੱਤੀ ਗਈ ਹੈ।
ਯੂ ਐਸ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਵਿੱਚ ਹੀ ਕਿਹਾ ਸੀ ਕਿ ਮਲੇਰੀਏ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨਾਲ ਵੀ ਕਰੋਨਾਵਾਇਰਸ ਤੋਂ ਛੁਟਕਾਰਾ ਮਿਲ ਸਕਦਾ ਹੈ।

ਪਰ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵਲੋਂ ਅਜੇ ਤੱਕ ਕਰੋਨਾਵਾਇਰਸ ਦੀ ਕਿਸੇ ਵੀ ਦਵਾਈ ਜਾਂ ਉਪਚਾਰ ਦੀ ਸਿਫਾਰਸ਼ ਨਹੀਂ ਕੀਤੀ ਗਈ ਹੈ। ਜਦਕਿ ਕੁਝ ਖਾਸ ਇਲਾਜ ਜਾਂਚ ਅਧੀਨ ਹਨ ਅਤੇ ਇਹਨਾਂ ਦੇ ਟੈਸਟ ਕੀਤੇ ਜਾ ਰਹੇ ਹਨ।
ਪ੍ਰੋਫੈਸਰ ਕਾਮਰਾਟ-ਸਕੌਟ ਨੇ ਕਿਹਾ ਕਿ ਘਰੇਲੂ ਉਪਚਾਰ ਅਤੇ ਦਵਾਈਆਂ ਨੁਕਸਾਨਦੇਹ ਵੀ ਸਿੱਧ ਹੋ ਸਕਦੀਆਂ ਹਨ।
ਸ੍ਰੀ ਟਰੰਪ ਦੇ ਬਿਆਨਾਂ ਤੋਂ ਬਾਅਦ ਯੂ ਐਸ ਦੇ ਇੱਕ ਵਿਅਕਤੀ ਦੀ ਕਿਸੇ ਰਸਾਇਣ ਦੇ ਸੇਵਨ ਨਾਲ ਮੌਤ ਹੋ ਗਈ ਸੀ।
ਇਸ ਸਮੇਂ ਇਸ ਬਿਮਾਰੀ ਦੇ ਇਲਾਜ ਵਾਸਤੇ ਦਵਾਈ ਲੱਭਣ ਲਈ ਸੰਸਾਰ ਭਰ ਵਿੱਚ ਵਿਗਿਆਨੀ ਭਰਪੂਰ ਕੋਸ਼ਿਸ਼ ਕਰ ਰਹੇ ਹਨ।
ਸਾਲ 2009 ਵਿੱਚ ਸਵਾਈਨ ਫਲੂ ਸਮੇਂ ਵੀ ਇਹ ਅਫਵਾਹ ਫੈਲਾਈ ਗਈ ਸੀ ਕਿ ਯੂ ਐਸ ਦੀ ਸਿਹਤ ਪ੍ਰਣਾਲੀ ਦਾ ਰਾਸ਼ਟਰੀਕਰਨ ਕਰਨ ਵਾਸਤੇ ਹੀ ਇਸ ਬਿਮਾਰੀ ਨੂੰ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ 'ਜਾਣਬੁੱਝ' ਕਿ ਫੈਲਾਇਆ ਹੈ।

ਨਾਲ ਹੀ ਇਹ ਵੀ ਅਫਵਾਹ ਫੈਲੀ ਸੀ ਕਿ ਸਵਾਈਨ ਫਲੂ ਨੂੰ ਸੀ ਆਈ ਏ ਨੇ ਫੈਲਾਇਆ ਹੈ ਤਾਂ ਕਿ ਮਹਾਂਮਾਰੀ ਦੀ ਤਿਆਰੀ ਵਾਲੀ ਦਵਾਈ ਲਈ ਕੀਤੀ ਖਰੀਦ ਨੂੰ ਜਾਇਜ ਠਹਿਰਾਇਆ ਜਾ ਸਕੇ।
2013-16 ਸਮੇਂ ਜਦੋਂ ਇਬੋਲਾ ਬਿਮਾਰੀ ਫੈਲੀ ਸੀ ਤਾਂ ਵੀ ਕਈਆਂ ਲੋਕਾਂ ਵਲੋਂ ਕਿਹਾ ਗਿਆ ਸੀ ਕਿ ਇਸ ਬਿਮਾਰੀ ਨੂੰ ਜਾਣ-ਬੁੱਝ ਕਿ ਇਸ ਲਈ ਪੈਦਾ ਕੀਤਾ ਗਿਆ ਹੈ ਤਾਂ ਕਿ ਪੱਛਮੀ ਅਫਰੀਕਾ ਦੀ ਜਨਸੰਖਿਆ ਨੂੰ ਘੱਟ ਕੀਤਾ ਜਾ ਸਕੇ।
ਪਰੋਫੈਸਰ ਕਾਮਰਾਟ-ਸਕੌਟ ਉਸ ਸਮੇਂ ਪੱਛਮੀ ਅਫਰੀਕਾ ਵਿੱਚ ਹੀ ਸਨ ਅਤੇ ਕਹਿੰਦੇ ਹਨ ਕਿ ਸਰਕਾਰ ਨੂੰ ਇਹਨਾਂ ਅਫਵਾਹਾਂ ਦੇ ਜਵਾਬ ਵਿੱਚ ਇਹ ਬਿਆਨ ਦੇਣਾ ਪਿਆ ਸੀ ਕਿ ‘ਇਬੋਲਾ ਅਸਲ ਵਿੱਚ ਇੱਕ ਬਿਮਾਰੀ ਹੈ’।
"ਸਾਨੂੰ ਸਿਰਫ ਨਾਮਵਾਰੀ ਸਿਹਤ ਮਾਹਰਾਂ ਦੀ ਸਲਾਹ ਉੱਤੇ ਹੀ ਯਕੀਨ ਕਰਨਾ ਚਾਹੀਦਾ ਹੈ ਨਾਂ ਕਿ ਇਸ ਉੱਤੇ ਕਿ ਇੰਟਰਨੈੱਟ ਤੇ ਲੋਕ ਇੱਕ ਦੂਜੇ ਨੂੰ ਕੀ ਸਲਾਹਾਂ ਦੇ ਰਹੇ ਹਨ।"
"ਕੋਵਿਡ-19 ਜਿੰਦਗੀ ਅਤੇ ਮੌਤ ਦੀ ਸਥਿਤੀ ਹੈ। ਸਾਨੂੰ ਸਾਰਿਆਂ ਨੂੰ ਹੀ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਜਰੂਰਤ ਹੈ।"
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।