ਆਸਟ੍ਰੇਲੀਆ ਵਿਚਲੇ ਹਜਾਰਾਂ ਗੈਰਕਾਨੂਨੀ ਪ੍ਰਵਾਸੀਆਂ ਲਈ ਮੌਜੂਦਾ ਸਮਾਂ ਬਹੁਤ ਨਿਰਾਸ਼ਾ ਅਤੇ ਜੋਖਮ ਭਰਿਆ ਹੈ। ਅਜਿਹੇ ਲੋਕਾਂ ਦਾ ਸਮਰਥਨ ਕਰਨ ਵਾਲੇ ਸਮੂਹਾਂ ਦਾ ਕਹਿਣਾ ਹੈ ਕਿ ਕੋਵਿਡ-19 ਦੀ ਮਹਾਂਮਾਰੀ ਸਮੇਂ ਇਹਨਾਂ ਲੋਕਾਂ ਨੂੰ ਵਧੇਰੇ ਸੁਰੱਖਿਆ ਪ੍ਰਦਾਨ ਕਰਨ ਦੀ ਲੋੜ ਹੈ।
ਖਾਸ ਨੁੱਕਤੇ:
- ਫੈਡਰਲ ਸਰਕਾਰ ਅਨੁਸਾਰ ਆਸਟ੍ਰੇਲੀਆ ਵਿੱਚ 64 ਹਜਾਰ ਤੋਂ ਜਿਆਦਾ ਗੈਰ ਕਾਨੂੰਨੀ ਪ੍ਰਵਾਸੀ ਰਹਿ ਰਹੇ ਹਨ
- ਦਸਤਾਵੇਜ਼ਾਂ ਦੀ ਘਾਟ ਕਾਰਨ ਅਜਿਹੇ ਲੋਕ ਭਲਾਈ ਭੱਤੇ ਅਤੇ ਸਿਹਤ ਸੇਵਾਵਾਂ ਲੈਣ ਲਈ ਅੱਗੇ ਨਹੀਂ ਆਉਂਦੇ।
- ਕਈ ਲੋਕਾਂ ਨਾਲ ਮਿਲਕੇ ਰਹਿਣ ਕਾਰਨ ਅਜਿਹੇ ਲੋਕਾਂ ਦੁਆਰਾ ਕਰੋਨਾਵਾਇਰਸ ਫੈਲਣ ਦਾ ਖਤਰਾ ਬਹੁਤ ਜਿਆਦਾ ਹੈ।
ਫੈਡਰਲ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਆਸਟ੍ਰੇਲੀਆ ਵਿੱਚ ਇਸ ਸਮੇਂ ਤਕਰੀਬਨ 64 ਹਜਾਰ ਦੇ ਕਰੀਬ ਗੈਰ ਕਾਨੂੰਨੀ ਪ੍ਰਵਾਸੀ ਕੰਮਾਂਕਾਰਾਂ 'ਤੇ ਲੱਗੇ ਹੋਏ ਹਨ। ਪਰ ਅਸਲ ਗਿਣਤੀ ਇਸ ਤੋਂ ਕਿਤੇ ਜਿਆਦਾ ਹੋ ਸਕਦੀ ਹੈ।
ਕੰਮਾਂ ਤੋਂ ਕੱਢੇ ਜਾਣ ਸਮੇਂ ਦਸਤਾਵੇਜ਼ਾਂ ਦੀ ਘਾਟ ਕਾਰਨ ਇਹਨਾਂ ਨੂੰ ਭਲਾਈ ਭੁਗਤਾਨ ਜਾਂ ਸਿਹਤ ਸੇਵਾਵਾਂ ਵੀ ਨਹੀਂ ਮਿਲ ਸਕਦੀਆਂ।
ਡਰ ਹੈ ਕਿ ਅਜਿਹੇ ਲੋਕਾਂ ਦੁਆਰਾ ਕਰੋਨਾਵਾਇਰਸ ਦੇ ਫੈਲਣ ਦਾ ਖਤਰਾ ਬਹੁਤ ਗੰਭੀਰ ਹੋ ਸਕਦਾ ਹੈ।
ਸਾਲ 2013 ਵਿੱਚ ਯਾਤਰੀ ਵੀਜ਼ੇ ਤੇ ਮਲੇਸ਼ੀਆ ਤੋਂ ਆਸਟ੍ਰੇਲੀਆ ਆਏ ਮੁਹੰਮਦ* ਨੇ ਐਸ ਬੀ ਐਸ ਨੂੰ ਦੱਸਿਆ ਕਿ ਪਹਿਲਾਂ ਹੀ ਉਸ ਨੂੰ ਆਪਣੇ ਦਮੇ ਦੇ ਇਲਾਜ ਸਮੇਂ ਡਰ ਲੱਗਿਆ ਰਹਿੰਦਾ ਹੈ ਅਤੇ ਜੇਕਰ ਉਸ ਨੂੰ ਹੁਣ ਕੋਵਿਡ-19 ਵੀ ਹੋ ਗਿਆ ਤਾਂ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਵੇਗਾ।
"ਕੁੱਝ ਸਮਾਂ ਪਹਿਲਾਂ ਜਦੋਂ ਮੈਨੂੰ ਦਮੇ ਦਾ ਦੌਰਾ ਪਿਆ ਸੀ ਤਾਂ ਹਸਪਤਾਲ ਵਿੱਚ ਮੈਡੀਕੇਅਰ ਨਾਂ ਹੋਣ ਕਾਰਨ ਮੈਨੂੰ 400 ਡਾਲਰ ਦੇਣੇ ਪਏ ਸਨ। ਪਰ ਅਗਰ ਹੁਣ ਮੈਨੂੰ ਕੋਵਿਡ-19 ਹੋ ਗਿਆ ਤਾਂ ਬਹੁਤ ਮੁਸ਼ਕਲ ਬਣ ਜਾਵੇਗੀ", ਮੁਹੰਮਦ ਨੇ ਕਿਹਾ।
ਵੀਹਵਿਆਂ ਦੀ ਉਮਰ ਦਾ ਮੁਹੰਮਦ ਕਹਿੰਦਾ ਹੈ ਕਿ ਉਸ ਨੇ ਆਪਣੇ ਵੀਜ਼ੇ ਦੀ ਮਿਆਦ ਮੁਕਣ ਤੋਂ ਬਾਅਦ ਵੀ ਇਸ ਮੁਲਕ ਨੂੰ ਨਹੀਂ ਸੀ ਛੱਡਿਆ।
ਉਸਨੂੰ ਗੈਰਕਾਨੂੰਨੀ ਨੌਕਰੀਆਂ ਵੀ ਕਰਨੀਆਂ ਪਈਆਂ ਜਿਨਾਂ ਵਿੱਚ ਫਲ-ਸਬਜ਼ੀਆਂ ਤੋੜਨਾ ਵੀ ਸ਼ਾਮਲ ਸੀ। ਉਸ ਮੁਤਾਬਿਕ ਇੱਕ ਡੱਬਾ ਭਰਨ ਲਈ ਉਸ ਨੂੰ ਸਿਰਫ 1 ਡਾਲਰ ਅਤੇ 20 ਸੈਂਟਸ ਮਿਲਦੇ ਸਨ।
ਮੁਹੰਮਦ ਇਸ ਸਮੇਂ ਖੇਤਰੀ ਵਿਕਟੋਰੀਆ ਵਿੱਚ ਇੱਕ ਬਰਿਜਿੰਗ ਵੀਜ਼ੇ 'ਤੇ ਹੈ ਕਿਉਂਕਿ ਉਸਨੇ ਅਦਾਲਤ ਵਿੱਚ ਸ਼ਰਣ ਵਾਸਤੇ ਅਪੀਲ ਕੀਤੀ ਹੋਈ ਹੈ। ਗੈਰਕਾਨੂੰਨੀ ਕੰਮ ਕਰਦੇ ਹੋਏ ਇਹ ਸਿਰਫ ਆਪਣੇ ਰਿਹਾਇਸ਼ ਲਈ ਕਿਰਾਏ ਅਤੇ ਖਾਣੇ ਜੋਗੇ ਪੈਸੇ ਹੀ ਕਮਾ ਪਾ ਰਿਹਾ ਹੈ - ਰਿਹਾਇਸ਼ ਅਤੇ ਖਾਣਾ 4 ਹੋਰ ਲੋਕਾਂ ਨਾਲ ਸਾਂਝਾ ਹੈ।
‘ਅਨ-ਡਾਕੂਮੈਂਟਿੱਡ ਮਾਈਗ੍ਰੈਂਟਸ ਸੋਲੀਡੈਰਿਟੀ ਗਰੁੱਪ’ ਦੀ ਵਕੀਲ ਸਨਮਤੀ ਵਰਮਾ ਕਹਿੰਦੀ ਹੈ ਕਿ ਆਸਟ੍ਰੇਲੀਆ ਵਿੱਚ ਮੁਹੰਮਦ ਵਰਗੇ ਕਈ ਹੋਰ ਵੀ ਹਨ, ਜਿਨਾਂ ਦੀ ਤਾਂ ਗਿਣਤੀ ਕਰਨੀ ਵੀ ਔਖੀ ਹੈ।

Source: AAP
ਸਨਮਤੀ ਵਰਮਾ ਮੰਨਦੀ ਹੈ ਕਿ ਅਜਿਹੇ ਲੋਕਾਂ ਦੀ ਗਿਣਤੀ 1 ਲੱਖ ਤੋਂ ਵੀ ਜਿਆਦਾ ਹੋ ਸਕਦੀ ਹੈ ਅਤੇ ਇਹ ਲਗਾਤਾਰ ਵੱਧਦੀ ਜਾ ਰਹੀ ਹੈ।
ਅਜਿਹੇ ਗੈਰਕਾਨੂੰਨੀ ਲੋਕਾਂ ਦੀ ਮਜਬੂਰੀ ਹੁੰਦੀ ਹੈ ਕਿ ਉਹ ਇੱਕ ਜਗਾ ਤੇ ਜਿਆਦਾ ਸਮਾਂ ਟਿੱਕ ਕੇ ਨਹੀਂ ਰਹਿ ਸਕਦੇ।
ਐਡੀਲੇਡ ਯੂਨਿਵਰਸਿਟੀ ਵਲੋਂ 2019 ਵਿੱਚ ਕੀਤੀ ਗਈ ਇੱਕ ਖੋਜ ਵਿੱਚ ਪਤਾ ਚੱਲਿਆ ਸੀ ਕਿ ਆਸਟ੍ਰੇਲੀਆ ਦੇ ਕਿਸਾਨਾਂ ਨੂੰ ਅਜਿਹੇ ਗੈਰਕਾਨੂੰਨੀ ਕਾਮਿਆਂ ਦੀ ਬਹੁਤ ਲੋੜ ਹੁੰਦੀ ਹੈ ਨਹੀਂ ਤਾਂ ਉਹਨਾਂ ਨੂੰ ਫਸਲਾਂ ਬਹੁਤ ਮਹਿੰਗੀਆਂ ਪੈਂਦੀਆਂ ਹਨ।
ਸਨਮਤੀ ਵਰਮਾ ਅਨੁਸਾਰ ਖੇਤਾਂ ਵਿੱਚ ਅਜਿਹੇ ਗੈਰਕਾਨੂੰਨੀ ਕਾਮਿਆਂ ਦਾ ਕੰਮ ਕਰਨਾ ਆਮ ਜਿਹੀ ਗੱਲ ਹੋ ਗਈ ਹੈ। ਇਹਨਾਂ ਤੋਂ ਅਲਾਵਾ ਕਮਰਸ਼ੀਅਲ ਕਲ਼ੀਨਿੰਗ, ਡਲਿਵਰੀ ਆਦਿ ਵਰਗੇ ਕੰਮਾਂ ਤੇ ਵੀ ਇਹਨਾਂ ਲੋਕਾਂ ਨੂੰ ਹੀ ਰੱਖਿਆ ਜਾਂਦਾ ਹੈ।
ਗ੍ਰਹਿ ਵਿਭਾਗ ਦੇ ਇੱਕ ਵਕਤਾ ਨੇ ਪਿਛਲੇ ਹਫਤੇ ਕਿਹਾ ਸੀ ਕਿ, "ਆਸਟ੍ਰੇਲੀਆ ਵਿੱਚ ਵਸਦੇ ਹਰ ਵਿਅਕਤੀ, ਬੇਸ਼ਕ ਉਸ ਦਾ ਵੀਜ਼ਾ ਸਟੇਟਸ ਕੁੱਝ ਵੀ ਹੋਵੇ, ਨੂੰ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਕੋਵਿਡ-19 ਦਾ ਟੈਸਟ ਅਤੇ ਇਲਾਜ ਕਰਵਾਉਣਾ ਲਾਜ਼ਮੀ ਹੋਵੇਗਾ"।
ਉਹਨਾਂ ਇਹ ਵੀ ਕਿਹਾ ਸੀ ਕਿ ਗੈਰਕਾਨੂੰਨੀ ਤੌਰ ਤੇ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਹਰ ਵਿਅਕਤੀ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਵੀਜ਼ਿਆਂ ਅਤੇ ਹੋਰਨਾਂ ਸਥਿਤੀਆਂ ਉੱਤੇ ਗੌਰ ਕੀਤਾ ਜਾ ਸਕੇ।
*ਨਾਮ ਬਦਲਿਆ ਗਿਆ ਹੈ।
ਆਸਟ੍ਰੇਲੀਆਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।
ਜੇ ਤੁਸੀਂ ਵਿਦੇਸ਼ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀਲਈ sbs.com.au/coronavirus 'ਤੇ ਜਾਓ।