2025 ਤੱਕ ਬੇਲੋੜੀਆਂ ਚੀਜ਼ਾਂ ਨੂੰ ਪੜਾਅਵਾਰ ਬੰਦ ਕਰਨ ਦੀ ਆਸਟ੍ਰੇਲੀਆ ਦੀ ਯੋਜਨਾ ਤਹਿਤ ਹੁਣ ਨਿਊ ਸਾਊਥ ਵੇਲਜ਼ ਵਿੱਚ ਸਿੰਗਲ-ਯੂਜ਼ ਪਲਾਸਟਿਕ ਦੀਆਂ ਚੀਜ਼ਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਕਿਹੜੀਆਂ ਚੀਜ਼ਾਂ ਪਾਬੰਦੀਸ਼ੁਦਾ ਹਨ?
ਮੰਗਲਵਾਰ 1 ਨਵੰਬਰ ਤੋਂ ਕਾਰੋਬਾਰ, ਪਲਾਸਟਿਕ ਦੇ ਸਟਰਾਅ, ਪਲੇਟਾਂ, ਕੰਨਾਂ ਵਿੱਚ ਫੇਰਨ ਵਾਲੀਆਂ ਪਲਾਸਟਿਕ ਦੀਆਂ ਤੀਲੀਆਂ, ਕੱਪ ਅਤੇ ਨਿੱਜੀ ਦੇਖਭਾਲ ਦੇ ਉਤਪਾਦਾਂ ਸਮੇਤ ਕੁੱਝ ਹੋਰ ਵਸਤਾਂ ਦੀ ਸਪਲਾਈ ਨਹੀਂ ਕਰ ਸਕਦੇ, ਕਿਉਂਕਿ ਇਹ ਵਸਤਾਂ ਹੁਣ ਨਿਊ ਸਾਊਥ ਵੇਲਜ਼ ਵਿੱਚ ਗੈਰਕਾਨੂੰਨੀ ਹਨ।
ਪਾਲਣਾ ਨਾ ਕਰਨ ਵਾਲਿਆਂ ਨੂੰ $55,000 ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਦਕਾ ਹੈ।
ਅਜਿਹਾ ਜੂਨ ਵਿੱਚ ਹਲਕੇ ਭਾਰ ਵਾਲੇ ਸਿੰਗਲ-ਯੂਜ਼ ਪਲਾਸਟਿਕ ਬੈਗਾਂ ਦੇ ਪੜਾਅਵਾਰ ਬੰਦ ਹੋਣ ਤੋਂ ਬਾਅਦ ਕੀਤਾ ਗਿਆ ਹੈ।
ਅਪਾਹਜ ਜਾਂ ਡਾਕਟਰੀ ਲੋੜਾਂ ਵਾਲੇ ਲੋਕਾਂ ਲਈ ਛੋਟਾਂ ਉਪਲਬਧ ਹਨ।
ਨਿਊ ਸਾਊਥ ਵੇਲਜ਼ ਹਰ ਸਾਲ 800,000 ਟਨ ਪਲਾਸਟਿਕ ਪੈਦਾ ਕਰਦਾ ਹੈ, ਅਤੇ ਰਾਜ ਸਰਕਾਰ ਦਾ ਕਹਿਣਾ ਹੈ ਕਿ ਪਾਬੰਦੀ ਅਗਲੇ ਦੋ ਦਹਾਕਿਆਂ ਵਿੱਚ 2.7 ਬਿਲੀਅਨ ਵਿਅਕਤੀਗਤ ਪਲਾਸਟਿਕ ਵਸਤੂਆਂ ਨੂੰ ਵਾਤਾਵਰਣ ਵਿੱਚ ਦਾਖਲ ਹੋਣ ਤੋਂ ਰੋਕ ਦੇਵੇਗੀ।
ਪਾਬੰਦੀ ਤੋਂ ਬਾਅਦ ਪ੍ਰਤੀਕਰਮ?
ਆਸਟ੍ਰੇਲੀਅਨ ਮਰੀਨ ਕੰਜ਼ਰਵੇਸ਼ਨ ਸੋਸਾਇਟੀ ਦੇ ਪਲਾਸਟਿਕ ਵਿਰੋਧੀ ਪ੍ਰਚਾਰਕ ਸ਼ੇਨ ਕੁਕ ਦਾ ਕਹਿਣਾ ਹੈ ਕਿ ਇਹ ਪਾਬੰਦੀ ਡਾਲਫਿਨ, ਸਮੁੰਦਰੀ ਪੰਛੀਆਂ ਅਤੇ ਵ੍ਹੇਲ ਮੱਛੀਆਂ ਲਈ ਵੱਡੀ ਜਿੱਤ ਹੈ।
"ਅਸੀਂ ਸਮੁੰਦਰ ਪ੍ਰੇਮੀਆਂ ਦੀ ਗੱਲ ਸੁਣਨ ਲਈ ਸਰਕਾਰ ਦਾ ਧੰਨਵਾਦ ਕਰਦੇ ਹਾਂ, ਜੋ ਕਿ ਪਲਾਸਟਿਕ ਪ੍ਰਦੂਸ਼ਣ ਨੂੰ ਸਾਫ਼ ਕਰਨ ਅਤੇ ਸਾਡੇ ਸੁੰਦਰ ਸਮੁੰਦਰੀ ਵਾਤਾਵਰਣ ਨੂੰ ਬਹਾਲ ਕਰਨ ਲਈ ਕਾਰਵਾਈ ਦੀ ਮੰਗ ਕਰ ਰਹੇ ਹਨ," ਸ਼੍ਰੀ ਕੁਕ ਨੇ ਕਿਹਾ।
ਹਲਕੇ ਭਾਰ ਵਾਲੇ ਬੈਗਾਂ 'ਤੇ ਹੁਣ ਦੇਸ਼ ਭਰ ਵਿੱਚ ਪਾਬੰਦੀ ਹੈ, ਪਰ ਜਦੋਂ ਹੋਰ ਚੀਜ਼ਾਂ ਦੀ ਗੱਲ ਆਉਂਦੀ ਹੈ, ਤਾਂ ਤਸਵੀਰ ਥੋੜ੍ਹੀ ਘੱਟ ਸਪੱਸ਼ਟ ਨਜ਼ਰ ਆਉਂਦੀ ਹੈ।
ਹਾਲਾਂਕਿ ਸਾਰੇ ਆਸਟ੍ਰੇਲੀਅਨ ਅਧਿਕਾਰ ਖੇਤਰਾਂ ਨੇ 2025 ਤੱਕ ਪਲਾਸਟਿਕ ਨੂੰ ਘਟਾਉਣ ਲਈ ਵਚਨਬੱਧ ਜ਼ਾਹਰ ਕੀਤਾ ਹੈ, ਪਰ ਇਸ ਟੀਚੇ ਨੂੰ ਪ੍ਰਾਪਤ ਕਰਨ ਦੀਆਂ ਸਮਾਂ-ਸੀਮਾਵਾਂ ਵੱਖੋ-ਵੱਖਰੀਆਂ ਹਨ।
ਕੁਈਨਜ਼ਲੈਂਡ ਨੇ ਪਿਛਲੇ ਸਾਲ ਪਲਾਸਟਿਕ ਦੇ ਸਟਰਾਅ ਅਤੇ ਕੱਪਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ ਪਰ ਅਗਲੇ ਸਾਲ ਤੱਕ ਕਾਟਨ ਬੱਡਸ ਅਤੇ ਮਾਈਕ੍ਰੋਬੀਡਜ਼ 'ਤੇ ਪਾਬੰਦੀ ਨਹੀਂ ਵਧਾਏਗੀ।
ਵਿਕਟੋਰੀਆ ਅਗਲੇ ਸਾਲ ਫਰਵਰੀ ਤੱਕ ਇਸੇ ਤਰ੍ਹਾਂ ਦੇ ਸਿੰਗਲ-ਯੂਜ਼ ਪਲਾਸਟਿਕ 'ਤੇ ਪਾਬੰਦੀ ਨਹੀਂ ਲਗਾਏਗਾ, ਜਦੋਂ ਕਿ ਪੱਛਮੀ ਆਸਟ੍ਰੇਲੀਆ ਨੇ ਇਸ ਸਾਲ ਪਲਾਸਟਿਕ ਕਟਲਰੀ ਅਤੇ ਸਟ੍ਰਾਅ ਨੂੰ ਹੋਰ ਤਬਦੀਲੀਆਂ ਰਾਹੀਂ ਪੜਾਅਵਾਰ ਬੰਦ ਕਰ ਦਿੱਤਾ ਹੈ।
ਆਸਟ੍ਰੇਲੀਅਨ ਰਿਟੇਲਰ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਪਾਲ ਜ਼ਾਹਰਾ ਦਾ ਕਹਿਣਾ ਹੈ ਕਿ ਇਸ ਨਾਲ ਕੁਝ ਉਲਝਣ ਪੈਦਾ ਹੋ ਰਹੀ ਹੈ।
ਅੱਗੇ ਕੀ ਹੋਵੇਗਾ?
ਪਾਬੰਦੀ ਦੇ ਲਾਗੂ ਹੋਣ ਤੋਂ ਪਹਿਲਾਂ, ਸਰਕਾਰ ਨੇ ਤਬਦੀਲੀ ਲਈ ਤਿਆਰ ਕਰਨ ਲਈ 15 ਭਾਸ਼ਾਵਾਂ ਵਿੱਚ 40,000 ਤੋਂ ਵੱਧ ਕਾਰੋਬਾਰਾਂ ਨਾਲ ਕੰਮ ਕੀਤਾ ਸੀ।
ਕਾਰੋਬਾਰਾਂ ਅਤੇ ਭਾਈਚਾਰਕ ਸੰਸਥਾਵਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਆਉਣ ਵਾਲੇ ਮਹੀਨਿਆਂ ਲਈ ਜਾਰੀ ਰਹੇਗੀ ਕਿਉਂਕਿ ਤਬਦੀਲੀ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਸਰਕਾਰ ਦੇ ਪਲਾਸਟਿਕ ਐਕਸ਼ਨ ਪਲਾਨ ਵਿੱਚ ਪੰਜ ਸਾਲਾਂ ਵਿੱਚ $356 ਮਿਲੀਅਨ ਦੀ ਲਾਗਤ ਨਾਲ ਪਲਾਸਟਿਕ ਪ੍ਰਦੂਸ਼ਣ ਨੂੰ ਸਾਫ਼ ਕਰਨਾ ਅਤੇ ਵਿਕਲਪਾਂ ਦੀ ਜਾਂਚ ਕਰਨਾ ਵੀ ਸ਼ਾਮਲ ਹੈ।
ਮਾਈਕ ਸਮਿਥ ‘ਜ਼ੀਰੋ ਕੋ’ ਦਾ ਸੰਸਥਾਪਕ ਹੈ ਜੋ ਕਿ ਬਿਨਾਂ ਕਿਸੇ ਸਿੰਗਲ-ਯੂਜ਼ ਵਾਲੇ ਪਲਾਸਟਿਕ ਦੇ ਨਿੱਜੀ ਦੇਖਭਾਲ ਅਤੇ ਸਫਾਈ ਉਤਪਾਦ ਬਣਾਉਂਦਾ ਹੈ।
ਉਹ ਕਹਿੰਦਾ ਹੈ, "ਅਸੀਂ ਰੀਸਾਈਕਲ ਤੋਂ ਰੀਯੂਜ਼ ਵਾਲੇ ਮਾਡਲ ਵੱਲ ਜਾਣਾ ਹੈ।"
ਆਸਟ੍ਰੇਲੀਆ ਸਮੇਤ 170 ਤੋਂ ਵੱਧ ਦੇਸ਼ਾਂ ਦੇ ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਇਤਿਹਾਸਕ ਮਤੇ ਦਾ ਸਮਰਥਨ ਕਰਨ ਤੋਂ ਬਾਅਦ ਇਸ ਸਮੇਂ ਇੱਕ ਸੰਯੁਕਤ ਰਾਸ਼ਟਰ ਸੰਧੀ ਵੀ ਬਣਾਈ ਜਾ ਰਹੀ ਹੈ।