ਆਸਟ੍ਰੇਲੀਆ ਦੀ ਸਰਕਾਰ ਇੱਥੇ ਆਉਣ ਵਾਲੇ ਨਵੇਂ ਪ੍ਰਵਾਸੀਆਂ ਲਈ ਪੰਜ ਸਾਲ ਪੇਂਡੂ ਖੇਤਰਾਂ ਵਿੱਚ ਰਹਿਣਾ ਲਾਜ਼ਮੀ ਬਣਾਉਣ ਤੇ ਵਿਚਾਰ ਕਰ ਸਕਦੀ ਹੈ। ਦਾ ਆਸਟ੍ਰੇਲੀਅਨ ਅਖਬਾਰ ਵਿੱਚ ਛਾਪੀ ਇੱਕ ਖਬਰ ਮੁਤਾਬਿਕ, ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦੇ ਮੰਤਰੀਮੰਡਲ ਅੱਗੇ ਇਹ ਪ੍ਰਸਤਾਵ ਰੱਖੇ ਜਾਣ ਦੀ ਸੰਭਾਵਨਾ ਹੈ।
ਹਾਲ ਦੇ ਦਿਨਾਂ ਦੌਰਾਨ ਸਿਡਨੀ ਅਤੇ ਮੈਲਬਰਨ ਵਿੱਚ ਵਧਦੀ ਭੀੜ ਬਾਰੇ ਚਰਚਾ ਸਿਆਸੀ ਰੰਗ ਅਖਤਿਆਰ ਕਰ ਚੁੱਕੀ ਹੈ। ਅਗਸਤ ਮਹੀਨੇ ਦੌਰਾਨ ਆਸਟ੍ਰੇਲੀਆ ਦੀ ਜਨਸੰਖਿਆ ਦੇ 25 ਮਿਲੀਅਨ ਪਹੁੰਚਣ ਸਮੇ ਇਹ ਖੁਲਾਸਾ ਵੀ ਕੀਤਾ ਗਿਆ ਸੀ ਕਿ ਨਵੇਂ ਪ੍ਰਵਾਸੀਆਂ ਵਿਚੋਂ ਤਕਰੀਬਨ 90 ਫੀਸਦੀ ਸਿਡਨੀ ਜਾਂ ਮੈਲਬਰਨ ਆਕੇ ਵਸਦੇ ਹਨ।
ਹਾਲਾਂਕਿ ਸਰਕਾਰ ਵੱਲੋਂ ਇਸ ਪ੍ਰਸਤਾਵ ਬਾਰੇ ਕੋਈ ਬਿਆਨ ਨਹੀਂ ਦਿੱਤਾ ਗਿਆ ਪਰ ਖਬਰ ਮੁਤਾਬਿਕ ਮੈਕਲਮ ਟਰਨਬੁੱਲ ਦੇ ਪ੍ਰਧਾਨਮੰਤਰੀ ਦਾ ਅਹੁਦਾ ਛੱਡਣ ਤੋਂ ਪਹਿਲਾ ਇਸਨੂੰ ਉਹਨਾਂ ਦੇ ਮੰਤਰੀਮੰਡਲ ਅੱਗੇ ਪੇਸ਼ ਕੀਤਾ ਜਾਣਾ ਸੀ। ਇਹ ਵੀ ਕਿਹਾ ਗਿਆ ਕਿ ਮੌਜੂਦਾ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਉਸ ਵੇਲੇ ਬਤੌਰ ਖਜਾਨਚੀ ਇਸ ਪ੍ਰਸਤਾਵ ਤੇ ਸਹਿਮਤੀ ਪ੍ਰਗਟਾਅ ਚੁੱਕੇ ਹਨ।
ਇਸ ਤੋਂ ਪਹਿਲਾਂ ਵੀ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਵਿੱਚ ਵਧਦੀ ਭੀੜ ਅਤੇ ਇਥੋਂ ਦੇ ਇਨਫਰਾਸਟਰਕਚਰ ਤੇ ਪੈਦੇ ਦਬਾਅ ਕਾਰਨ ਪੇਂਡੂ ਖੇਤਰਾਂ ਜਾਂ ਓਹਨਾ ਸ਼ਹਿਰਾਂ ਜਿਥੇ ਅਬਾਦੀ ਵਿੱਚ ਤੇਜ਼ੀ ਨਾਲ ਵਾਧਾ ਨਹੀਂ ਹੋ ਰਿਹਾ, ਵਿੱਚ ਵੱਸਣ ਲਈ ਉਤਸਾਹਿਤ ਕਰਨ ਤੇ ਢੰਗ ਤਰੀਕਿਆਂ ਤੇ ਚਰਚਾ ਹੁੰਦੀ ਰਹੀ ਹੈ।
ਪਰੰਤੂ ਲੇਬਰ ਦੇ ਸਾਬਕਾ ਇਮੀਗ੍ਰੇਸ਼ਨ ਬੁਲਾਰੇ ਰਿਚਰਡ ਮਾਰਲਸ ਮੁਤਾਬਿਕ ਅਜਿਹਾ ਕਰਨ ਨਾਲ ਮੈਲਬਰਨ ਅਤੇ ਸਿਡਨੀ ਵਿੱਚ ਭੀੜ ਦੀ ਸਮੱਸਿਆ ਹੱਲ ਨਹੀਂ ਕੀਤੀ ਜਾ ਸਕਦੀ।
ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ ਵਿੱਚ ਰਹਿ ਚੁੱਕੇ ਪਰਵਾਸੀ ਦੱਸਦੇ ਹਨ ਕਿ ਛੋਟੇ ਸ਼ਹਿਰਾਂ ਅਤੇ ਖੇਤਰੀ ਇਲਾਕਿਆਂ ਵਿੱਚ ਰੋਜ਼ਗਾਰ ਦੇ ਚੰਗੇ ਮੌਕੇ ਨਾਂ ਹੋਣ ਕਾਰਨ ਹੀ ਪਰਵਾਸੀ ਵੱਡੇ ਸ਼ਹਿਰਾਂ ਵਿੱਚ ਆ ਜਾਂਦੇ ਹਨ।
ਰਾਜਿੰਦਰ ਕੌਰ ਭੁੱਲਰ ਜੋ ਕਿ ਤਿੰਨ ਸਾਲ ਨਿਊ ਸਾਊਥ ਵੇਲਜ਼ ਦੇ ਮੂਰੇ ਖੇਤਰ ਵਿੱਚ ਰਹਿਣ ਮਗਰੋਂ ਮੇਲਬਰਨ ਆ ਵੱਸੇ ਹਨ, ਕਹਿੰਦੇ ਹਨ ਕਿ ਉਹਨਾਂ ਦੇ ਓਥੋਂ ਸ਼ਹਿਰ ਆਉਣ ਦਾ ਮੁੱਖ ਕਾਰਨ ਚੰਗੀ ਨੌਕਰੀ ਨਾਂ ਮਿਲਣਾ ਹੀ ਹੈ।
ਮਾਈਗ੍ਰੇਸ਼ਨ ਏਜੰਟ ਸੂਰਜ ਹਾਂਡਾ ਦੱਸਦੇ ਹਨ ਕਿ ਅਰਜ਼ੀ ਵੀਜ਼ਿਆਂ ਤੇ ਪਰਵਾਸੀ ਖੇਤਰੀ ਇਲਾਕਿਆਂ ਵਿੱਚ ਉਸ ਸਮੇ ਤੱਕ ਹੀ ਰਹਿੰਦੇ ਹਨ ਜਦੋਂ ਤੱਕ ਕਿ ਉਹਨਾਂ ਨੂੰ ਪਰਮਾਨੈਂਟ ਰੇਸੀਡੈਂਸੀ ਨਹੀਂ ਮਿਲਦੀ ਅਤੇ ਉਸ ਮਗਰੋਂ ਉਹ ਓਹਨਾ ਸ਼ਹਿਰਾਂ ਵਿੱਚ ਆ ਜਾਂਦੇ ਹਨ ਜਿੱਥੇ ਓਹਨਾ ਲਈ ਰੋਜ਼ਗਾਰ ਯਾ ਕਾਰੋਬਾਰ ਦੇ ਚੰਗੇ ਮੌਕੇ ਹੁੰਦੇ ਹਨ।
ਖੇਤਰੀ ਇਲਾਕਿਆਂ ਵਿੱਚੋਂ ਸਿਡਨੀ ਜਾਂ ਮੈਲਬੌਰਨ ਆਏ ਪ੍ਰਵਾਸੀਆਂ ਵਿਚੋਂ ਕਈ ਦੱਸਦੇ ਹਨ ਕਿ ਉਹ ਛੋਟੇ ਸ਼ਹਿਰਾਂ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ ਕਿਓਂਕਿ ਓਥੇ ਪਰਿਵਾਰ ਲਈ ਵਧੇਰੇ ਸਮਾਂ ਹੁੰਦਾ ਹੈ।
ਸ਼੍ਰੀ ਹਾਂਡਾ ਕਹਿੰਦੇ ਹਨ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਪ੍ਰਵਾਸੀਆਂ ਖੇਤਰੀ ਇਲਾਕਿਆਂ ਵਿੱਚ ਲੰਮੇ ਸਮੇ ਲਈ ਰਹਿਣ, ਇਸ ਲਈ ਜ਼ਰੂਰੀ ਹੈ ਕਿ ਓਥੇ ਆਰਥਿਕ ਮੌਕੇ ਪੈਦਾ ਕੀਤੇ ਜਾਨ ਤਾਂ ਜੋ ਪਰਵਾਸੀ ਉਹਨਾਂ ਥਾਵਾਂ ਤੇ ਰਹਿਣ ਲਈ ਆਪ ਪ੍ਰੇਰਿਤ ਹੋਣ।