31 ਸਾਲਾ ਕੁਮਾਰ ਦੇ ਕੋਲ ਰੋਜ਼ਗਾਰ ਨਹੀਂ ਹੈ, ਉਹ ਗੱਡੀ ਨਹੀਂ ਚਲਾਉਂਦਾ ਕਿਉਂਕਿ ਉਸਦੇ ਡ੍ਰਾਈਵਿੰਗ ਲਾਇਸੈਂਸ ਦੀ ਮਿਆਦ ਲੰਘ ਚੁੱਕੀ ਹੈ, ਉਸਦਾ ਕੋਈ ਰਹਿਣ ਦਾ ਪੱਕਾ ਟਿਕਾਣਾ ਨਹੀਂ ਹੈ, ਇਥੋਂ ਤੱਕ ਕਿ ਉਸਦੇ ਕੋਲ ਮੋਬਾਈਲ ਫੋਨ ਨੰਬਰ ਵੀ ਨਹੀਂ ਹੈ। ਬਿਮਾਰ ਹੋਣ ਤੇ ਉਹ ਡਾਕਟਰ ਕੋਲ ਜਾਣ ਤੋਂ ਪ੍ਰਹੇਜ਼ ਕਰਦਾ ਹੈ, ਉਸਦੇ ਨਾਲ ਕੁੱਝ ਗਲਤ ਹੋ ਜਾਣ ਤੇ ਉਹ ਪੁਲਿਸ ਕੋਲ ਜਾਣ ਤੋਂ ਡਰਦਾ ਹੈ।
ਉਸਦਾ ਜੀਵਨ ਵੀ ਕਿਸੇ ਆਮ ਵਿਅਕਤੀ ਵਾਲਾ ਹੀ ਸੀ। ਸਾਲ 2008 ਵਿੱਚ ਬਤੌਰ ਕੌਮਾਂਤਰੀ ਵਿਦਿਆਰਥੀ ਉਹ ਆਸਟਰੇਲੀਆ ਆਇਆ।
"ਮੇਰੇ ਹਜ਼ਾਰਾਂ ਸੁਫ਼ਨੇ ਸਨ, ਜਿਵੇਂ ਭਾਰਤ ਤੋਂ ਆਉਣ ਵਾਲੇ ਹਰੇਕ ਵਿਦਿਆਰਥੀ ਦੇ ਹੁੰਦੇ ਹਨ। ਮੈਂ ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦਾ ਸੀ।"
ਪਰ ਸਾਲ 2011 ਵਿੱਚ ਉਸਦਾ ਵੀਜਾ ਖਤਮ ਹੋ ਗਿਆ ਅਤੇ ਇਸ ਮਗਰੋਂ ਪਾਰਟਨਰ ਵੀਜ਼ਾ ਅਰਜ਼ੀ ਖਾਰਿਜ ਹੋਣ ਮਗਰੋਂ ਆਸਟ੍ਰੇਲੀਆ ਤੋਂ ਵਾਪਿਸ ਚਲੇ ਜਾਣ ਲਈ ਕਹੇ ਜਾਣ ਤੇ ਉਸਨੇ ਗ਼ੈਰਕਾਨੂੰਨੀ ਢੰਗ ਨਾਲ ਇੱਥੇ ਰਹਿਣਾ ਚੁਣਿਆ।
ਇਸਦੇ ਨਾਲ ਹੀ, ਉਹ ਉਹਨਾਂ ਹਜ਼ਾਰਾਂ ਲੋਕਾਂ ਵਿੱਚ ਸ਼ਾਮਿਲ ਹੋ ਗਿਆ ਜਿਨ੍ਹਾਂ ਨੂੰ ਸਰਕਾਰ "ਅਨਲਾਫੁੱਲ ਨਾਨ-ਸਿਟੀਜਨ" ਕਹਿੰਦੀ ਹੈ। ਅੰਕੜਿਆਂ ਮੁਤਾਬਿਕ ਸਾਲ 2018 ਦੇ ਸ਼ੁਰੂ ਵਿੱਚ ਬਗੈਰ ਕਿਸੇ ਵੀਜ਼ੇ ਤੋਂ ਆਸਟਰੇਲੀਆ ਵਿੱਚ ਰਹਿਣ ਵਾਲਿਆਂ ਦੀ ਗਿਣਤੀ 60,000 ਦੇ ਨੇੜੇ ਸੀ।
ਕੁਮਾਰ ਨੇ ਦੱਸਿਆ ਕਿ ਕਈ ਦਿਨ ਅਜਿਹੇ ਹੁੰਦੇ ਹਨ ਕਿ ਉਸਦੇ ਕੋਲ ਰੋਟੀ ਖਾਨ ਦੇ ਪੈਸੇ ਵੀ ਨਹੀਂ ਹੁੰਦੇ ਅਤੇ ਉਸਨੂੰ ਕੇਵਲ ਇੱਕ ਟਾਈਮ ਰੋਟੀ ਖਾ ਕੇ ਗੁਜ਼ਾਰਾ ਕਰਨਾ ਪੈਂਦਾ ਹੈ।
ਗੈਰਕਾਨੂੰਨੀ ਤੌਰ ਤੇ ਰਹਿਣ ਕਾਰਨ ਰੋਜ਼ਗਾਰ ਨਾ ਹੋਣ ਕਾਰਨ ਉਹ ਸੋਸ਼ਲ ਮੀਡਿਆ ਜ਼ਰੀਏ ਕੰਮ ਦੀ ਭਾਲ ਕਰਦਾ ਹੈ ਅਤੇ ਦੱਸਦਾ ਹੈ ਕਿ ਹਫਤੇ ਵਿੱਚ ਇੱਕ ਦੋ ਦਿਹਾੜੀਆਂ ਮਿਲਣ ਤੇ $100- $200 ਕਮਾ ਲੈਂਦਾ ਹੈ। ਪਰ ਕਈ ਵਾਰ ਕੰਮ ਕਰਨ ਦੇ ਬਾਵਜੂਦ ਪੈਸੇ ਨਹੀਂ ਦਿੱਤੇ ਜਾਂਦੇ ਤਾਂ ਉਹ ਪੁਲਿਸ ਨੂੰ ਵੀ ਸ਼ਿਕਾਇਤ ਨਹੀਂ ਕਰ ਸਕਦਾ।
ਬਲਕਿ ਪੁਲਿਸ ਤੋਂ ਤਾਂ ਉਸਨੂੰ ਖਾਸ ਕਰਕੇ ਬਚਣਾ ਪੈਂਦਾ ਹੈ।
"ਘਰੋਂ ਬਾਹਰ ਨਿੱਕਲਦੇ ਹੀ ਇਸ ਗੱਲ ਦਾ ਖਿਆਲ ਰੱਖਣਾ ਪੈਂਦਾ ਹੈ ਕਿ ਜੇਕਰ ਕੀਤੇ ਪੁਲਿਸ ਹੈ ਤਾਂ ਉਹਨਾਂ ਦੀ ਅੱਖਾਂ ਵਿੱਚ ਨਾ ਆਵਾਂ। ਕਿਉਂਕਿ ਚਾਹੇ ਮੈਂ ਇਥੇ ਜਿਨ੍ਹਾਂ ਵੀ ਸਮਾਂ ਬਿਤਾਇਆ ਅਤੇ ਚਾਹੇ ਮੇਰੇ ਨਾਲ ਕੁੱਝ ਵੀ ਹੋਇਆ, ਇਸਦਾ ਕਿਸੇ ਨੂੰ ਕੋਈ ਅਸਰ ਨਹੀਂ। ਜੇਕਰ ਫੜਿਆ ਗਿਆ ਤਾਂ ਉਹਨਾਂ ਮੈਨੂੰ ਇੱਕ ਮਿੰਟ ਵਿੱਚ ਡਿਪੋਰਟ ਕਰ ਦੇਣਾ ਹੈ।"
ਰਾਤ ਕੱਟਣ ਦੇ ਲਈ ਕੋਈ ਪੱਕਾ ਟਿਕਾਣਾ ਵੀ ਨਹੀਂ ਹੈ। ਜ਼ਿਆਦਾਤਰ ਸਾਂਝੇ ਕਿਰਾਏ ਤੇ ਲਏ ਘਰਾਂ ਵਿੱਚ ਰਹਿੰਦਾ ਹੈ ਅਤੇ ਜਦੋਂ ਕਿਰਾਏ ਦੇ ਲਈ ਪੈਸੇ ਨਹੀਂ ਹੁੰਦੇ ਤਾਂ ਦੋਸਤਾਂ ਤੋਂ ਉਧਾਰ ਲੈਣਾ ਪੈਂਦਾ ਹੈ।
"ਇੰਞ ਕਰਕੇ ਮੇਰੇ ਤੇ ਕਈ ਦੋਸਤਾਂ ਦਾ ਕਰਜ਼ਾ ਹੈ ਤੇ ਪਤਾ ਨਹੀਂ ਉਹ ਵਾਪਿਸ ਕਿਵੇਂ ਕਰਾਂਗਾ। ਕਈ ਵਾਰ ਦਰਿਆ ਕੰਡੇ ਬੈਠ ਕੇ ਵੀ ਰਾਤਾਂ ਕੱਟੀਆਂ ਹਨ।"
ਸਾਲ 2011 ਵਿੱਚ ਆਪਣੇ ਕੋਰਸ ਵਿੱਚ ਫੇਲ ਹੋਣ ਮਗਰੋਂ ਉਸਦੇ ਸਟੂਡੈਂਟ ਵੀਜ਼ੇ ਨੇ ਵਧਾਉਣ ਤੋਂ ਇਨਕਾਰ ਹੋ ਗਿਆ। ਇਸ ਮਗਰੋਂ ਉਹ ਭਾਰਤ ਵਾਪਿਸ ਨਹੀਂ ਗਿਆ ਬਲਕਿ ਬ੍ਰਿਜਿੰਗ ਵੀਜ਼ੇ ਤੇ ਆਸਟਰੇਲੀਆ ਹੀ ਰਹਿੰਦਾ ਰਿਹਾ। ਸਾਲ 2013 ਵਿੱਚ ਇੱਕ ਅਸਟ੍ਰੇਲੀਅਨ ਨਾਗਰਿਕ ਦੇ ਨਾਲ ਵਿਆਹ ਮਗਰੋਂ ਉਸਨੇ ਪਾਰਟਨਰ ਵੀਜ਼ੇ ਲਈ ਅਰਜ਼ੀ ਦਾਖਲ ਕੀਤੀ। ਪਰੰਤੂ ਉਸਨੂੰ ਇਹ ਕਿਹਾ ਗਿਆ ਕਿ ਉਹ ਆਸਟਰੇਲੀਆ ਵਿੱਚ ਰਹਿ ਕੇ ਇਸ ਵੀਜ਼ੇ ਦੇ ਲਈ ਅਰਜ਼ੀ ਨਹੀਂ ਲਗਾ ਸਕਦਾ ਅਤੇ ਉਸਨੂੰ ਭਾਰਤ ਜਾਕੇ ਇਸ ਵੀਜ਼ੇ ਲਈ ਅਪਲਾਈ ਕਰਨਾ ਪਵੇਗਾ।
ਕੁਮਾਰ ਨੇ ਦੱਸਿਆ ਕਿ ਉਸਦੀ ਪਤਨੀ ਦੇ ਲਗਾਤਾਰ ਬਿਮਾਰ ਰਹਿਣ ਕਾਰਨ ਉਹ ਉਸਨੂੰ ਛੱਡ ਕੇ ਭਾਰਤ ਨਹੀਂ ਜਾ ਸਕਦਾ ਸੀ। ਉਸਨੇ ਦਾਅਵਾ ਕੀਤਾ ਕਿ ਉਸਦੀ ਪਤਨੀ ਨੇ ਟਰਾਈਬਿਊਨਲ ਵਿੱਚ ਉਸਦੇ ਹੱਕ ਵਿੱਚ ਗਵਾਹੀ ਦੇਣ ਲਈ ਤਿਆਰ ਸੀ।
ਪਰੰਤੂ ਜਿਸ ਵੇਲੇ ਉਸਦੇ ਮਾਮਲੇ ਤੇ ਸੁਣਵਾਈ ਸ਼ੁਰੂ ਹੋਈ ਉਸਤੋਂ ਪਹਿਲਾਂ ਹੀ ਉਸਦੀ ਪਤਨੀ ਨੇ ਕਥਿਤ ਤੌਰ ਤੇ ਉਸਦੇ ਨਾਲ ਦੁਰਵਿਹਾਰ ਸ਼ੁਰੂ ਕਰ ਦਿੱਤਾ। ਕੁਮਾਰ ਮੁਤਾਬਿਕ, ਉਸਦੀ ਪਤਨੀ ਨੇ ਉਸਦੇ ਨਾਲ ਘਰੇਲੂ ਹਿੰਸਾ ਕੀਤੀ।
ਉਸਨੇ ਘਰੇਲੂ ਹਿੰਸਾ ਦੇ ਪੀੜਿਤ ਵੱਜੋਂ ਵੀਜ਼ੇ ਦੀ ਮੰਗ ਕੀਤੀ ਪਰੰਤੂ ਟਰਾਈਬਿਊਨਲ ਨੇ ਉਸਦੀ ਇਸ ਦਲੀਲ ਤੇ ਉਸਨੂੰ ਕਾਨੂੰਨ ਅਨੁਸਾਰ ਵੀਜ਼ੇ ਦਾ ਹੱਕਦਾਰ ਨਹੀਂ ਮੰਨਿਆ।
ਕੁਮਾਰ ਇਸ ਫੈਸਲੇ ਦੇ ਵਿਰੁੱਧ ਫੈਡਰਲ ਸਰਕਟ ਕੋਰਟ ਵਿੱਚ ਅਪੀਲ ਕਰ ਸਕਦਾ ਸੀ ਪਰੰਤੂ ਉਸਦੇ ਮੁਤਾਬਿਕ ਪੈਸੇ ਨਾ ਹੋਣ ਕਾਰਨ ਉਹ ਅਜਿਹਾ ਨਹੀਂ ਕਰ ਸਕਿਆ ਅਤੇ ਉਸਨੇ ਇਮੀਗ੍ਰੇਸ਼ਨ ਮੰਤਰੀ ਨੂੰ ਉਸਦੇ ਮਾਮਲੇ ਵਿੱਚ ਦਖ਼ਲ ਦੇਣ ਲਈ ਅਪੀਲ ਕੀਤੀ।
ਪਰੰਤੂ ਮੰਤਰੀ ਨੇ ਇਸਤੋਂ ਇਨਕਾਰ ਕਰ ਦਿੱਤਾ।
ਸਾਲ 2015 ਦੇ ਅਖ਼ੀਰ ਵਿੱਚ ਉਸਨੂੰ ਆਸਟਰੇਲੀਆ ਤੋਂ ਚਲੇ ਜਾਣ ਲਈ ਕਿਹਾ ਗਿਆ ਸੀ ਪਰੰਤੂ ਇਸਦੀ ਥਾਂ ਉਹ ਇੱਥੇ ਹੀ ਰਹਿ ਰਿਹਾ ਹੈ।
ਬੇਹੱਦ ਮੁਸ਼ਕਲ ਜੀਵਨ ਦੇ ਬਾਵਜੂਦ ਉਹ ਭਾਰਤ ਮੁੜਨ ਨੂੰ ਰਾਜ਼ੀ ਨਹੀਂ ਹੈ।
“ਮੈ ਵਾਪਿਸ ਜਾਕੇ ਆਪਣੇ ਮਾਪਿਆਂ ਨੂੰ ਕੀ ਮੂੰਹ ਵਿਖਾਵਾਂ? ਮੈਂ ਦੱਸ ਸਾਲ ਇੱਥੇ ਰਿਹਾ ਹਾਂ, ਮੈਂ ਆਪਣੇ ਆਪ ਨੂੰ ਅਸਟ੍ਰੇਲੀਅਨ ਸਮਝਦਾ ਹਾਂ ਤੇ ਭਾਰਤ ਵਿੱਚ ਹੁਣ ਮੇਰੇ ਲਈ ਕੁੱਝ ਵੀ ਨਹੀਂ।”
“ਜਦ ਤੱਕ ਮੇਰੇ ਵਿੱਚ ਜਾਨ ਬਾਕੀ ਹੈ ਮੈਂ ਕੋਸ਼ਿਸ਼ ਕਰਦਾ ਰਹਾਂਗਾ।”
ਹਾਲਾਂਕਿ ਉਹ ਇਹ ਵੀ ਮੰਨਦਾ ਹੈ ਕਿ ਕਾਨੂੰਨ ਅਨੁਸਾਰ ਉਸਦੇ ਦੇ ਕੋਲ ਭਾਰਤ ਵਾਪਿਸ ਜਾਨ ਤੋਂ ਅਲਾਵਾ ਕੋਈ ਹੋਰ ਰਾਹ ਨਹੀਂ ਹੈ।
If you or someone you know needs help, call 1800RESPECT on 1800 737 732 or . You can also call on 1300 789 978 and on 1300 659 467. In an emergency, call 000.