ਇੱਕ 23- ਸਾਲਾ ਭਾਰਤੀ ਵਿਦਿਆਰਥਣ ਦਾ ਕਹਿਣਾ ਹੈ ਕਿ ਮੈਲਬਰਨ ਦੇ ਦੱਖਣ-ਪੂਰਬੀ ਇਲਾਕੇ ਵਿੱਚ ਮੈਟਰੋ ਵਿੱਚ ਸਫ਼ਰ ਦੌਰਾਨ ਉਸ ਉੱਪਰ ਹਮਲਾ ਕੀਤਾ ਗਿਆ।
ਸੇਵਨ ਨਿਊਜ਼ ਨੂੰ ਦੱਸਣ ਮੁਤਾਬਿਕ, ਮੋਨਾਸ਼ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੀ ਕ੍ਰਿਤੀਕਾ ਐਤਵਾਰ ਤੜਕੇ ਆਪਣੇ ਇੱਕ ਦੋਸਤ ਦੇ ਨਾਲ ਕਰੇਨਬਰਨ ਲਾਈਨ ਤੇ ਮੈਟਰੋ ਵਿੱਚ ਸਫ਼ਰ ਕਰ ਰਹੀ ਸੀ ਜਿਸ ਵੇਲੇ ਟ੍ਰੇਨ ਵਿੱਚ ਬੈਠੀ ਇੱਕ ਕੁੜੀ ਨੇ ਉਸਨੂੰ ''ਨਾ ਘੂਰਨ" ਲਈ ਕਿਹਾ।
ਇਸ ਮਗਰੋਂ, ਕ੍ਰਿਤੀਕਾ ਮੁਤਾਬਿਕ, ਕਥਿਤ ਘਟਨਾ ਉਸ ਵੇਲੇ ਹੋਈ ਜਦੋਂ ਉਹ ਆਪਣੇ ਦੋਸਤ ਦੇ ਨਾਲ ਮੈਲਬਰਨ ਸਿਟੀ ਤੋਂ ਵਾਪਿਸ ਜਾ ਰਹੀ ਸੀ।
"ਸਾਰੀਆਂ ਕੁੜੀਆਂ ਨੇ ਮੇਰੇ ਤੇ ਹਮਲਾ ਕਰ ਦਿੱਤਾ, ਉਹਨਾਂ ਨੇ ਮੈਨੂੰ ਬੁਰੇ ਤਰੀਕੇ ਮਾਰੀਆ। ਮੈਨੂੰ ਲੱਤਾਂ ਮਾਰੀਆ, ਮੁੱਕੇ ਤੇ ਥੱਪੜ ਵੀ ਮਾਰੇ। ਉਹਨਾਂ ਮੇਰੇ ਵਾਲ ਵੀ ਖਿੱਚੇ। ਮੇਰੇ ਸੱਟਾਂ ਦੇ ਨਿਸ਼ਾਨ ਵੀ ਹਨ," ਉਸਨੇ ਸੇਵਨ ਨਿਊਜ਼ ਨੂੰ ਦੱਸਿਆ।
"ਜਿਸ ਕੁੜੀ ਨੇ ਮੇਰੇ ਤੇ ਹਮਲਾ ਕੀਤਾ ਉਹ ਗੋਰੀ ਸੀ। ਇਹ ਅਸਲ ਵਿੱਚ ਨਸਲਵਾਦ ਸੀ ਜਿਸ ਕਾਰਨ ਮੇਰੇ ਤੇ ਹਮਲਾ ਕੀਤਾ ਗਿਆ।"
ਖ਼ਬਰ ਮੁਤਾਬਿਕ, ਟ੍ਰੇਨ ਵਿੱਚ ਸਫ਼ਰ ਕਰ ਰਹੇ ਕੁੱਝ ਹੋਰ ਅਫਰੀਕੀ ਮੂਲ ਦੇ ਨੌਜਵਾਨਾਂ ਨੇ ਵੀ ਹਮਲਾਵਰਾਂ ਦੇ ਨਾਲ ਸ਼ਾਮਿਲ ਹੋਣ ਮਗਰੋਂ ਕ੍ਰਿਤੀਕਾ ਅਤੇ ਉਸਦੇ ਦੋਸਤ ਦਾ ਸਮਾਨ ਖੋਹ ਲਿਆ।
ਘਟਨਾ ਦੀ ਜਾਣਕਾਰੀ ਮਿਲਣ ਤੇ ਐਮਬੂਲੈਂਸ ਬੁਲਾਈ ਗਈ ਅਤੇ ਕ੍ਰਿਤੀਕਾ ਨੂੰ ਮੈਲਬੌਰਨ ਦੇ ਐਲਫਰਡ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸਨੂੰ ਬਾਅਦ ਵਿੱਚ ਛੁੱਟੀ ਦੇ ਦਿੱਤੀ ਗਈ।
ਹਾਲਾਂਕਿ ਕ੍ਰਿਤੀਕਾ ਨੂੰ ਸ਼ਰੀਰਕ ਤੌਰ ਤੇ ਕੋਈ ਗੰਭੀਰ ਜ਼ਖਮ ਨਹੀਂ ਆਏ, ਪਰੰਤੂ ਉਸਦੇ ਮੁਤਾਬਿਕ ਉਹ ਹੁਣ ਇੱਕੱਲੇ ਕਿਸੇ ਵੀ ਥਾਂ ਤੇ ਜਾਨ ਤੋਂ ਡਰਦੀ ਹੈ।
ਵਿਕਟੋਰੀਆ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਿਕ ਐਤਵਾਰ ਤੜਕੇ ਓਕਲੀ ਸਟੇਸ਼ਨ ਨੇੜੇ ਹੋਈ। ਆਪਸੀ ਬਹਿਸ ਤੋਂ ਸ਼ੁਰੂ ਹੋਇਆ ਝਗੜਾ ਸ਼ਰੀਰਿਕ ਹਮਲੇ ਵਿੱਚ ਤਬਦੀਲ ਹੋ ਗਿਆ। ਪੁਲਿਸ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਹਮਲੇ ਦੌਰਾਨ, ਕ੍ਰਿਤੀਕਾ ਦਾ ਪਰਸ ਡਿਗ ਪਿਆ ਜਿਸਨੂੰ ਟ੍ਰੇਨ ਵਿੱਚ ਸਫ਼ਰ ਕਰ ਰਹੇ ਇੱਕ ਵਿਅਕਤੀ ਨੇ ਚੋਰੀ ਕਰ ਲਿਆ।
ਪੁਲਿਸ ਦੇ ਦੱਸਣ ਮੁਤਾਬਿਕ ਇਸ ਹਮਲੇ ਵਿੱਚ ਸ਼ਾਮਿਲ ਸਾਰੇ ਕਥਿਤ ਹਮਲਾਵਰ 15-19 ਸਾਲ ਦੀ ਉਮਰ ਦੇ ਸਨ।
ਕਿਸੇ ਨੂੰ ਵੀ ਇਸ ਘਟਨਾ ਬਾਰੇ ਜਾਣਕਾਰੀ ਹੋਵੇ ਤਾਂ ਉਹਨਾਂ ਨੂੰ ਕ੍ਰਾਈਮ ਸਟੋਪਰਸ ਨਾਲ 1800 333 000 ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।