ਭਾਰਤੀ ਪੁਲਿਸ ਦਾ ਦੋਸ਼ ਹੈ ਕਿ ਆਸਟ੍ਰੇਲੀਆ ਵਿੱਚ ਇੱਕ ਭਾਰਤੀ ਵਿਦਿਆਰਥੀ ਨੇ ਜਾਅਲੀ ਪਛਾਣ ਦਸਤਾਵੇਜ਼ਾਂ ਦਾ ਇਸਤੇਮਾਲ ਕਰਕੇ ਹਾਸਿਲ ਕੀਤੇ ਕਰੈਡਿਟ ਕਾਰਡ ਭਾਰਤ ਵਿੱਚ ਤਿੰਨ ਕਰੋੜ ਰੁਪਏ ਦੀ ਠੱਗੀ ਲਈ ਇਸਤੇਮਾਲ ਕੀਤੇ ਹਨ।
ਬੀਤੇ ਸ਼ਨੀਵਾਰ ਦਿੱਲੀ ਦੇ ਨਾਲ ਲੱਗਦੇ ਨੋਇਡਾ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਈ ਕਰੈਡਿਟ ਕਾਰਡ ਅਤੇ ਜਾਅਲੀ ਸ਼ਿਨਾਖ਼ਤੀ ਪੱਤਰਾਂ ਦੇ ਨਾਲ ਗਿਰਫ਼ਤਾਰ ਕੀਤਾ। ਪੁਲਿਸ ਮੁਤਾਬਿਕ ਇਹ ਦੋਹੇ ਆਸਟ੍ਰੇਲੀਆ ਤੋਂ ਭੇਜੇ ਕਰੈਡਿਟ ਕਾਰਡ ਸੋਨਾ ਅਤੇ ਹੋਰ ਮਹਿੰਗੇ ਗਹਿਣੇ ਆਦਿ ਖਰੀਦਣ ਇਸਤੇਮਾਲ ਕਰਦੇ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਵੇਚ ਕੇ ਨਕਦੀ ਹਾਸਿਲ ਕੀਤੀ ਜਾਂਦੀ ਸੀ।
ਪੁਲਿਸ ਮੁਤਾਬਿਕ, ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀ ਅਲਗ ਅਲਗ ਸ਼ਿਨਾਖ਼ਤੀ ਦਸਤਾਵੇਜ਼ਾਂ ਦੇ ਅਧਾਰ ਤੇ ਨਵੇਂ ਕਰੈਡਿਟ ਕਾਰਡ ਹਾਸਿਲ ਕਰਦਾ ਸੀ।
"ਦੋਸ਼ੀਆਂ ਨੇ ਇਹਨਾਂ ਕਾਰਡਾਂ ਦਾ ਇਸਤੇਮਾਲ ਸੋਨਾ ਅਤੇ ਗਹਿਣੇ ਖਰੀਦਣ ਲਈ ਕੀਤਾ ਅਤੇ ਮੁੜਕੇ ਇਸ ਸਮਾਨ ਨੂੰ ਨਕਦੀ ਵੇਚ ਦਿੰਦੇ ਸੀ," ਨੋਇਡਾ ਪੁਲਿਸ ਦੇ ਇੰਸਪੈਕਟਰ ਰਾਜਵੀਰ ਸਿੰਘ ਚੌਹਾਨ ਨੇ ਐਸ ਬੀ ਐਸ ਨੂੰ ਦੱਸਿਆ।
"ਪਿਛਲੇ ਇੱਕ ਮਹੀਨੇ ਦੌਰਾਨ ਇਹਨਾਂ ਨੇ ਤਕਰੀਬਨ ਇੱਕ ਕਰੋੜ ਰੁਪਏ ਖਰਚ ਕੀਤੇ ਹਨ ਅਤੇ ਇਹ ਸਿਲਸਿਆ ਤਕਰੀਬਨ 6-7 ਮਹੀਨਿਆਂ ਤੋਂ ਜਾਰੀ ਹੈ," ਉਹਨਾਂ ਕਿਹਾ।
ਇਸ ਮਾਮਲੇ ਦੀ ਪੜਤਾਲ ਕਰੈਡਿਟ ਕਾਰਡ ਕੰਪਨੀ ਅਮੇਰਿਕਨ ਐਕਸਪ੍ਰੈਸ ਦੇ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੇ ਜਾਣ ਤੇ ਸ਼ੁਰੂ ਹੋਈ।
ਗਿਰਫ਼ਤਾਰ ਕੀਤੇ ਗਏ ਦੋ ਦੋਸ਼ੀ ਪੁਲਿਸ ਦੀ ਹਿਰਾਸਤ ਵਿੱਚ ਹਨ ਅਤੇ ਉਹਨਾਂ ਤੋਂ ਪੁਲਿਸ ਵੱਲੋਂ ਪੁੱਛਗਿੱਛ ਜਾਰੀ ਹੈ। ਨਾਲ ਹੀ ਪੁਲਿਸ ਮੁਤਾਬਿਕ ਉਹ ਭਾਰਤ ਦੇ ਵਿਦੇਸ਼ ਮੰਤਰਾਲੇ ਰਹਿਣ ਆਸਟ੍ਰੇਲੀਆ ਵਿੱਚ ਰਹਿ ਰਹੇ ਦੋਸ਼ੀ ਨੂੰ ਵੀ ਜਲਦੀ ਭਾਰਤ ਲਿਆਉਣ ਲਈ ਕਾਰਵਾਈ ਸ਼ੁਰੂ ਕਰਨ ਗੇ।
ਅਮੇਰਿਕਨ ਐਕਸਪ੍ਰੈਸ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਮਾਮਲੇ ਦੀ ਅੰਦਰੂਨੀ ਤਫਤੀਸ਼ ਜਾਰੀ ਹੈ ਪਰ ਉਸਨੇ ਇਸਤੋਂ ਅੱਗੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।