ਆਪਣੇ ਸਲਾਨਾ ਅਪਡੇਟ ਵਿੱਚ ਵਰਕਪਲੇਸ ਲਿੰਗ ਸਮਾਨਤਾ ਏਜੰਸੀ ਨੇ ਕਿਹਾ ਹੈ ਕਿ 2022 ਦੇ ਮੁਕਾਬਲੇ ਇਸ ਸਾਲ ਲਿੰਗ ਅਧਾਰਿਤ ਤਨਖਾਹਾਂ ਵਿੱਚ ਔਸਤਨ ਫ਼ਰਕ 22.8 ਪ੍ਰਤੀਸ਼ਤ ਤੋਂ ਘਟ ਕੇ 21.7 ਪ੍ਰਤੀਸ਼ਤ ਰਹਿ ਗਿਆ ਹੈ।
ਇਸਦਾ ਮਤਲਬ ਇਹ ਹੈ ਕੇ ਆਸਟ੍ਰੇਲੀਆ ਵਿੱਚ ਔਰਤ ਮਰਦਾਂ ਦੇ ਹਰ ਡਾਲਰ ਕਮਾਉਣ ਦੇ ਮੁਕਾਬਲੇ 78 ਸੈਂਟ ਕਮਾ ਰਹੀ ਹੈ। ਇਹ ਫ਼ਰਕ ਭਾਵੇਂ ਪਹਿਲਾਂ ਨਾਲੋਂ ਘਟਿਆ ਹੈ ਪਰ ਮਰਦਾਂ ਅਤੇ ਔਰਤਾਂ ਵਿੱਚ ਹਾਲੇ ਵੀ ਸਾਲਾਨਾ ਤਨਖ਼ਾਹ ਦੇ ਅੰਦਰ 26,393 ਡਾਲਰ ਦਾ ਫ਼ਰਕ ਹੈ।
ਹਰ ਉਦਯੋਗ ਵਿੱਚ ਅਤੇ ਚਾਰ ਵਿੱਚੋਂ ਲਗਭਗ ਤਿੰਨ ਰੁਜ਼ਗਾਰਦਾਤਾਵਾਂ ਵਿੱਚ ਪੁਰਸ਼ਾਂ ਅਤੇ ਔਰਤਾਂ 'ਚ ਅਜੇ ਵੀ 5 ਪ੍ਰਤੀਸ਼ਤ ਤੋਂ ਵੱਧ ਦਾ ਅੰਤਰ ਹੈ।
ਵਰਕਪਲੇਸ ਲਿੰਗ ਸਮਾਨਤਾ ਏਜੰਸੀ ਦੀ ਮੁੱਖ ਕਾਰਜਕਾਰੀ ਅਫ਼ਸਰ, ਮੈਰੀ ਵੂਲਡਰਿਜ ਨੇ ਆਖਿਆ ਕਿ ਕੰਮ ਵਾਲੀ ਥਾਂ ਵਿਚ ਸਮਾਨਤਾ ਦੇ ਮੁੱਦੇ ਤੇ ਹੋਈ ਚਰਚਾ ਅਤੇ ਬਹਿਸ ਨਾਲ਼ ਵਧੀ ਜਾਗਰੂਕਤਾ ਨੇ ਇਸ ਪਾੜੇ ਨੂੰ ਘਟਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।