ਆਸਟ੍ਰੇਲੀਆ ਵਿੱਚ ਕੋਵਿਡ-19 ਮਾਮਲਿਆਂ ਦੀ ਵੱਧ ਰਹੀ ਹੈ ਗਿਣਤੀ

ਪਿਛਲੀ ਰਿਪੋਰਟਿੰਗ ਅਵਧੀ ਵਿੱਚ ਆਸਟ੍ਰੇਲੀਆ ਦੇ ਸਾਰੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਕੋਵਿਡ-19 ਦੀ ਗਿਣਤੀ ਵਧੀ ਹੈ। ਮਾਹਰਾਂ ਅਨੁਸਾਰ ਇਹ ਨਵੀਂ ਲਹਿਰ ਦੀ ਸ਼ੁਰੂਆਤ ਹੋ ਸਕਦੀ ਹੈ।

A woman wearing a face mask

Experts have suggested elderly and immunocompromised people should consider wearing face masks again. Source: AAP / JOEL CARRETT/AAPIMAGE

ਸਿਹਤ ਅਤੇ ਬਜ਼ੁਰਗ ਦੇਖਭਾਲ ਵਿਭਾਗ ਦੇ ਅਨੁਸਾਰ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਅਗਸਤ ਤੋਂ ਹੌਲੀ-ਹੌਲੀ ਵੱਧਦੀ ਰਹੀ ਹੈ।

24 ਅਕਤੂਬਰ ਨੂੰ ਖਤਮ ਹੋਏ ਹਫਤੇ ਵਿੱਚ ਪੂਰੇ ਆਸਟ੍ਰੇਲੀਆ ਵਿੱਚ ਕੋਵਿਡ-19 ਦੇ 6,550 ਮਾਮਲੇ ਦਰਜ ਕੀਤੇ ਗਏ ਜੋ ਕਿ ਔਸਤਨ 936 ਮਾਮਲੇ ਪ੍ਰਤੀ ਦਿਨ ਬਣਦਾ ਹੈ। ਰਾਸ਼ਟਰੀ ਪੱਧਰ 'ਤੇ ਕੋਵਿਡ-19 ਦੇ ਮਾਮਲਿਆਂ ਵਿਚ 23.6 ਫੀਸਦੀ ਦਾ ਵਾਧਾ ਹੋਇਆ ਹੈ।

ਇਸੇ ਮਿਆਦ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖਲ ਲੋਕਾਂ ਦੀ ਗਿਣਤੀ ਵਿੱਚ ਔਸਤਨ 17.5 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ। ਇਸ ਅਰਸੇ ਵਿੱਚ ਤਕਰੀਬਣ 1,245 ਲੋਕ ਹਸਪਤਾਲ ਦਾਖਲ ਹੋਏ। ਇਨ੍ਹਾਂ ਵਿੱਚੋਂ 31 ਨੂੰ ਇੰਟੈਂਸਿਵ ਕੇਅਰ ਯੂਨਿਟ ਵਿੱਚ ਦਾਖਲ ਕਰਵਾਇਆ ਗਿਆ ਸੀ।

ਯੂਨੀਵਰਸਿਟੀ ਆਫ਼ ਸਾਊਥ ਆਸਟ੍ਰੇਲੀਆ ਦੇ ਬਾਇਓਸਟੈਟਿਸਟਿਕਸ ਅਤੇ ਮਹਾਂਮਾਰੀ ਵਿਗਿਆਨ ਦੇ ਮੁਖੀ ਪ੍ਰੋਫੈਸਰ ਐਡਰੀਅਨ ਐਸਟਰਮੈਨ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਇਸ ਵਕਤ 'ਏਰਿਸ' ਵਾਇਰਸ ਜਿਸ ਨੂੰ ਈਜੀ.5 ਵੀ ਆਖਿਆ ਜਾਂਦਾ ਹੈ ਮੁੱਖ ਵਾਇਰਸ ਹੈ।

ਵਿਸ਼ਵ ਸਿਹਤ ਸੰਗਠਨ ਨੇ ਬੀਤੀ ਮਈ ਵਿੱਚ ਕੋਵਿਡ -19 ਨੂੰ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਨਾ ਹੋਣ ਦਾ ਐਲਾਨ ਕੀਤਾ ਸੀ ਅਤੇ ਆਸਟ੍ਰੇਲੀਆ ਵਿੱਚ ਵੀ ਹੁਣ ਇਸ ਨੂੰ ਇਕ ਸੰਚਾਰੀ ਬਿਮਾਰੀ ਘਟਨਾ ਵਜੋਂ ਨਹੀਂ ਦੇਖਿਆ ਜਾਂਦਾ।

Share
Published 6 November 2023 1:43pm
By Ravdeep Singh, Jessica Bahr
Source: SBS

Share this with family and friends