ਇਹ ਇਸ ਗੱਲ ਦਾ ਵੀ ਮਾਪਦੰਡ ਹੈ ਕਿ ਆਪਣੀ ਮਾਨਸਿਕ ਸਿਹਤ ਲਈ ਤੁਸੀਂ ਜੋ ਵੀ ਕਰ ਰਹੇ ਹੋ, ਕੀ ਤੁਸੀਂ ਉਸ ਨੂੰ ਜਾਰੀ ਰੱਖਣਾ ਚਾਹੁੰਦੇ ਹੋ ਜਾਂ ਹੋਰ ਮੱਦਦ ਲਈ ਤੁਹਾਨੂੰ ਕੋਈ 'ਫਾਲੋ-ਅੱਪ' ਕਦਮ ਚੁੱਕਣ ਦੀ ਲੋੜ ਹੈ, ਜਿਵੇਂ ਕਿ ਡਾਕਟਰੀ ਸਹਾਇਤਾ ਲੈਣਾ।
'ਸੈਂਟਰ ਫਾਰ ਰੂਰਲ ਐਂਡ ਰਿਮੋਟ ਮੈਂਟਲ ਹੈਲਥ' ਦੀ ਇਜਾਜ਼ਤ ਨਾਲ ਵਰਤੀ ਗਈ ਅਤੇ 'ਇਮਬ੍ਰੇਸ ਮਲਟੀਕਲਚਰਲ ਮੈਂਟਲ ਹੈਲਥ ਪ੍ਰੋਜੈਕਟ' ਦੇ ਸਹਿਯੋਗ ਨਾਲ ਐਸ.ਬੀ.ਐਸ ਦੁਆਰਾ ਅਨੁਕੂਲਿਤ ਹੇਠਾਂ ਦਿੱਤੀ ਸਵੈ-ਚੈੱਕ-ਇਨ ਇਨਫੋਗ੍ਰਾਫਿਕ - ਇੱਕ ਵਿਅਕਤੀ ਲਈ ਆਪਣੀ ਸਿਹਤ ਅਤੇ ਤੰਦਰੁਸਤੀ ਦਾ ਮੁਲਾਂਕਣ ਕਰਨ ਲਈ ਛੇ ਸਵਾਲ ਨਿਰਧਾਰਤ ਕਰਦੀ ਹੈ।

ਇਹ ਬਹੁ-ਸੱਭਿਆਚਾਰਕ ਭਾਈਚਾਰਿਆਂ ਨੂੰ ਆਸਟ੍ਰੇਲੀਆ ਦੀਆਂ ਮਾਨਸਿਕ ਸਿਹਤ ਸੇਵਾਵਾਂ ਤੱਕ ਪਹੁੰਚਯੋਗ ਫਾਰਮੈਟ, ਸੇਵਾਵਾਂ ਅਤੇ ਜਾਣਕਾਰੀ ਪਹੁੰਚਾਉਣ ਲਈ ਇੱਕ ਰਾਸ਼ਟਰੀ ਪਲੇਟਫਾਰਮ ਪ੍ਰਦਾਨ ਕਰਦਾ ਹੈ।
'ਇਮਬ੍ਰੇਸ ਮਲਟੀਕਲਚਰਲ ਮੈਂਟਲ ਹੈਲਥ' ਦੇ ਰੂਥ ਦਾਸ ਨੇ ਐਸ.ਬੀ.ਐਸ ਨਾਲ ਉਹਨਾਂ ਖਾਸ ਪਹਿਲੂਆਂ ਬਾਰੇ ਗੱਲ ਕੀਤੀ ਹੈ ਜਿਹਨਾਂ ਬਾਰੇ ਹਰ ਇੱਕ ਵਿਅਕਤੀ ਨੂੰ ਸਵੈ-ਚੈੱਕ-ਇਨ ਕਰਨ ਵੇਲੇ ਵਿਚਾਰ ਕਰਨਾ ਚਾਹੀਦਾ ਹੈ।
ਆਪਣੇ ਆਪ ਨੂੰ ਪੁੱਛੋ:
1. ਮੈਨੂੰ ਕਿਵੇਂ ਦਾ ਮਹਿਸੂਸ ਹੁੰਦਾ ਹੈ?
ਫਾਲੋ-ਅੱਪ ਸਵਾਲ: ਕੀ ਮੈਨੂੰ ਠੀਕ ਮਹਿਸੂਸ ਹੁੰਦਾ ਹੈ? ਕੀ ਮੈਨੂੰ ਡਾਕਟਰੀ ਸਲਾਹ ਜਾਂ ਕੋਈ ਹੋਰ ਸਹਾਇਤਾ ਲੈਣ ਦੀ ਲੋੜ ਹੈ?
2. ਕੀ ਮੈਨੂੰ ਸੌਣ ਵਿੱਚ ਮੁਸ਼ਕਲ ਆ ਰਹੀ ਹੈ?
ਫਾਲੋ-ਅੱਪ ਸਵਾਲ: ਕੀ ਮੈਨੂੰ ਸੌਣ ਵਿੱਚ ਮੁਸ਼ਕਲ ਆਉਂਦੀ ਹੈ? ਕੀ ਮੈਂ ਰਾਤ ਨੂੰ ਲੰਬੇ ਸਮੇਂ ਤੱਕ ਜਾਗਦਾ ਹਾਂ, ਪਾਸੇ ਬਦਲਦਾ ਹਾਂ ਅਤੇ ਨੀਂਦ ਲਈ ਜੂਝਦਾ ਹਾਂ ?
3. ਕੀ ਛੋਟੀਆਂ-ਛੋਟੀਆਂ ਚੀਜ਼ਾਂ ਮੈਨੂੰ ਜ਼ਿਆਦਾ ਪਰੇਸ਼ਾਨ ਕਰਦੀਆਂ ਹਨ?
ਫਾਲੋ-ਅੱਪ ਸਵਾਲ: ਕੀ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਜ਼ਿਆਦਾ ਚਿੜਚਿੜਾ ਹਾਂ? ਕੀ ਮੈਂ ਇੱਕ ਛੋਟੀ ਜਿਹੀ ਟਿੱਪਣੀ ਨੂੰ ਸਹਿਣ ਨਹੀਂ ਕਰ ਪਾਉਂਦਾ?
4. ਕੀ ਚੀਜ਼ਾਂ ਕਾਬੂ ਤੋਂ ਬਾਹਰ ਮਹਿਸੂਸ ਹੁੰਦੀਆਂ ਜਾਪਦੀਆਂ ਹਨ?
ਫਾਲੋ-ਅੱਪ ਸਵਾਲ: ਕੀ ਮੈਂ 'ਮੂਡੀ' ਹਾਂ ਅਤੇ ਕੀ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀਆਂ ਭਾਵਨਾਵਾਂ ਬਹੁਤ ਛੇਤੀ ਬਦਲਦੀਆਂ ਹਨ?
ਸ਼੍ਰੀਮਤੀ ਦਾਸ ਨੇ ਪੁਸ਼ਟੀ ਕੀਤੀ ਕਿ ਕਿਸੇ ਵੀ ਵਿਅਕਤੀ ਦੇ ਇਹਨਾਂ ਸਵਾਲਾਂ ਦੇ ਜਵਾਬ ਇਹ ਸੰਕੇਤ ਦੇ ਸਕਦੇ ਹਨ ਕਿ ਉਹਨਾਂ ਨੂੰ ਸਮਰਥਨ ਦੀ ਲੋੜ ਹੈ ਜਾਂ ਨਹੀਂ ।
ਪੁੱਛਣ ਲਈ ਦੋ ਫਾਲੋ-ਅੱਪ ਸਵਾਲ ਹੋਰ ਹਨ:
5. ਕੀ ਮੈਂ ਅੱਜ ਸਰੀਰਕ ਤੌਰ 'ਤੇ ਹਿਲਜੁੱਲ ਕੀਤੀ ਹੈ?
ਸ਼੍ਰੀਮਤੀ ਦਾਸ ਅਨੁਸਾਰ “ਜੇ ਤੁਸੀਂ 'ਲੋਅ' ਜਾਂ ਨਕਰਾਤ੍ਮਕ ਮਹਿਸੂਸ ਕਰਦੇ ਹੋ ਤਾਂ ਕੁੱਝ ਵੀ ਕਰਨ ਲੱਗੇ ਤੁਹਾਨੂੰ ਮੁਸ਼ਕਿਲ ਮਹਿਸੂਸ ਹੋਵੇਗੀ ਅਤੇ ਪ੍ਰੇਰਣਾ ਲੱਭਣੀ ਔਖੀ ਹੋਵੇਗੀ।"
ਜਦੋਂ ਨਿਰੰਤਰ ਨਕਾਰਾਤਮਕਤਾ, ਬਿਸਤਰੇ ਤੋਂ ਉੱਠਣਾ ਵੀ ਮੁਸ਼ਕਿਲ ਕਰ ਦੇਵੇ, ਤਾਂ ਕਿਸੇ ਛੋਟੀ ਜਿਹੀ ਚੀਜ਼ ਨਾਲ ਸ਼ੁਰੂ ਕਰਨਾ ਜਿਵੇਂ ਕਿ ਕਿਤਾਬ ਪੜ੍ਹਨਾ ਜਾਂ ਬਾਗਬਾਨੀ ਕਰਨਾ, ਇਸ ਸਥਿਤੀ 'ਚੋਂ ਨਿਕਲਣ ਲਈ ਸਹਾਇਤਾ ਕਰਦੀਆਂ ਹਨ ।
ਇੱਕ ਵਿਅਕਤੀ ਛੋਟੇ ਬਦਲਾਵਾਂ ਤੋਂ ਉਹਨਾਂ ਗਤੀਵਿਧੀਆਂ ਵਿੱਚ ਤਰੱਕੀ ਕਰ ਸਕਦਾ ਹੈ ਜੋ ਮਨ ਅਤੇ ਸਰੀਰ ਦੋਵਾਂ ਨੂੰ ਉਤੇਜਿਤ ਕਰਦੀਆਂ ਹਨ।
“ਕਸਰਤ ਕਰੋ, ਉਹ ਕੰਮ ਕਰੋ ਜੋ ਤੁਹਾਨੂੰ ਪਸੰਦ ਹਨ। ਭਾਈਚਾਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਵੋ, ਖੇਡਾਂ ਵਿੱਚ ਜਾਂ ਆਪਣੇ ਧਾਰਮਿਕ ਸਮੂਹ ਦੇ ਨਾਲ ਗਤੀਵਿਧੀਆਂ 'ਚ ਸ਼ਾਮਿਲ ਹੋਣਾ ਵੀ ਸਹਾਇਤਾ ਕਰਦਾ ਹੈ," ਸ਼੍ਰੀਮਤੀ ਦਾਸ ਨੇ ਕਿਹਾ।
“ਤੁਸੀਂ ਇੱਕ ਬੁੱਕ ਕਲੱਬ, ਇੱਕ ਸ਼ਤਰੰਜ ਕਲੱਬ ਜਾਂ ਕਿਸੇ ਵੀ ਸਮਾਜਿਕ ਗਤੀਵਿਧੀ ਵਿੱਚ ਸ਼ਾਮਲ ਹੋ ਸਕਦੇ ਹੋ ਜੋ ਮਨ ਅਤੇ ਸਰੀਰ ਨੂੰ ਜੋੜਦੀ ਹੈ।
“ਇਹ ਯਕੀਨੀ ਬਣਾਓ ਕਿ ਤੁਸੀਂ ਆਪਣੀ ਸਰੀਰਕ ਸਿਹਤ ਦੀ ਵੀ ਦੇਖਭਾਲ ਕਰ ਰਹੇ ਹੋ। ਚੰਗੀ ਤਰ੍ਹਾਂ ਖਾਓ, ਸਿਹਤਮੰਦ ਖੁਰਾਕ ਲਓ, ਨੀਂਦ ਪੂਰੀ ਕਰੋ। ਅਲਕੋਹਲ ਅਤੇ ਹੋਰ ਦਵਾਈਆਂ ਦੀ ਮਾਤਰਾ ਘਟਾਓ," ਉਹਨਾਂ ਅੱਗੇ ਕਿਹਾ।
6. ਕੀ ਮੈਂ ਕਿਸੇ ਅਜਿਹੇ ਵਿਅਕਤੀ ਨਾਲ ਜੁੜਿਆ ਹਾਂ ਜਿਸਨੂੰ ਮੈਂ ਪਿਆਰ ਕਰਦਾ ਹਾਂ?
ਜਦੋਂ ਆਪਣੇ ਆਪ ਕੁਝ ਕਰਨਾ ਜਾਂ ਆਪਣੀ ਜ਼ਿੰਦਗੀ ਵਿੱਚ ਤਬਦੀਲੀ ਸ਼ੁਰੂ ਕਰਨਾ ਮੁਸ਼ਕਿਲ ਹੁੰਦਾ ਹੈ, ਤਾਂ ਕਿਸੇ ਅਜ਼ੀਜ਼ ਨੂੰ ਤੁਹਾਡੇ ਨਾਲ ਸ਼ਾਮਲ ਹੋਣ ਲਈ ਕਹਿਣ ਨਾਲ ਤੁਹਾਨੂੰ ਮੱਦਦ ਮਿਲ ਸਕਦੀ ਹੈ।
“ਤੁਸੀਂ ਸ਼ਾਇਦ ਇੱਕਲੇ-ਇੱਕਲੇ ਰਹਿ ਕੇ ਆਪਣੇ ਆਪ ਨੂੰ ਦੁਨੀਆਂ 'ਤੋਂ ਅਲੱਗ ਕਰ ਰਹੇ ਹੋਵੋ ਅਤੇ ਆਪਣੇ ਦੋਸਤਾਂ ਨੂੰ ਨਾਂ ਦੇਖਣਾ ਚਾਹੁੰਦੇ ਹੋਵੋਂ ਪਰ ਲੋਕ ਦੇਖਦੇ ਹਨ ਕਿ ਤੁਸੀਂ ਬਦਲ ਗਏ ਹੋ ਅਤੇ ਆਮ ਵਾਂਗ ਨਹੀਂ ਵਿਚਰ ਰਹੇ। ਪਰ ਇਹ ਸਾਂਝਾ ਕਰਨਾ ਮਹੱਤਵਪੂਰਨ ਹੈ ਕਿ ਤੁਹਾਡੇ ਅੰਦਰ ਕੀ ਹੋ ਰਿਹਾ ਹੈ," ਸ਼੍ਰੀਮਤੀ ਦਾਸ ਨੇ ਕਿਹਾ ।
“ਪੁੱਛੋ ਕਿ ਕੀ ਉਹ ਤੁਹਾਡੇ ਨਾਲ ਆ ਸਕਦੇ ਹਨ। ਹੋ ਸਕਦਾ ਹੈ ਕਿ ਤੁਸੀਂ ਇਕੱਠੇ ਕੌਫੀ 'ਤੇ ਜਾਓ। ਇਹ ਦਿਮਾਗੀ ਲੋਡ ਨੂੰ ਸਾਂਝਾ ਕਰਨ ਦਾ ਇੱਕ ਤਰੀਕਾ ਹੈ ਅਤੇ ਸਮਰਥਨ ਮੰਗਣ ਦਾ ਇੱਕ ਵਧੀਆ ਤਰੀਕਾ ਹੈ।”
ਮਾਨਸਿਕ ਸਿਹਤ ਦੇ ਕਲੰਕ ਅਤੇ ਅਣਚਾਹੇ ਲੇਬਲ ਆਸਟ੍ਰੇਲੀਆ ਵਿੱਚ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ (CALD) ਭਾਈਚਾਰਿਆਂ ਵਿੱਚ ਆਮ ਪਾਏ ਜਾਂਦੇ ਹਨ।
ਇਸ ਨਾਲ ਸ਼ਰਮ ਜਾਂ ਨਮੋਸ਼ੀ ਦੀਆਂ ਭਾਵਨਾਵਾਂ ਜੁੜੀਆਂ ਹੋ ਸਕਦੀਆਂ ਹਨ। ਸ਼੍ਰੀਮਤੀ ਦਾਸ ਦੁਹਰਾਉਂਦੀ ਹੈ ਕਿ ਇਹਨਾਂ ਭਾਈਚਾਰਿਆਂ ਵਿੱਚ ਸਹਾਇਤਾ ਦੀ ਮੰਗ ਨੂੰ ਆਮ ਬਣਾਇਆ ਜਾਣਾ ਚਾਹੀਦਾ ਹੈ।
ਵਧੇਰੇ ਢਾਂਚਾਗਤ ਮਾਨਸਿਕ ਸਿਹਤ ਸਹਾਇਤਾ ਲਈ, ਕਿਸੇ ਡਾਕਟਰ (GP) ਤੋਂ ਮਦਦ ਲਓ।
ਸ਼੍ਰੀਮਤੀ ਦਾਸ ਦਾ ਕਹਿਣਾ ਹੈ ਕਿ , "ਜੇਕਰ ਤੁਹਾਨੂੰ ਲੋੜ ਹੈ, ਤਾਂ ਤੁਸੀਂ ਆਪਣੇ ਜੀ.ਪੀ ਨੂੰ ਮਿਲਣ 'ਤੇ ਦੁਭਾਸ਼ੀਏ ਦੀ ਮੰਗ ਕਰ ਸਕਦੇ ਹੋ।
"ਜੇਕਰ ਤੁਹਾਡੇ ਕੋਲ ਨਿਯਮਤ ਜੀ.ਪੀ ਨਹੀਂ ਹੈ ਤਾਂ ਭਾਲ ਕਰਦੇ ਹੋਏ ਤੁਸੀਂ ਡਾਕਟਰਾਂ ਦੇ ਮਾਨਸਿਕ ਸਿਹਤ ਅਨੁਭਵ ਬਾਰੇ ਸਵਾਲ ਪੁੱਛੋ।"
ਆਪਣੇ ਡਾਕਟਰ ਨਾਲ ਮੁਲਾਕਾਤ ਵੇਲੇ ਕਿਸੇ ਪਰਿਵਾਰ ਜਾਂ ਦੋਸਤ ਨੂੰ ਲਿਆਓ ਤਾਂ ਜੋ ਉਹ ਤੁਹਾਨੂੰ ਇਹ ਦੱਸਣ ਵਿੱਚ ਮੱਦਦ ਕਰ ਸਕਣ ਕਿ ਤੁਸੀਂ ਕਿਸ ਸਥਿਤੀ ਵਿੱਚੋਂ ਲੰਘ ਰਹੇ ਹੋ।
“ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਹੋ ਤਾਂ ਉਹ ਤੁਹਾਡੇ ਲਈ ਵਧੀਆ ਸਹਾਇਤਾ ਅਤੇ ਇਲਾਜ ਦਾ ਮਾਪ ਕਰਨ ਲਈ ਤੁਹਾਨੂੰ ਸਵਾਲ ਪੁੱਛਣਗੇ।
“ਮਦਦ ਮੰਗਣ ਵਿੱਚ ਕੋਈ ਸ਼ਰਮ ਨਹੀਂ ਹੈ। ਯਾਦ ਰੱਖੋ ਕਿ ਉਤਰਾਅ-ਚੜ੍ਹਾਅ ਜੀਵਨ ਦਾ ਇੱਕ ਆਮ ਹਿੱਸਾ ਹਨ।
ਸ਼੍ਰੀਮਤੀ ਦਾਸ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਲੰਬੇ ਸਮੇਂ ਤੱਕ ਨਕਾਰਾਤਮਕਤਾ ਦੀ ਭਾਵਨਾ ਨੂੰ ਸੰਭਾਲਣ ਦੀ ਜ਼ਰੂਰਤ ਹੈ।
“ਇਹ ਹੋ ਸਕਦਾ ਹੈ ਕਿ ਤੁਸੀਂ ਲੰਬੇ ਸਮੇਂ 'ਤੋਂ ਤਣਾਅ ਮਹਿਸੂਸ ਕਰ ਰਹੇ ਹੋਵੋਂ ਅਤੇ ਹੁਣ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਦਾ ਪ੍ਰਬੰਧਨ ਕਰਨ ਦੇ ਯੋਗ ਨਾ ਹੋਵੋਂ।
“ਅਸੀਂ ਲੋਕਾਂ ਨੂੰ ਆਪਣੀ ਮਾਨਸਿਕ ਸਿਹਤ ਦੀ ਜਲਦੀ ਜਾਂਚ ਕਰਨ ਲਈ ਉਤਸ਼ਾਹਿਤ ਕਰਦੇ ਹਾਂ।”
ਮਾਨਸਿਕ ਸਿਹਤ ਸਹਾਇਤਾ ਦੀ ਮੰਗ ਕਰਨ ਲਈ 1300 22 4636 'ਤੇ ਜਾਂ 13 11 14 'ਤੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਸੱਭਿਆਚਾਰਕ ਤੌਰ 'ਤੇ ਢੁਕਵੀਆਂ ਮਾਨਸਿਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੰਸਥਾਵਾਂ ਦਾ ਸਮਰਥਨ ਕਰਦਾ ਹੈ।