Key Points
- ਜੂਨ ਤਿਮਾਹੀ ਵਿੱਚ ਆਸਟ੍ਰੇਲੀਆ ਦੀ ਅਰਥ-ਵਿਵਸਥਾ 0.9 ਫੀਸਦੀ ਵਧੀ ਹੈ
- ਨਵੇਂ ਅਧਿਐਨ ਮੁਤਾਬਕ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ 1,700 ਆਸਟ੍ਰੇਲੀਅਨ ਬੱਚਿਆਂ ਨੇ ਇੱਕ ਜਾਂ ਦੋਵੇਂ ਮਾਪਿਆਂ ਨੂੰ ਗੁਆ ਦਿੱਤਾ ਹੈ
- ਯੂ.ਐਸ ਵਿੱਚ ਸਾਲਾਨਾ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਜਾ ਸਕਦੇ ਹਨ
ਬੁੱਧਵਾਰ ਨੂੰ ਆਸਟ੍ਰੇਲੀਆ ਵਿੱਚ ਘੱਟੋ-ਘੱਟ 60 ਕੋਵਿਡ-19 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿੰਨ੍ਹਾਂ ਵਿੱਚੋਂ 24 ਮੌਤਾਂ ਕੁਈਨਜ਼ਲੈਂਡ ਵਿੱਚ, 21 ਨਿਊ ਸਾਊਥ ਵੇਲਜ਼ ਵਿੱਚ ਅਤੇ 11 ਵਿਕਟੋਰੀਆ ਵਿੱਚ ਹੋਈਆਂ ਹਨ।
‘ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ’ ਦੇ ਬੁੱਧਵਾਰ ਦੇ ਜਾਰੀ ਅੰਕੜਿਆਂ ਮੁਤਾਬਕ ਸਰਹੱਦਾਂ ਦੇ ਮੁੜ ਖੁੱਲ੍ਹਣ ਅਤੇ ਨਿਰਯਾਤ ਖੇਤਰ ਵਿੱਚ ਤੇਜ਼ੀ ਆਉਣ ਨਾਲ ਜੂਨ ਤਿਮਾਹੀ ਵਿੱਚ ਆਸਟ੍ਰੇਲੀਆ ਦੀ ਅਰਥ-ਵਿਵਸਥਾ ਵਿੱਚ 0.9 ਫੀਸਦ ਦਾ ਵਾਧਾ ਹੋਇਆ ਹੈ।
ਏ.ਬੀ.ਐਸ ਦਾ ਕਹਿਣਾ ਹੈ ਕਿ ਵਿਕਾਸ ਦਰ ਮਹਾਂਮਾਰੀ ਤੋਂ ਪਹਿਲਾਂ ਵਾਲੇ ਸਮੇਂ ਦੇ ਬਰਾਬਰ ਹੋ ਗਈ ਹੈ।
ਇਸ ਮੁਤਾਬਕ ਕੋਵਿਡ-19 ਦੇ ਐਲ-ਸਟ੍ਰੇਨ ਅਤੇ ਡੈਲਟਾ ਸਬ-ਵੈਰੀਅੰਟ ਦੇ ਪ੍ਰਕੋਪ ਨਾਲ ਆਸਟ੍ਰੇਲੀਆ ਦਾ ਘਰੇਲੂ ਉਤਪਾਦ ਬਹੁਤ ਪ੍ਰਭਾਵਿਤ ਹੋਇਆ ਸੀ, ਜਿਸ ਦੇ ਨਤੀਜੇ ਵਜੋਂ ਪੂਰੇ ਆਸਟ੍ਰੇਲੀਆ ਵਿੱਚ ਲੌਕਡਾਊਨ ਦੌਰਾਨ ਜੀ.ਡੀ.ਪੀ ਵਿੱਚ ਦੋ ਵੱਡੀਆਂ ਗਿਰਾਵਟਾਂ ਆਈਆਂ ਸਨ। ਪਰ ਤਾਲਾਬੰਦੀ ਤੋਂ ਬਾਅਦ ਹੁਣ ਵਿਕਾਸ ਵੱਧ ਰਿਹਾ ਹੈ।
ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਇੱਕ ਨਵੇਂ ਅਧਿਐਨ ਵਿੱਚ ਦਿਖਾਇਆ ਗਿਆ ਹੈ ਕਿ ਦੇਸ਼ ਵਿੱਚ ਹਰ 100 ਕੋਵਿਡ-ਸਬੰਧਤ ਮੌਤਾਂ ਲਈ 18 ਸਾਲ ਤੋਂ ਘੱਟ ਉਮਰ ਦੇ ਲਗਭਗ 13 ਲੋਕਾਂ ਨੇ ਇੱਕ ਜਾਂ ਦੋਵੇਂ ਮਾਤਾ-ਪਿਤਾ ਨੂੰ ਗੁਆ ਦਿੱਤਾ ਹੈ।
ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ 1,700 ਆਸਟ੍ਰੇਲੀਅਨ ਬੱਚਿਆਂ ਦੇ ਮਾਤਾ-ਪਿਤਾ ਵਿਚੋਂ ਇੱਕ ਨਹੀਂ ਰਿਹਾ।
ਜਾਮਾ ਨੈੱਟਵਰਕ ਵਿੱਚ ਪ੍ਰਕਾਸ਼ਿਤ ਇੱਕ ਵਿਸ਼ਵਵਿਆਪੀ ਅਧਿਐਨ ਵਿੱਚ ਦਿਖਾਇਆ ਗਿਆ ਹੈ ਕਿ ਕਰੋਨਾਵਾਇਰਸ ਮਹਾਂਮਾਰੀ ਦੌਰਾਨ 10.5 ਮਿਲੀਅਨ ਤੋਂ ਵੱਧ ਬੱਚਿਆਂ ਨੇ ਇੱਕ ਜਾਂ ਦੋਵੇਂ ਮਾਪਿਆਂ ਨੂੰ ਗੁਆ ਦਿੱਤਾ ਹੈ।
ਦੁਖੀ ਬੱਚਿਆਂ ਦੀ ਸਭ ਤੋਂ ਵੱਧ ਸੰਖਿਆ ਵਾਲੇ ਦੇਸ਼ਾਂ ਵਿੱਚ ਬੰਗਲਾਦੇਸ਼, ਭਾਰਤ, ਇੰਡੋਨੇਸ਼ੀਆ, ਮਿਆਂਮਾਰ, ਨੇਪਾਲ, ਦਾ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ, ਇਥੋਪੀਆ, ਕੀਨੀਆ, ਨਾਈਜੀਰੀਆ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।
ਮੌਜੂਦਾ ਕਰੋਨਾਵਾਇਰਸ ਵੈਰੀਅੰਟਾਂ ਖਿਲਾਫ ਨਵੇਂ ਬੂਸਟਰ ਟੀਕਿਆਂ ਦੀ ਸੁਰੱਖਿਆ ਨੂੰ ਦੇਖਦਿਆਂ ਯੂ.ਐਸ ਵਿੱਚ ਇੱਕ ਸਲਾਨਾ ਕੋਵਿਡ ਵੈਕਸੀਨ ਦੀ ਖੁਰਾਕ ਲਗਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਵ੍ਹਾਈਟ ਹਾਊਸ ਦੇ ਕੋਵਿਡ-19 ਰਿਸਪਾਂਸ ਕੋਆਰਡੀਨੇਟਰ ਡਾ: ਅਸ਼ੀਸ਼ ਝਾਅ ਨੇ ਕਿਹਾ ਕਿ ਇੱਕ ਸਾਲਾਨਾ ਕੋਵਿਡ ਸ਼ਾਟ ਜ਼ਿਆਦਾਤਰ ਅਮਰੀਕੀਆਂ ਲਈ ਸਾਰਾ ਸਾਲ ਗੰਭੀਰ ਬੀਮਾਰੀਆਂ ਤੋਂ ਉੱਚ ਪੱਧਰੀ ਸੁਰੱਖਿਆ ਪ੍ਰਦਾਨ ਕਰਦਾ ਹੈ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।