- ਸਿਹਤ ਅਧਿਕਾਰੀ ਆਸਟ੍ਰੇਲੀਅਨ ਲੋਕਾਂ ਨੂੰ ਅਪੀਲ ਕਰ ਰਹੇ ਹਨ ਜਿਨ੍ਹਾਂ ਨੇ ਅਜੇ ਤੱਕ ਕੋਵਿਡ-19 ਬੂਸਟਰ ਵੈਕਸੀਨ ਨਹੀਂ ਲਵਾਈ, ਉਹ ਜਲਦੀ ਆਪਣਾ ਤੀਜਾ ਟੀਕਾ ਲਵਾਉਣ ਕਿਓਂਕਿ ਆਉਣ ਵਾਲੇ ਹਫ਼ਤਿਆਂ ਵਿੱਚ ਕਰੋਨਵਾਇਰਸ ਮਾਮਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।
- ਮਾਹਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਓਮਿਕਰੋਨ ਦਾ ਬੀਏ.2 (BA.2) ਸਬਵੇਰੀਐਂਟ ਜੋ ਕਿ ਬੀਏ.1 (BA.1) ਨਾਲੋਂ ਵਧੇਰੇ ਲਾਗ ਵਾਲ਼ਾ ਮੰਨਿਆ ਜਾ ਰਿਹਾ ਹੈ, ਕੋਵਿਡ-19 ਦੇ ਮਾਮਲਿਆਂ ਵਿੱਚ ਮਹੱਤਵਪੂਰਨ ਵਾਧਾ ਕਰ ਸਕਦਾ ਹੈ।
- ਸਿਹਤ ਵਿਭਾਗ ਦੇ ਅੰਕੜੇ ਦਰਸਾਉਂਦੇ ਹਨ ਕਿ 16 ਸਾਲ ਤੋਂ ਵੱਧ ਉਮਰ ਦੇ 66 ਪ੍ਰਤੀਸ਼ਤ ਆਸਟ੍ਰੇਲੀਆ ਵਾਸੀਆਂ ਨੇ ਕੋਵਿਡ-19 ਵੈਕਸੀਨ ਦੀਆਂ ਦੋ ਤੋਂ ਵੱਧ ਖੁਰਾਕਾਂ ਪ੍ਰਾਪਤ ਕੀਤੀਆਂ ਹਨ।
- ਹਾਲਾਂਕਿ ਬੂਸਟਰ ਖੁਰਾਕਾਂ ਜ਼ਿਆਦਾਤਰ ਮਾਮਲਿਆਂ ਵਿੱਚ ਲਾਜ਼ਮੀ ਨਹੀਂ ਹਨ, ਉਹਨਾਂ ਦੀ ਸਿਫ਼ਾਰਿਸ਼ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਲਈ ਕੀਤੀ ਜਾਂਦੀ ਹੈ ਤਾਂ ਜੋ ਕੋਵਿਡ-19 ਦੇ ਵਿਰੁੱਧ ਪ੍ਰਤੀਰੋਧਕ ਸ਼ਕਤੀ ਕਾਇਮ ਰੱਖੀ ਜਾ ਸਕੇ।
- ਯੂਨੀਵਰਸਿਟੀ ਆਫ਼ ਸਾਊਥ ਆਸਟ੍ਰੇਲੀਆ ਦੇ ਇੱਕ ਮਹਾਂਮਾਰੀ ਵਿਗਿਆਨੀ, ਐਡਰੀਅਨ ਐਸਟਰਮੈਨ ਨੇ ਕਿਹਾ ਕਿ ਨਿਊ ਸਾਊਥ ਵੇਲਜ਼ ਦੂਜੀ ਓਮਿਕਰੋਨ ਵੇਵ ਵੱਲ ਵਧ ਰਿਹਾ ਹੈ।
- ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਦੇਸ਼ ਆਪਣੀ ਜ਼ੀਰੋ-ਕੋਵਿਡ ਰਣਨੀਤੀ 'ਤੇ ਕਾਇਮ ਰਹੇਗਾ, ਕਿਉਂਕਿ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ 2019 ਵਿੱਚ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਤੋਂ ਬਾਅਦ ਹੁਣ ਲਾਗ ਦੇ ਸਭ ਤੋਂ ਵੱਡੇ ਪ੍ਰਕੋਪ ਨਾਲ ਜੂਝ ਰਿਹਾ ਹੈ।
- ਨਵਾਂ ਓਮਿਕਰੋਨ ਵੇਰੀਐਂਟ ਉਸ ਰਣਨੀਤੀ ਲਈ ਸਖ਼ਤ ਚੁਣੌਤੀ ਪੇਸ਼ ਕਰ ਰਿਹਾ ਹੈ, ਜਿਸ ਕਾਰਨ ਅਧਿਕਾਰੀਆਂ ਨੂੰ ਸ਼ਹਿਰਾਂ ਨੂੰ ਬੰਦ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ, ਜਿਸ ਵਿੱਚ ਦੱਖਣੀ ਤਕਨੀਕੀ ਕੇਂਦਰ ਵਜੋਂ ਜਾਣੇ ਜਾਂਦੇ ਸ਼ੇਨਜ਼ੇਨ ਸ਼ਹਿਰ ਦਾ ਨਾਮ ਵੀ ਸ਼ਾਮਿਲ ਹੈ ਜੋ ਕਿ ਲਗਭਗ 17.5 ਮਿਲੀਅਨ ਲੋਕਾਂ ਦਾ ਘਰ ਹੈ।
- ਨੈਸ਼ਨਲ ਹੈਲਥ ਕਮਿਸ਼ਨ ਦੇ ਅਨੁਸਾਰ, ਵੀਰਵਾਰ ਨੂੰ 2,400 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ ਅਤੇ ਇਸ ਸਮੇਂ ਲਾਗ ਦੇ ਤਾਜ਼ਾ ਪ੍ਰਕੋਪ ਨੂੰ ਰੋਕਣ ਦੀ ਕੋਸ਼ਿਸ਼ ਵਜੋਂ ਪੂਰੇ ਚੀਨ ਵਿੱਚ ਲੱਖਾਂ ਲੋਕਾਂ ਲਈ ਘਰ ਅੰਦਰ ਰਹਿਣ ਦੇ ਆਦੇਸ਼ ਲਾਗੂ ਕੀਤੇ ਗਏ ਹਨ।
ਕੋਵਿਡ-19 ਅੰਕੜੇ
- ਨਿਊ ਸਾਊਥ ਵੇਲਜ਼ ਨੇ ਰਿਪੋਰਟ ਕੀਤੀ ਕਿ 1,060 ਮਰੀਜ਼ਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਅਤੇ 32 ਮਰੀਜ਼ ਆਈ ਸੀ ਯੂ ਵਿੱਚ ਹਨ। ਕੋਵਿਡ-19 ਕਾਰਨ 6 ਮੌਤਾਂ ਅਤੇ 20,050 ਨਵੇਂ ਮਾਮਲੇ ਸਾਹਮਣੇ ਆਏ ਹਨ।
- ਵਿਕਟੋਰੀਆ ਵਿੱਚ, 199 ਲੋਕ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 23 ਆਈ ਸੀ ਯੂ ਵਿੱਚ ਹਨ ਅਤੇ 5 ਵੈਂਟੀਲੇਟਰਾਂ ਉੱਤੇ ਹਨ। ਇੱਥੇ 9 ਮੌਤਾਂ ਅਤੇ 9,036 ਨਵੇਂ ਮਾਮਲੇ ਦਰਜ ਹੋਏ ਹਨ।
- ਤਸਮਾਨੀਆ ਵਿੱਚ 1,779 ਨਵੇਂ ਕੋਵਿਡ -19 ਮਾਮਲੇ ਦਰਜ ਕੀਤੇ ਗਏ ਹਨ। ਕੋਵਿਡ-19 ਨਾਲ ਪ੍ਰਭਾਵਿਤ 23 ਲੋਕ ਇਸ ਵੇਲੇ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 3 ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।
- ਏ ਸੀ ਟੀ ਵਿੱਚ 37 ਲੋਕ ਹੁਣ ਕੋਵਿਡ-19 ਨਾਲ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 4 ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ ਅਤੇ 1,123 ਨਵੀਆਂ ਲਾਗਾਂ ਦੀ ਰਿਪੋਰਟ ਕੀਤੀ ਗਈ ਹੈ।
- ਕੁਈਨਜ਼ਲੈਂਡ ਵਿੱਚ, 6,103 ਨਵੇਂ ਕੋਵਿਡ -19 ਮਾਮਲੇ ਅਤੇ 11 ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਵਿਡ -19 ਨਾਲ 245 ਲੋਕ ਹਸਪਤਾਲ ਵਿੱਚ ਦਾਖਲ ਹਨ, ਜਦੋਂ ਕਿ 20 ਮਰੀਜ਼ਾਂ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।