ਭਾਰਤੀ ਪਰਵਾਸੀ ਸੰਗੀਤਾ ਪਿਛਲੇ ਸੋਲਾਂ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੀ ਹੈ। ਪਿਛਲੇ ਸਾਲ ਇੱਕ ਜਾਣਕਾਰ ਦੇ ਕਹਿਣ ਤੇ ਉਸਨੇ ਬ੍ਰਿਸਬੇਨ ਵਿੱਚ ਇੱਕ ਇਨਵੈਸਟਮੈਂਟ ਪ੍ਰਾਪਰਟੀ ਖਰੀਦੀ। ਆਪ ਨਿਊ ਸਾਊਥ ਵੇਲਜ਼ ਵਿੱਚ ਰਹਿੰਦੀ ਸੰਗੀਤ ਨੇ ਬ੍ਰਿਸਬੇਨ ਦੇ ਕਾਲਿੰਗਵੁਡ ਪਾਰਕ ਇਲਾਕੇ ਵਿੱਚ ਤਕਰੀਬਨ $460,000 ਦੀ ਕੀਮਤ ਦੇ ਕੇ ਇੱਕ ਦੋ ਮੰਜ਼ਿਲ ਮਕਾਨ ਖਰੀਦਿਆ।
ਉਸਦੇ ਮੁਤਾਬਿਕ, ਬਿਲਡਰ ਨੇ ਦੱਸਿਆ ਸੀ ਕਿ ਇਸ ਮਕਾਨ ਦੀ ਉਸਾਰੀ ਇੰਜ ਕੀਤੀ ਗਈ ਹੈ ਕਿ ਇਸ ਵਿੱਚ ਦੋ ਅਲਗ ਅਲਗ ਕਿਰਾਏਦਾਰ ਰੱਖੇ ਜਾ ਸਕਦੇ ਹਨ।
ਪਿਛਲੇ ਸਾਲ ਸਿਤਮਬਰ ਮਹੀਨੇ ਵਿੱਚ ਖਰੀਦੇ ਮਕਾਨ ਵਿੱਚ ਇਸ ਸਾਲ ਮਾਰਚ ਵਿੱਚ ਇੱਕ ਪਰਿਵਾਰ ਨੇ ਕਿਰਾਏਦਾਰ ਦੇ ਤੌਰ ਤੇ ਰਹਿਣਾ ਸ਼ੁਰੂ ਕੀਤਾ। ਇੱਕ ਮਹੀਨੇ ਦੇ ਅੰਦਰ ਹੀ ਕਿਰਾਏਦਾਰ ਨੇ ਕਾਉਂਸਿਲ ਨੂੰ ਸ਼ਿਕਾਇਤ ਕੀਤੀ ਕਿ ਮਕਾਨ ਦੀ ਉਸਾਰੀ ਸਹੀ ਨਹੀਂ ਕੀਤੀ ਹੋਈ ਅਤੇ ਉਸਦੇ ਅਤੇ ਉਸਦੇ ਪਰਿਵਾਰ ਨੂੰ ਉਸ ਵਿਚ ਰਹਿਣ ਨਾਲ ਖਤਰਾ ਹੈ।
ਕਾਉਂਸਿਲ ਵੱਲੋਂ ਮਕਾਨ ਦੀ ਜਾਂਚ ਕਰਵਾਈ ਗਈ ਤਾਂ ਪਤਾ ਲੱਗਿਆ ਕਿ ਨਾ ਸਿਰਫ ਮਕਾਨ ਦੀ ਉਸਾਰੀ ਇੰਨੀ ਮਾੜੀ ਹੈ ਕਿ ਇਸ ਵਿੱਚ ਰਹਿਣਾ ਖਤਰਨਾਕ ਸੀ, ਬਲਕਿ ਇਸ ਦੀ ਉਸਾਰੀ ਹੀ ਗੈਰਕਾਨੂੰਨੀ ਸੀ ਕਿਉਂਕਿ ਇਸਦੇ ਲਈ ਕਾਉਂਸਿਲ ਤੋਂ ਪਰਮਿਟ ਨਹੀਂ ਲਿਆ ਗਿਆ ਸੀ।
ਨਾਲ ਹੀ ਕਾਉਂਸਿਲ ਨੇ ਇਹ ਵੀ ਦੱਸਿਆ ਕਿ ਇਸ ਇਲਾਕੇ ਵਿੱਚ ਇੱਕ ਮਕਾਨ ਵਿੱਚ ਦੋ ਅਲਗ ਅਲਗ ਹਿੱਸੇ ਉਸਾਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

Sangeeta has already spent $15,000 to fix the structural issues of the house. She is now hiring a professional to obtain completion certificate from the council Source: Supplied
ਇਸ ਉਪਰੰਤ ਸੰਗੀਤਾ ਨੂੰ ਤੁਰੰਤ ਇਸ ਮਕਾਨ ਨੂੰ ਕਾਨੂੰਨ ਅਨੁਸਾਰ ਮੁਰੰਮਤ ਕਰਵਾਉਣ ਦੀ ਹਿਦਾਇਤ ਦਿੱਤੀ ਗਈ। ਅਜਿਹਾ ਨਾ ਕਰਨ ਤੇ ਉਸਨੂੰ ਮੈਜਿਸਟਰੇਟ ਵੱਲੋਂ ਪੰਜ ਲੱਖ ਡਾਲਰ ਤੱਕ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਸੀ।
ਸੰਗੀਤ ਮੁਤਾਬਿਕ, ਉਸਨੇ ਆਪਣੇ ਇੱਕ ਜਾਣਕਾਰ ਦੇ ਕਹਿਣ ਤੇ ਇਹ ਮਕਾਨ ਖਰੀਦਿਆ ਸੀ ਅਤੇ ਉਹ ਮੰਨਦੀ ਹੈ ਕਿ ਉਸਨੂੰ ਵੇਚਣ ਵਾਲੇ ਦੀ ਹਰ ਗੱਲ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਸੀ।
ਸੰਗੀਤ ਨੇ ਮਕਾਨ ਵੇਚਣ ਵਾਲੇ - ਕੁਈਨਸਲੈਂਡ ਪ੍ਰਾਪਰਟੀ ਗਰੁੱਪ ਵੱਲੋਂ ਦੱਸੇ ਵਕੀਲ ਨੂੰ ਹੀ ਆਪਣਾ ਕਨਵੇਂਸਰ ਬਣਾਇਆ। ਉਸਦੇ ਮੁਤਾਬਿਕ, ਕਾਉਂਸਿਲ ਵੱਲੋਂ ਕਾੱਰਵਾਈ ਕਰਨ ਤੇ ਨਾ ਤਾਂ ਕਨਵੇਂਸਰ ਅਤੇ ਨਾ ਹੀ ਵੇਚਣ ਵਾਲੇ ਨੇ ਕੋਈ ਹੱਥ ਫੜਾਇਆ।
ਮਕਾਨ ਦੀ ਕੀਮਤ ਅਤੇ ਸਟੇਮਪ ਡਿਊਟੀ ਤੋਂ ਅਲਾਵਾ ਉਸਨੂੰ ਹੁਣ ਇਸਦੀ ਮੁਰੰਮਤ ਲਈ $15,000 ਹੋਰ ਖਰਚ ਕਰਨੇ ਪਏ ਹਨ ਅਤੇ ਅਜੇ ਕਾਉਂਸਿਲ ਦੀ ਕਾਗਜ਼ੀ ਕਾੱਰਵਾਈ ਤੇ ਹੋਰ ਖਰਚ ਆਉਣ ਦੀ ਸੰਭਾਵਨਾ ਹੈ।
ਉਹ ਸੁਆਲ ਕਰਦੀ ਹੈ ਕਿ ਜਦੋ ਉਹ ਪਿਛਲੇ ਸਾਲ ਸਿਤਮਬਰ ਤੋਂ ਕਾਉਂਸਿਲ ਦੇ ਰੇਟ ਅਦਾਅ ਕਰ ਰਹੀ ਹੈ ਅਤੇ ਮਕਾਨ ਦੀ ਖਰੀਦ ਤੇ ਸਰਕਰ ਨੂੰ ਸਟੇਮਪ ਡਿਊਟੀ ਦਿੱਤੀ ਗਈ, ਕਿ ਸਰਕਾਰੀ ਅਦਾਰਿਆਂ ਦਾ ਫਰਜ਼ ਨਹੀਂ ਕਿ ਉਹ ਗੈਰਕਾਨੂੰਨੀ ਉਸਾਰੀ ਬਾਰੇ ਆਪ ਖਰੀਦਦਾਰਾਂ ਨੂੰ ਸੂਚਿਤ ਕਰਨ।

Source: Supplied
ਇਪਸਵਿਚ ਕਾਉਂਸਿਲ ਨੇ ਐਸ ਬੀ ਐਸ ਨੂੰ ਦੱਸਿਆ ਕਿ ਖਰੀਦਦਾਰਾਂ ਅਤੇ ਉਹਨਾਂ ਦੇ ਕਾਨੂੰਨੀ ਸਲਾਹਕਾਰਾਂ ਲਈ ਜ਼ਰੂਰੀ ਹੈ ਕਿ ਉਹ ਸੰਪਤੀ ਖਰੀਦਣ ਤੋਂ ਪਹਿਲਾਂ ਉਸ ਬਾਰੇ ਪੂਰੀ ਜਾਣਕਾਰੀ ਲੈ ਲੈਣ ਅਤੇ ਸੁਨਿਸ਼ਚਿਤ ਕਰਨ ਕਿ ਸਭ ਕੁੱਝ ਕਾਨੂੰਨ ਮੁਤਾਬਿਕ ਹੋਵੇ।