ਗਲੈੱਨਵੁੱਡ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਥਾਨਿਕ ਪੁਲਿਸ ਵਲੋਂ ਚੁੱਕੇ ਅਗਾਊਂ ਕਦਮਾਂ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਹੋ ਗਿਆ ਹੈ।
ਭਾਈਚਾਰੇ ਦੇ ਨੁਮਾਇੰਦਿਆਂ ਮੁਤਾਬਿਕ ਐਤਵਾਰ ਵਾਲੇ ਦਿਨ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ ਅਤੇ ਇਸ ਦਿਨ ਰੈਲੀ ਨੂੰ ‘ਇਤਰਾਜ਼ਯੋਗ’ ਢੰਗ ਨਾਲ਼ ਗੁਰਦਵਾਰੇ ਲੈਕੇ ਆਉਣਾ ਟਕਰਾਅ ਦੀ ਸਥਿਤੀ ਪੈਦਾ ਕਰ ਸਕਦਾ ਸੀ।
ਆਸਟ੍ਰੇਲੀਅਨ ਸਿੱਖ ਐਸੋਸ਼ਿਏਸ਼ਨ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਪੁਲਿਸ ਦਸਤਿਆਂ ਵੱਲੋਂ ਗੁਰਦੁਆਰਾ ਸਾਹਿਬ ਆਉਣ ਵਾਲੇ ਕਈ ਰਸਤਿਆਂ ਤੇ ਰੁਕਾਵਟਾਂ ਲਗਾਕੇ ਉਕਤ ਕਾਰ ਰੈਲੀ ਨੂੰ ਗੁਰਦੁਆਰੇ ਤੱਕ ਨਹੀਂ ਪਹੁੰਚਣ ਦਿੱਤਾ ਗਿਆ।
ਜਿਵੇਂ ਹੀ ਲੋਕਾਂ ਨੇ ਇਸ ਕਾਰ ਰੈਲੀ ਦੇ ਗੁਰਦੁਆਰਾ ਸਾਹਿਬ ਵੱਲ ਆਉਣ ਦੀ ਖ਼ਬਰ ਸੁਣੀ ਤਾਂ 300 ਤੋਂ 400 ਦੇ ਕਰੀਬ ਸਿੱਖ ਸੰਗਤ ਓਥੇ ਆ ਗਈ ਸੀ।

Front view of Sydeney's Glenwood Gurdwara/Sikh Temple Source: Australian Sikh Association
ਟਰਬਨਸ 4 ਆਸਟ੍ਰੇਲੀਆ ਦੇ ਪ੍ਰਧਾਨ ਅਮਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਵੀ ਖਬਰ ਸੁਣਦੇ ਸਾਰ ਗੁਰਦੁਆਰਾ ਸਾਹਿਬ ਪਹੁੰਚ ਗਏ ਸਨ।
“ਮਾਹੌਲ ਕਾਫੀ ਨਾਜ਼ੁਕ ਸੀ। ਕਈ ਵੀਡੀਓਜ਼ ਸਾਹਮਣੇ ਆਈਆਂ ਸਨ ਜਿਹਨਾਂ ਵਿੱਚ ਪ੍ਰਦਰਸ਼ਨਕਾਰੀ ਭਾਰਤੀ ਝੰਡੇ ਚੁੱਕੀ ਨਾਹਰੇ ਮਾਰਦੇ ਹੋਏ ਕਾਰ ਰੈਲੀ ਵਿੱਚ ਸ਼ਾਮਿਲ ਸਨ ਅਤੇ ਗੁਰਦੁਆਰੇ ਵੱਲ ਆਉਣ ਦੀ ਗੱਲ ਕਰ ਰਹੇ ਸਨ," ਉਨ੍ਹਾਂ ਕਿਹਾ।
ਮੌਕੇ 'ਤੇ ਹਾਜ਼ਰ ਇੱਕ ਹੋਰ ਵਿਅਕਤੀ ਜੋ ਕਿ ਆਪਣੀ ਪਹਿਚਾਣ ਜ਼ਾਹਰ ਨਹੀਂ ਕਰਨਾ ਚਾਹੁੰਦਾ, ਨੇ ਦੱਸਿਆ ਕਿ ਪੁਲਿਸ ਨੇ ਗੁਰਦੁਆਰਾ ਸਾਹਿਬ ਆਉਣ ਵਾਲੀਆਂ ਪ੍ਰਮੁੱਖ ਸੜਕਾਂ ਨੂੰ ਬੰਦ ਕਰ ਦਿੱਤਾ ਸੀ ਜਿਸ ਨਾਲ ਸੰਗਤਾਂ ਨੂੰ ਗੁਰਦਵਾਰੇ ਆਉਣ ਵਿੱਚ ਕਾਫੀ ਮੁਸ਼ਕਲ ਹੋ ਰਹੀ ਸੀ।

New South Wales Police Source: AAP/Dean Lewins
ਪੁਲਿਸ ਦੇ ਇੱਕ ਨੁਮਾਂਇੰਦੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਕੰਬਰਲੈਂਡ ਪੁਲਿਸ ਨੇ ਇਕੱਠ ਅਤੇ ਕਾਰ ਰੈਲੀ ਦੀ ਇਜਾਜਤ ਇਸ ਸ਼ਰਤ ਤੇ ਦਿੱਤੀ ਸੀ ਕਿ ਉਹ ਕੋਵਿਡ-19 ਵਾਲੀਆਂ ਸਮਾਜਕ ਦੂਰੀਆਂ ਦੀ ਪਾਲਣਾ ਕਰਨਗੇ।
ਪੁਲਿਸ ਅਨੁਸਾਰ ਇਹ ਇਕੱਠ ਐਤਵਾਰ 14 ਫਰਵਰੀ ਨੂੰ ਦੁਪਿਹਰ 2 ਵਜੇ ਸ਼ੁਰੂ ਹੋਇਆ ਅਤੇ 4.30 ਵਜੇ ਤੱਕ ਇਸ ਵਿੱਚ ਗਿਣਤੀ ਕਾਫੀ ਵੱਧ ਗਈ ਸੀ।
ਬਿਆਨ ਤਹਿਤ ਪੁਲਿਸ ਨੇ ਦੱਸਿਆ ਕਿ ਕਾਰ ਰੈਲੀ ਵਾਲ਼ੇ ਲੋਕਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ।
ਪੁਲਿਸ ਅਨੁਸਾਰ ਉਸ ਸਮੇਂ ਗੁਰੂਦੁਆਰਾ ਸਾਹਿਬ ਵਿੱਚ 300 ਤੋਂ 400 ਦੇ ਕਰੀਬ ਸ਼ਰਧਾਲੂ ਮੌਜੂਦ ਸਨ ਅਤੇ ਸਥਾਨਿਕ ਸੁਰੱਖਿਆ ਨਿਯਮਾਂ ਤਹਿਤ ਲੋੜੀਂਦੀ ਮਾਤਰਾ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਸੀ।
ਪੁਲਿਸ ਨੁਮਾਂਇੰਦੇ ਨੇ ਕਿਹਾ, “ਇਸ ਸਮੇਂ ਦੌਰਾਨ ਕਿਸੇ ਵਲੋਂ ਸ਼ਾਂਤੀ ਭੰਗ ਨਹੀਂ ਕੀਤੀ ਗਈ ਅਤੇ ਕੋਈ ਗ੍ਰਿਫਤਾਰੀ ਵੀ ਨਹੀਂ ਕੀਤੀ ਗਈ”।
ਏ ਐਸ ਏ ਪ੍ਰਬੰਧਕਾਂ ਨੇ ਐਨ ਐਸ ਡਬਲਿਊ ਪੁਲਿਸ ਦੇ ਮੌਕੇ ਸਿਰ ਪਹੁੰਚ ਹਾਲਾਤ ਉਤੇ ਕਾਬੂ ਪਾਉਣ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਟਕਰਾਅ ਦੌਰਾਨ ਸਥਿਤੀ ਖਤਰਨਾਕ ਹੋ ਸਕਦੀ ਸੀ ਅਤੇ ਇਸ ਨਾਲ ਭਾਈਚਾਰੇ ਦਾ ਅਕਸ ਖਰਾਬ ਹੋ ਸਕਦਾ ਸੀ।
ਬਲੈਕਟਾਊਨ ਦੇ ਕਾਂਊਂਸਲਰ ਮੋਨਿੰਦਰ ਸਿੰਘ ਜੇਪੀ ਨੇ ਵੀ ਕਿਹਾ ਕਿ ਇਹ ਘਟਨਾ ਪ੍ਰੇਸ਼ਾਨੀ ਪੈਦਾ ਕਰਨ ਵਾਲੀ ਹੋ ਸਕਦੀ ਸੀ।
“ਇਹ ਬਹੁਤ ਮੰਦਭਾਗੀ ਘਟਨਾ ਹੈ। ਪੁਲਿਸ ਨੇ ਮੌਕੇ ਸਿਰ ਪਹੁੰਚ ਯੋਗ ਕਾਰਵਾਈ ਕੀਤੀ। ਅਸੀ ਸਾਰਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦੇ ਹਾਂ ਪਰ ਮੁਸੀਬਤ ਖੜੀ ਕਰਨ ਵਾਲਿਆਂ ਨੂੰ ਤੁਰੰਤ ਪੁਲਿਸ ਕੋਲ ਰਿੋਪੋਰਟ ਕਰਨਾ ਚਾਹੀਦਾ ਹੈ। ਅਸੀਂ ਰੈਲੀ ਦੇ ਪ੍ਰਬੰਧਕਾਂ ਤੱਕ ਪਹੁੰਚ ਬਣਾਵਾਂਗੇ ਤਾਂ ਕਿ ਭਵਿੱਖ ਵਿੱਚ ਅਜਿਹੀ ਕੋਈ ਹੋਰ ਪ੍ਰੇਸ਼ਾਨੀ ਨਾ ਖੜੀ ਹੋ ਸਕੇ,” ਉਨ੍ਹਾਂ ਕਿਹਾ।
ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸਿਡਨੀ ਵਸਦੇ ਸਮੁਚੇ ਸਿੱਖ ਭਾਈਚਾਰੇ ਨੂੰ ਸਮੇਂ ਦੀ ਨਜ਼ਾਕਤ ਸਮਝਦੇ ਹੋਏ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਗੁਰਦੁਆਰਾ ਸਾਹਿਬ ਵੱਲੋਂ ਉੱਥੇ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਹੁਣ ਨਿਜੀ ਸੁਰੱਖਿਆ ਗਾਰਡ ਲਗਾਉਣ ਬਾਰੇ ਸਹਿਮਤੀ ਬਣਾਈ ਜਾ ਰਹੀ ਹੈ।
ਐਸ ਬੀ ਐਸ ਪੰਜਾਬੀ ਨੇ ਰੈਲੀ ਵਿਚ ਭਾਗ ਲੈਣ ਵਾਲੇ ਲੋਕਾਂ ਤੱਕ ਪਹੁੰਚ ਬਣਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਪਰ ਇਹ ਖ਼ਬਰ ਲਿਖਣ ਸਮੇਂ ਤੱਕ ਕੋਈ ਵੀ ਬਿਆਨ ਦੇਣ ਲਈ ਮੌਜੂਦ ਨਹੀਂ ਸੀ।