ਪਿਛਲੇ ਕੁੱਝ ਮਹੀਨਿਆਂ ਦੌਰਾਨ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦੇ ਵਿਸ਼ੇ ਤੇ ਰਾਜਨੀਤਿਕ ਬਹਿਸ ਭਖੀ ਹੋਈ ਹੈ। ਬੀਤੇ ਹਫਤੇ ਹੋਮ ਅਫੇਯਰ ਮੰਤਰੀ ਪੀਟਰ ਡਟਨ ਨੇ ਸਵੀਕਾਰ ਕੀਤਾ ਕਿ ਓਹਨਾ ਨੇ ਪਿਛਲੇ ਸਾਲ ਆਪਣੇ ਕੈਬਿਨੇਟ ਸਾਥੀਆਂ ਨੂੰ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਹੱਦ ਵਿੱਚ ਕਟੌਤੀ ਕਰਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਸੀ।
ਹਾਲਾਂਕਿ ਉਹਨਾਂ ਕਿਹਾ ਕਿ ਉਹ ਮਜੂਦਾ ਹੱਦ ਜੋ ਕਿ ਸਾਲਾਨਾ 190,000 ਹੈ, ਨਾਲ ਰਜ਼ਾਮੰਦ ਹਨ, ਪਰੰਤੂ ਚੁੱਪ ਚਪੀਤੇ ਹੀ ਇਸ ਦੇ ਨਾਲ ਫੇਰਬਦਲ ਕੀਤਾ ਜਾ ਚੁੱਕਾ ਹੈ।
ਪਿਛਲੇ ਸਾਲ ਤੋਂ ਆਸਟ੍ਰੇਲੀਆ ਵਿੱਚ ਰਹਿੰਦੇ ਅਤੇ ਕੰਮ ਕਰਦੇ ਨਿਊ ਜ਼ੀਲੈਂਡ ਦੇ ਨਾਗਰਿਕਾਂ ਲਈ ਸ਼ੁਰੂ ਕੀਤੇ ਸਾਲਾਨਾ ਦਸ ਹਾਜ਼ਰ ਵੀਜ਼ਿਆਂ ਨੂੰ ਹੁਣ ਇਸੇ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ।
ਆਸਟ੍ਰੇਲੀਆ ਦੇ ਸਾਲਾਨਾ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਤਕਰੀਬਨ 44,000 ਸਕਿਲਡ ਇੰਡਿਪੈਂਡੈਂਟ ਵੀਜ਼ੇ ਜੋ ਕਿ ਪਹਿਲਾਂ ਏਸ਼ੀਆਈ ਮੁਲਕਾਂ ਦੇ ਨਿਵਾਸੀਆਂ ਨੂੰ ਦਿੱਤੇ ਜਾਂਦੇ ਸਨ, ਵਿਚੋਂ ਹੁਣ ਦਸ ਹਾਜ਼ਰ ਵੀਜ਼ੇ ਕੇਵਲ ਪਹਿਲਾਂ ਤੋਂ ਹੀ ਆਸਟ੍ਰੇਲੀਆ ਵਿਚ ਨਿਵਾਸ ਕਰ ਰਹੇ ਕੀਵੀ ਨਾਗਰਿਕਾਂ ਨੂੰ ਦਿੱਤੇ ਜਾਣਗੇ।
ਇਸਦਾ ਸੱਭ ਤੋਂ ਵੱਡਾ ਅਸਰ ਭਾਰਤੀਆਂ ਤੇ ਹੋਣ ਦਾ ਖ਼ਦਸ਼ਾ ਹੈ ਕਿਓਂਕਿ ਸਕਿਲਡ ਇੰਡਿਪੈਂਡੈਂਟ ਪ੍ਰੋਗਰਾਮ ਹੇਠ ਸਭ ਤੋਂ ਵੱਧ ਵੀਜ਼ੇ ਭਾਰਤੀ ਹੀ ਹਾਸਿਲ ਕਰਦੇ ਹਨ।
ਪਿਛਲੇ ਸਾਲ, 44,000 ਵਿਚੋਂ 16, 000 ਹੋਣ ਵੱਧ ਵੀਜ਼ੇ ਭਾਰਤੀ ਪ੍ਰਵਾਸੀਆਂ ਦੀ ਝੋਲੀ ਪਏ ਸਨ।
ਮਾਈਗ੍ਰੇਸ਼ਨ ਏਜੇਂਟ ਮੰਨਦੇ ਹਨ ਕਿ ਇਸ ਕਦਮ ਦੇ ਨਾਲ ਸਕਿਲਡ ਭਾਰਤੀ ਪ੍ਰਵਾਸੀਆਂ ਦਾ ਆਸਟ੍ਰੇਲੀਆ ਵਿੱਚ ਜੀਵਨ ਦਾ ਸੁਫਨਾ ਸੱਚ ਹੋਣਾ ਮੁਸ਼ਕਿਲ ਹੋ ਗਿਆ ਹੈ।
ਯਥਾਰਥ ਭਾਰਦਵਾਜ ਸਾਊਥ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿੱਚ ਬਤੌਰ ਮਾਈਗ੍ਰੇਸ਼ਨ ਏਜੇਂਟ ਕੰਮ ਕਰਦੇ ਹਨ।
"ਸਿੱਧੀ ਜਿਹੀ ਗੱਲ ਹੈ, ਭਾਰਤੀਆਂ ਨੂੰ ਇਸ ਪ੍ਰੋਗਰਾਮ ਹੇਠ ਸਭ ਤੋਂ ਵੱਧ ਵੀਜ਼ੇ ਮਿਲਦੇ ਹਨ। ਇਸ ਕਰਕੇ ਇਸ ਵਿੱਚ ਕੋਈ ਵੀ ਬਦਲਾਅ ਉਹਨਾਂ ਤੇ ਸਭ ਤੋਂ ਵੱਧ ਅਸਰ ਕਰੇਗਾ," ਉਹਨਾਂ ਕਿਹਾ।
ਪਹਿਲਾਂ ਤੋਂ ਹੀ ਆਸਟ੍ਰੇਲੀਆ ਵਿੱਚ ਪੱਕੇ ਪਰਵਾਸ ਦੇ ਚਾਹਵਾਨ ਮੁਸ਼ਕਲਾਂ ਨਾਲ ਦੋ ਚਾਰ ਹੋ ਰਹੇ ਹਨ। ਸ਼੍ਰੀ ਭਾਰਦਵਾਜ ਮੁਤਾਬਿਕ ਓਹਨਾ ਦੇ ਕਈ ਭਾਰਤੀ ਕਲਾਂਇਟ ਹੋਮੇ ਅਫੇਯਰ ਵਿਭਾਗ ਵੱਲੋਂ ਜਾਰੀ ਕੀਤੇ ਜਾਂਦੇ ਸੱਦੇ ਲਈ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਹਨ।
"ਭਾਰਤੀ ਅਕਾਊਂਟੈਂਸੀ ਅਤੇ ਆਈ ਟੀ ਦੇ ਪੇਸ਼ੇ ਵਿਚ ਵਿੱਚ ਵੱਡੀ ਗਿਣਤੀ ਚ ਵੀਜ਼ੇ ਅਪਲਾਈ ਕਰਦੇ ਹਨ। ਪਰੰਤੂ ਵਿਭਾਗ ਇਹਨਾਂ ਪੇਸ਼ਿਆਂ ਲਈ ਸੱਦਾ ਬਹੁਤ ਘੱਟ ਬਿਨੈਕਾਰਾਂ ਨੂੰ ਭੇਜ ਰਿਹਾ ਹੈ। ਕਈ ਮਾਮਲਿਆਂ ਵਿੱਚ ਤਾਂ 80-85 ਪੁਆਇੰਟ ਤੇ ਇਨਵਾਈਟ ਆ ਰਹੇ ਹਨ। "
ਬਿਨੈਕਾਰ ਸਕਿਲਡ ਪਰਮਾਨੈਂਟ ਵੀਜ਼ੇ ਲਈ 60 ਪੁਆਇੰਟ ਤੇ ਅਰਜ਼ੀ ਤਾਂ ਲਗਾ ਸਕਦੇ ਹਨ ਪਰੰਤੂ ਵਿਭਾਗ ਉਹਨਾਂ ਨੂੰ ਮੈਰਿਟ ਦੇ ਮੁਤਾਬਿਕ ਹੀ ਸੱਦਾ ਜਾਰੀ ਕਰਦਾ ਹੈ।
ਇਹ ਪੁਆਇੰਟ ਬਿਨੈਕਾਰਾਂ ਦੀ ਸਿਖਿਅਕ ਯੋਗਤਾ, ਓਹਨਾ ਦੇ ਤਜ਼ਰਬੇ, ਉਮਰ ਅਤੇ ਅੰਗਰੇਜ਼ੀ ਭਾਸ਼ਾ ਦੇ ਅਧਾਰ ਤੇ ਮਿਲਦੇ ਹਨ।
ਭਾਰਤ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦੇ ਸਭ ਤੋਂ ਵੱਡੇ ਸੋਮਿਆਂ ਵਿਚੋਂ ਹੈ। ਹੁਣ ਬੰਦ ਕੀਤੇ ਜਾ ਚੁੱਕੇ 457 ਵੀਜ਼ੇ ਦਾ ਕੁੱਲ ਚੌਥੇ ਹਿੱਸੇ ਤੋਂ ਵੱਧ ਭਾਰਤੀਆਂ ਨੂੰ ਦਿੱਤੇ ਗਏ ਸਨ।
ਪਿਛਲੇ ਸਾਲ ਆਸਟ੍ਰੇਲੀਆ ਵੱਲੋਂ ਜਾਰੀ ਕੀਤੇ ਗਏ ਕੁੱਲ 183,608 ਪੱਕੇ ਵੀਜ਼ਿਆਂ ਵਿਚੋਂ 38,854 ਭਾਰਤੀਆਂ ਨੂੰ ਦਿੱਤੇ ਗਏ ਸਨ, ਜੋ ਕਿ ਕਿਸੇ ਵੀ ਦੇਸ਼ ਲਈ ਸਭ ਤੋਂ ਵੱਧ ਹਨ।