ਆਸਟ੍ਰੇਲੀਆ ਦੇ ਸਟੂਡੈਂਟ ਵੀਜ਼ਾ ਨਿਯਮਾਂ ਵਿੱਚ ਇੱਕ ਹੋਰ ਬਦਲਾਅ, ਪਹਿਲਾਂ ਨਾਲੋਂ ਵੱਧ ਧਨ ਦੀ ਲੋੜ

ਆਸਟ੍ਰੇਲੀਆ ਵੱਲੋਂ ਭਾਰਤ, ਨੇਪਾਲ ਅਤੇ ਪਾਕਿਸਤਾਨ ਤੋਂ ਆਉਂਦੇ ਵਿਦਿਆਰਥੀਆਂ ਨੂੰ ਵੱਧ ਜੋਖਮ ਸ਼੍ਰੇਣੀ ਵਿੱਚ ਸ਼ਾਮਲ ਕੀਤੇ ਜਾਣ ਦੇ ਇੱਕ ਮਹੀਨੇ ਦੇ ਅੰਦਰ ਵਿਦਿਆਰਥੀ ਵੀਜ਼ਿਆਂ ਵਿੱਚ ਇੱਕ ਹੋਰ ਬਦਲਾਅ ਕੀਤਾ ਗਿਆ ਹੈ ਜਿਸ ਮਗਰੋਂ ਹੁਣ ਵੀਜ਼ਾ ਬਿਨੈਕਾਰਾਂ ਨੂੰ ਪਹਿਲਾਂ ਦੇ ਮੁਕਾਬਲੇ ਵੱਧ ਮਾਲੀ ਸੋਮਿਆਂ ਦਾ ਸਬੂਤ ਦੇਣਾ ਲਾਜ਼ਮੀ ਹੋ ਗਿਆ ਹੈ।

International students

Source: SBS

ਭਾਰਤੀ ਅਤੇ ਦੱਖਣੀ ਏਸ਼ੀਆ ਖਿੱਤੇ ਤੋਂ ਆਉਂਦੇ ਬਿਨੈਕਾਰਾਂ ਲਈ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਹਾਸਲ ਕਰਣਾ ਪਹਿਲਾਂ ਦੇ ਮੁਕਾਬਲੇ ਹੋਰ ਮੁਸ਼ਕਲ ਹੋ ਗਿਆ ਹੈ। ਇਸਦਾ ਕਾਰਨ ਹੈ ਨਿਯਮਾਂ ਵਿੱਚ ਬਦਲਾਅ ਕਰਕੇ ਪਹਿਲਾਂ ਦੇ ਮੁਕਾਬਲੇ ਵੱਧ ਮਾਲੀ ਸੋਮਿਆਂ ਦੇ ਸਬੂਤ ਨੂੰ ਲਾਜ਼ਮੀ ਬਣਾਇਆ ਜਾਣਾ।

ਇਸਤੋਂ ਪਹਿਲਾਂ ਬੀਤੇ ਮਹੀਨੇ ਹੀ ਭਾਰਤ, ਪਾਕਿਸਤਾਨ ਅਤੇ ਨੇਪਾਲ ਨੂੰ ਆਸਟ੍ਰੇਲੀਆ ਵੱਲੋਂ ਵੱਧ ਜੋਖਮ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਸੀ। ਜਿਸਦੇ ਨਤੀਜੇ ਵੱਜੋਂ ਇਹਨਾਂ ਮੁਲਕਾਂ ਤੋਂ ਆਉਂਦੇ ਵਿਦਿਆਰਥੀ ਵੀਜ਼ਾ ਬਿਨੈਕਾਰਾਂ ਲਈ ਅੰਗਰੇਜ਼ੀ ਭਾਸ਼ਾ ਦੇ ਗਿਆਨ ਅਤੇ ਮਾਲੀ ਸੋਮਿਆਂ ਦੇ ਸਬੂਤ ਵੀਜ਼ਾ ਅਰਜ਼ੀ ਦਾਖਲ ਕਰਨ ਸਮੇ ਦੇਣੇ ਜ਼ਰੂਰੀ ਹੋ ਗਿਆ ਹੈ। ਇਹ ਇਸ ਲਈ ਜ਼ਰੂਰੀ ਹੈ ਤਾਂ ਜੋ ਵੀਜ਼ਾ ਧਾਰਕ ਆਸਟ੍ਰੇਲੀਆ ਵਿੱਚ ਪੜ੍ਹਾਈ ਦੌਰਾਨ ਆਪਣੀ ਪੜ੍ਹਾਈ ਦੇ ਖਰਚ ਤੋਂ ਅਲਾਵਾ ਇਥੇ ਰਹਿਣ ਸਹਿਣ ਦਾ ਖਰਚ ਸਹਿਣ ਕਰ ਸਕੇ।

ਹੁਣ 24 ਅਕਤੂਬਰ ਤੋਂ ਲੋੜੀਂਦੇ ਧਨ ਜਿਸਦਾ ਸਬੂਤ ਦੇਣਾ ਜ਼ਰੂਰੀ ਹੈ ਵਿੱਚ ਵਾਧਾ ਕੀਤਾ ਗਿਆ ਹੈ।

ਹੋਮ ਅਫੇਯਰ ਵਿਭਾਗ ਵੱਲੋਂ ਇੱਕਲੇ ਬਿਨੈਕਾਰ ਲਈ ਘੱਟੋ ਘੱਟ ਸਾਲਾਨਾ ਖਰਚ $21,041 ਮਿੱਥਿਆ ਗਿਆ ਹੈ। ਪਤੀ/ਪਤਨੀ ਜਾਂ ਸਾਥੀ ਦੇ ਨਾਲ ਆਉਣ ਵਾਲੇ ਬਿਨੈਕਾਰਾਂ ਨੂੰ ਵਾਧੂ $7,362 ਦਾ ਸਬੂਤ ਦੇਣਾ ਜ਼ਰੂਰੀ ਹੈ। ਬੱਚੇ ਦੇ ਨਾਲ ਆਉਣ ਵਾਲੇ ਬਿਨੈਕਾਰਾਂ ਨੂੰ ਹੋਰ $3,152 ਅਤੇ ਜੇਕਰ ਬੱਚਾ ਸਕੂਲ ਜਾਂਦਾ ਹੈ ਤਾਂ $8,296 ਉਸਦੀ ਸਕੂਲ ਫੀਸ ਵੱਜੋਂ ਦਿਖਾਉਣੇ ਜ਼ਰੂਰੀ ਹਨ।

ਇਸਤੋਂ ਅਲਾਵਾ, ਕੋਰਸ ਫੀਸ ਅਤੇ ਆਸਟ੍ਰੇਲੀਆ ਆਣ-ਜਾਣ ਦਾ ਹਵਾਈ ਖਰਚ ਵੀ ਮਾਲੀ ਸੋਮਿਆਂ ਦੇ ਸਬੂਤ ਵਿੱਚ ਸ਼ਾਮਲ ਹੈ।

ਮਾਈਗ੍ਰੇਸ਼ਨ ਏਜੇਂਟ ਰਣਬੀਰ ਸਿੰਘ ਦੱਸਦੇ ਹਨ ਕਿ ਇਹ ਸਬੂਤ ਆਮ ਤੌਰ ਤੇ ਬੈਂਕ ਅਕਾਊਂਟ ਵਿੱਚ ਪਿਛਲੇ ਕਈ ਮਹੀਨਿਆਂ ਦੌਰਾਨ ਕੀਤੀ ਬਚਤ ਜਾਂ ਫਿਕ੍ਸ੍ਡ ਡਿਪੋਸਿਟ ਦੇ ਜ਼ਰੀਏ ਦਿੱਤਾ ਜਾਂਦਾ ਹੈ।

ਦੋ ਵੱਡੇ ਬਦਲਾਵਾਂ ਦਾ ਇੱਕ ਮਹੀਨੇ ਦੇ ਅੰਦਰ ਲਾਗੂ ਕੀਤੇ ਜਾਣ ਤੇ ਇਸਦਾ ਆਸਟ੍ਰੇਲੀਆ ਵਿੱਚ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 'ਤੇ ਅਸਰ ਹੋਣ ਦਾ ਖ਼ਦਸ਼ਾ ਹੈ। 

ਜੁਝਾਰ ਬਾਜਵਾ ਮੈਲਬੌਰਨ ਵਿੱਚ ਇੱਕ ਇਮੀਗ੍ਰੇਸ਼ਨ ਏਜੇਂਟ ਹਨ। ਉਹ ਕਹਿੰਦੇ ਹਨ ਕਿ ਛੋਟੇ ਕਾੱਲੇਜ ਅਤੇ ਖਾਸਕਰ ਟਰੇਡ ਕੋਰਸਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ 'ਤੇ ਇਸਦਾ ਖਾਸ ਅਸਰ ਹੋਵੇਗਾ। 

"ਪਹਿਲਾਂ ਭਾਰਤੀ ਖਿੱਤੇ ਤੋਂ ਆਉਂਦੇ ਵਿਦਿਆਰਥੀਆਂ ਨੂੰ ਨਾ ਅੰਗਰੇਜ਼ੀ ਦਾ ਸਬੂਤ ਦੇਣਾ ਪੈਂਦਾ ਸੀ ਅਤੇ ਨਾ ਹੀ ਪੈਸੇ ਦਾ। ਪਰ ਹੁਣ ਉਹਨਾਂ ਨੂੰ ਇਹ ਦੋਵੇ ਕਰਨੇ ਪੈ ਰਹੇ ਹਨ, ਬਲਕਿ ਹੁਣ ਪਹਿਲਾਂ ਦੇ ਮੁਕਾਬਲੇ ਵੱਧ ਧਨ ਦਾ ਸਬੂਤ ਦੇਣਾ ਜ਼ਰੂਰੀ ਹੋ ਗਿਆ ਹੈ। ਇਹ ਹਰ ਕਿਸੇ ਲਈ ਆਸਾਨ ਨਹੀਂ ਹੋਵੇਗਾ। "

ਕਈ ਇਮੀਗ੍ਰੇਸ਼ਨ ਪੇਸ਼ੇਵਰਾਂ ਨੂੰ ਖ਼ਦਸ਼ਾ ਹੈ ਕਿ ਇਸਦੇ ਨਾਲ ਕੌਮਾਂਤਰੀ ਵਿਦਿਆਰਥੀ ਆਸਟ੍ਰੇਲੀਆ ਦੀ ਥਾਂ ਕੈਨੇਡਾ ਜਾਂ ਯੂ ਕੇ ਵੱਲ ਪਾਸਾ ਵੱਟ ਸਕਦੇ ਹਨ।

Listen to  Monday to Friday at 9 pm. Follow us on  and 


 


Share
Published 25 October 2019 10:28am
Updated 25 October 2019 11:19am
By Shamsher Kainth


Share this with family and friends