ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਖੇਤੀਬਾੜੀ ਦਾ ਕੰਮਕਾਜ ਕਰਦੇ ਚਰਨਾਮਤ ਸਿੰਘ ਕਹਿੰਦੇ ਹਨ ਕਿ ਉਹਨਾਂ ਦੇ ਪੇਸ਼ੇ ਵਿੱਚ ਸਭ ਤੋਂ ਵੱਡੀ ਚੁਣੌਤੀ ਕੰਮ ਲਈ ਹੁਨਰਮੰਦ ਕਰਿੰਦੇ ਹਨ।
"ਜੇਕਰ ਕਲ ਸਵੇਰੇ 50 ਕਾਮਿਆਂ ਨੂੰ ਅਸੀਂ ਫਰੂਟ ਜਾਂ ਸਬਜ਼ੀ ਤੋੜਨ ਲਈ ਏਜੇਂਸੀ ਤੋਂ ਬੁਲਾਇਆ ਹੋਵੇ ਅਤੇ ਇਸ ਕੰਮ ਲਈ ਲੋੜੀਂਦੇ ਸੰਦ ਅਤੇ ਮਸ਼ੀਨਾਂ ਇਸ ਕਰਕੇ ਖਰਾਬ ਪਈਆਂ ਹੋਣ ਕਿ ਸਾਡਾ ਕਾਰੀਗਰ ਕੰਮ ਛੱਡ ਗਿਆ, ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਜ਼ਿਆਦਾ ਨੁਕਸਾਨ ਹੈ।"
ਇਸ ਕਰਕੇ ਖਾਸ ਮਹਾਰਤ ਵਾਲੇ ਕੁੱਝ ਕਾਮਿਆਂ ਨੂੰ ਉਹ ਹੋਰਨਾਂ ਕਾਰੋਬਾਰਾਂ ਦੇ ਮੁਕਾਬਲੇ ਵੱਧ ਤਨਖਾਹ ਵੀ ਦਿੰਦੇ ਹਨ। ਪਰੰਤੂ ਉਹ ਕਹਿੰਦੇ ਹਨ ਕਿ ਇਸਦੇ ਬਾਵਜੂਦ ਉਹਨਾਂ ਦੀ ਮੁਸ਼ਕਲ ਦਾ ਹੱਲ ਨਹੀਂ ਹੈ।
"ਅਸਲ ਮੁਸ਼ਕਲ ਤਾਂ ਇਸ ਗੱਲ ਦੀ ਹੈ ਕਿ ਜ਼ਿਆਦਾਤਰ ਕਾਮੇ ਖੇਤਾਂ ਵਿੱਚ ਕੰਮ ਕਰਕੇ ਰਾਜ਼ੀ ਨਹੀਂ ਹਨ। ਉਹਨਾਂ ਨੂੰ ਘੱਟ ਤਨਖਾਹ 'ਤੇ ਸ਼ਹਿਰਾਂ ਵਿੱਚ ਘੱਟ ਮਹਾਰਤੀ ਨੌਕਰੀ ਕਰਣੀ ਮਨਜ਼ੂਰ ਹੁੰਦੀ ਹੈ ਕਿਉਂਕਿ ਖੇਤੀ ਦਾ ਕੰਮ ਸ਼ਰੀਰਕ ਤੌਰ ਤੇ ਔਖਾ ਹੈ।"

Source: AAP
ਜਦੋਂ ਵੀ ਕੋਈ ਅਜਿਹਾ ਕਰਿੰਦਾ ਕੰਮ ਛੱਡ ਕੇ ਜਾਂਦਾ ਹੈ ਤਾਂ ਸਾਨੂੰ ਨਵੇਂ ਬੰਦੇ ਨੂੰ ਸ਼ੁਰੂ ਤੋਂ ਸਿਖਲਾਈ ਦੇਣੀ ਪੈਂਦੀ ਹੈ। ਇਸ ਦੌਰਾਨ ਉਹਨਾਂ ਵੱਲੋਂ ਕੰਮ 'ਤੇ ਕੀਤੀਆਂ ਗ਼ਲਤੀਆਂ ਨਾਲ ਵੀ ਵਾਧੂ ਮਾਲੀ ਨੁਕਸਾਨ ਹੁੰਦਾ ਹੈ," ਚਰਨਾਮਤ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ।
ਆਸਟ੍ਰੇਲੀਆ ਭਰ ਵਿੱਚ ਕਿਸਾਨ ਕਾਮਿਆਂ ਸਬੰਧੀ ਅਜਿਹੀਆਂ ਹੀ ਮੁਸ਼ਕਲਾਂ ਦੇ ਨਾਲ ਘਿਰੇ ਹਨ ਜਿਸ ਕਰਕੇ ਉਹਨਾਂ ਵੱਲੋਂ ਇੱਕ ਖਾਸ ਵੀਜ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ। ਸਰਕਾਰ ਪਹਿਲਾਂ ਹੀ ਸਾਫ ਕਰ ਚੁੱਕੀ ਹੈ ਕਿ ਉਹ ਖੇਤੀਬੜੀ ਖੇਤਰ ਲਈ ਇਹ ਖਾਸ ਵੀਜ਼ਾ ਸ਼ੁਰੂ ਕਰਨ ਦੇ ਹੱਕ ਵਿੱਚ ਨਹੀਂ ਹੈ। ਪਰੰਤੂ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹੁਣ ਵੀਜ਼ਾ ਨਿਯਮ ਹੁਣ ਅਸਾਨ ਕੀਤੇ ਗਏ ਹਨ ਤਾਂ ਜੋ ਵਿਦੇਸ਼ੀ ਕਾਮਿਆਂ ਨੂੰ ਆਸਟ੍ਰੇਲੀਆ ਦੇ ਖੇਤਾਂ ਵਿੱਚ ਕੰਮ ਕਰਣ ਲਈ ਸਪੌਂਸਰ ਕੀਤਾ ਜਾ ਸਕੇ।
ਸਰਕਾਰ ਵੱਲੋਂ ਹੌਰਟੀਕਲਚਰ ਖੇਤਰ ਲਈ ਇੱਕ ਵਿਸ਼ੇਸ਼ ਲੇਬਰ ਸਮਝੌਤੇ ਦਾ ਐਲਾਨ ਕੀਤਾ ਗਿਆ ਹੈ ਜਿਸਦੇ ਨਾਲ ਕਿਸਾਨ ਆਮ ਅਤੇ ਖ਼ਾਸ ਮਹਾਰਤ ਵਾਲੇ ਕਾਮੇ ਆਸਟ੍ਰੇਲੀਆ ਵਿੱਚ ਨਾ ਮਿਲਣ 'ਤੇ ਉਹਨਾ ਨੂੰ ਵਿਦੇਸ਼ਾ ਤੋਂ ਲਿਆ ਸਕਣਗੇ।

Source: AAP
1 ਜਨਵਰੀ 2020 ਤੋਂ ਸ਼ੁਰੂ ਹੋਣ ਵਾਲੀ ਇਸ ਵਿਵਸਥਾ ਹੇਠ, ਕਾਮਿਆਂ ਨੂੰ ਅੰਗਰੇਜ਼ੀ ਭਾਸ਼ਾ, ਉਮਰ ਅਤੇ ਘੱਟੋ ਘੱਟ ਤਨਖਾਹ ਦੇ ਨਿਯਮਾਂ ਵਿੱਚ ਛੋਟਾ ਦਿੱਤੀ ਗਈ ਹੈ।
ਐਕਟਿੰਗ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਕਿਹਾ ਕਿ ਸਰਕਾਰ ਹਮੇਸ਼ ਆਸਟ੍ਰੇਲੀਆਈ ਕਾਮਿਆਂ ਨੂੰ ਪਹਿਲ ਦਿੰਦੀ ਹੈ ਪਰੰਤੂ ਲੋੜੀਂਦੀ ਮਹਾਰਤ ਵਾਲੇ ਕਾਮੇ ਨਾ ਮਿਲਣ 'ਤੇ ਇਸ ਵਿਵਸਥਾ ਦਾ ਲਾਭ ਲਿਆ ਜਾ ਸਕਦਾ ਹੈ।
ਸਰਕਾਰ ਵੱਲੋਂ ਇਸ ਲਈ 31 ਓਕੁਪੇਸਨ ਮਨਜ਼ੂਰ ਕੀਤੇ ਗਏ ਹਨ ਜਿਨ੍ਹਾਂ ਲਈ ਹੌਰਟੀਕਲਚਰ ਕਿਸਾਨ ਹੋਮ ਅਫੇਯਰ ਵਿਭਾਗ ਨੂੰ ਅਰਜ਼ੀ ਦੇ ਸਕਦੇ ਹਨ।
ਖੇਤੀਬਾੜੀ ਮੰਤਰੀ ਸੈਨੇਟਰ ਬ੍ਰਿਜੀਡ ਮੇਕੇਨਜ਼ੀ ਨੇ ਕਿਹਾ ਕਿ ਇਸ ਵਿਵਸਥਾ ਦੇ ਨਾਲ ਖੇਤਰੀ ਅਤੇ ਪੇਂਡੂ ਆਸਟ੍ਰੇਲੀਆ ਵਿੱਚ ਕਾਮਿਆਂ ਦੀ ਘਾਟ ਪੂਰੀ ਕਰਣ ਵਿੱਚ ਮਦਦ ਮਿਲੇਗੀ।
ਮੈਲਬਰਨ ਵਿੱਚ ਇੱਮੀਗਰੇਸ਼ ਏਜੇਂਟ ਰਣਬੀਰ ਸਿੰਘ ਕਹਿੰਦੇ ਹਨ ਕਿ ਇਸ ਵਿਵਸਥਾ ਦੇ ਨਾਲ ਕਾਰੋਬਾਰੀ ਅਤੇ ਕਾਮਿਆਂ, ਦੋਹਾਂ ਦਾ ਹੀ ਫਾਇਦਾ ਹੈ।
"ਸਰਕਾਰ ਇਸ ਵਿੱਚ ਅੰਗਰੇਜ਼ੀ ਨਿਯਮਾਂ ਵਿੱਚ ਛੋਟ ਦੇ ਰਹੀ ਹੀ ਹੈ ਇਸਦਾ ਮਤਲਬ ਹੈ ਕਿ ਅੰਗਰੇਜ਼ੀ ਦਾ ਮਿਆਰ ਬਹੁਤ ਨੀਵਾਂ ਰੱਖਿਆ ਗਿਆ ਹੈ ਅਤੇ ਤਨਖਾਹ ਦੇ ਨਿਯਮ ਵਿੱਚ ਢਿੱਲ ਦੇਣ ਨਾਲ ਕਿਸਾਨਾਂ ਲਈ ਇਹਨਾਂ ਨੂੰ ਨੌਕਰੀ ਤੇ ਰੱਖਣਾ ਅਸਾਨ ਹੋਵੇਗਾ। ਪਰੰਤੂ ਸਭ ਤੋਂ ਉਤਸਾਹਿਤ ਕਰਣ ਵਾਲੀ ਗੱਲ ਇਹ ਹੈ ਕਿ ਇਸ ਜ਼ਰੀਏ ਆਸਟ੍ਰੇਲੀਆ ਆਉਣ ਵਾਲੇ ਕਾਮਿਆਂ ਲਈ ਇਥੇ ਪਰਮਾਨੈਂਟ ਰੇਸੀਡੈਂਸੀ ਦੀ ਰਾਹ ਵੀ ਦਿੱਤਾ ਗਿਆ ਹੈ," ਉਹਨਾਂ ਕਿਹਾ।
ਇਸ ਵਿਵਸਥਾ ਹੇਠ ਕਾਮੇ 50 ਸਾਲ ਤੱਕ ਦੀ ਉਮਰ ਦੇ ਹੋ ਸਕਦੇ ਹਨ ਅਤੇ ਆਈਲਟਸ ਵਿੱਚ ਘੱਟੋ ਘੱਟ 5 ਬੈੰਡ ਦੀ ਲੋੜ ਹੋਵੇਗੀ।
ਸਰਕਾਰ ਵੱਲੋਂ ਮਨਜ਼ੂਰ ਕਿੱਤਿਆਂ ਵਿੱਚ ਟਰੱਕ ਡਰਾਈਵਰ, ਫੋਰਕਲਿਫਟ ਡਰਾਈਵਰ, ਮਕੈਨਿਕ, ਫਿੱਟਰ ਅਤੇ ਵੇਲਡਰ ਆਦਿ ਸ਼ਾਮਲ ਹਨ।