ਵਿਕਟੋਰੀਆ ਵਿੱਚ ਚੋਣਾਂ ਤੋਂ 2 ਮਹੀਨੇ ਪਹਿਲਾਂ, ਪ੍ਰੀਮੀਅਰ ਡੇਨੀਅਲ ਐਂਡਰੂਜ਼ ਨੇ ਸੂਬੇ ਦੇ ਸਿੱਖ ਭਾਈਚਾਰੇ ਲਈ ਕਈ ਖੁਸ਼ਖਬਰੀਆਂ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇ ਨਵੰਬਰ ਵਿੱਚ ਹੋਣ ਵਾਲਿਆਂ ਚੋਣਾਂ ਵਿਚ ਉਨ੍ਹਾਂ ਦੀ ਲੇਬਰ ਪਾਰਟੀ ਜੇਤੂ ਹੁੰਦੀ ਹੈ, ਤੇ ਉਹਨਾਂ ਦੀ ਸਰਕਾਰ ਸਿੱਖ ਭਾਈਚਾਰੇ ਦੇ ਅਹਿਮ ਉਪਰਾਲਿਆਂ ਵਿੱਚ ਆਪਣਾ ਹਿੱਸਾ ਪਾਵੇਗੀ। ਪ੍ਰੀਮੀਅਰ ਨੇ ਕਿਹਾ ਕਿ ਉਨ੍ਹਾਂ ਦੀ ਮਨਸ਼ਾ ਹੈ ਕਿ ਅਗਲੇ ਸਾਲ ਮਨਾਏ ਜਾਣ ਵਾਲੇ ਗੁਰੂ ਨਾਨਕ ਜੀ ਦੇ 550ਵੇਂ ਗੁਰਪੁਰਬ ਦਾ ਜਸ਼ਨ ਭਾਰਤ ਤੋਂ ਬਾਅਦ ਸਭ ਤੋ ਵੱਡੇ ਪੱਧਰ ਤੇ ਮੈਲਬਰਨ ਵਿੱਚ ਮਨਾਇਆ ਜਾਵੇ।
ਪ੍ਰੀਮੀਅਰ ਡੈਨਿਯਲ ਐਂਡਰੂਜ਼ ਅਤੇ ਸਿਖਸ ਆਸਟ੍ਰੇਲੀਆ ਸਟ੍ਰੈਟੇਜੀ ਗਰੁੱਪ ਦੇ ਪਰਚਮ ਹੇਠ ਵਿਕਟੋਰੀਆ ਦੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਇਹ ਪਹਿਲੀ ਰਾਉਂਡਟੇਬਲ ਬੈਠਕ ਸੀ। ਇਸ ਵਿੱਚ ਪ੍ਰੀਮੀਅਰ ਐਂਡਰੂਜ਼ ਨੇ ਕਿਹਾ ਕਿ ਜੇ ਉਹ ਆਉਣ ਵਾਲੀਆਂ ਚੋਣਾਂ ਜਿੱਤਦੇ ਹਨ ਤਾਂ ਅਗਲੇ ਸਾਲ ਨਵੰਬਰ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਦੇ 550ਵੇਂ ਗੁਰਪੁਰਬ ਲਈ ਉਨ੍ਹਾਂ ਦੀ ਸਰਕਾਰ 2 ਲੱਖ ਡਾਲਰ ਦੀ ਮਾਲੀ ਮਦਦ ਕਰੇਗੀ।
ਪ੍ਰੀਮੀਅਰ ਐਂਡਰੂਜ਼ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਆਸਟ੍ਰੇਲੀਆ ਦੇ ਬਹੁਸੱਭਿਆਚਾਰਿਕ ਸਮਾਜ ਨਾਲ ਮੇਲ ਖਾਂਦੀ ਹੈ। "ਅਗਲੇ ਸਾਲ ਨਵੰਬਰ ਵਿੱਚ, ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਮਨਾਇਆ ਜਾਵੇਗਾ। ਅਸੀਂ ਚਾਹੁੰਦੇ ਹਾਂ ਕਿ ਭਾਰਤ ਤੋਂ ਬਾਹਰ, ਇਹ ਜਸ਼ਨ ਸਭ ਤੋਂ ਵੱਡੇ ਪੱਧਰ ਤੇ ਮੈਲਬਰਨ ਵਿੱਚ ਮਨਾਇਆ ਜਾਵੇ," ਪ੍ਰੀਮੀਅਰ ਐਂਡਰੂਜ਼ ਨੇ ਕਿਹਾ।
ਪ੍ਰੀਮੀਅਰ ਐਂਡਰੂਜ਼ ਨੇ ਮੈਲਬਰਨ ਦੀ ਸੰਸਦ ਤੋਂ ਲੈਕੇ ਫੈਡਰੇਸ਼ਨ ਸਕਵੇਰ ਤੱਕ ਇੱਕ ਜਲਸਾ ਲਿਜਾਣ ਦਾ ਵੀ ਪ੍ਰਸਤਾਵ ਦਿੱਤਾ ਹੈ। ਇਸਦੇ ਨਾਲ ਹੀ, ਉਨ੍ਹਾਂ ਇਹ ਵੀ ਕਿਹਾ ਕਿ ਉਹ ਹਰ ਸਾਲ ਛੋਟੇ ਪੱਧਰ ਤੇ ਹੀ ਸਹੀ, ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਦੇ ਚਾਹਵਾਨ ਹਨ।

Victorian Premier Daniel Andrews with members of the Sikh community. (Safia Sahib) Source: Supplied
ਪ੍ਰੀਮੀਅਰ ਐਂਡਰੂਜ਼ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦਾ ਸਿਅਸੀ ਦਲ ਅਗਲੀਆਂ ਚੋਣਾਂ ਜਿੱਤ ਜਾਂਦਾ ਹੈ, ਤੇ ਉਹ ਵਿਸਾਖੀ ਲਈ ਵੀ 70,000 ਡਾਲਰ ਦੀ ਮਾਲੀ ਮਦਦ ਦਾ ਐਲਾਨ ਕਰਨ ਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵਿਸਾਖੀ ਦੇ ਤਿਉਹਾਰ ਵਿੱਚ ਕਈ ਵਾਰ ਸ਼ਿਰਕਤ ਕੀਤੀ ਹੈ ਤੇ ਉਨ੍ਹਾਂ ਦਾ ਤਜੁਰਬਾ ਚੰਗਾ ਰਿਹਾ। ਇਸਦੇ ਨਾਲ ਹੀ ਉਨ੍ਹਾਂ ਨੇ ਅਗਲੇ ਸਾਲ ਮੈਲਬਰਨ ਵਿੱਚ ਹੋਣ ਵਾਲੀਆਂ ਸਾਲਾਨਾ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਵੀ ਸਭ ਤੋ ਵੱਡੇ ਪੱਧਰ ਤੇ ਮੇਜ਼ਬਾਨੀ ਕਰਨ ਲਈ ਸਿੱਖ ਭਾਈਚਾਰੇ ਨੂੰ ਉਤਸ਼ਾਹਿਤ ਕੀਤਾ।
ਪ੍ਰੀਮੀਅਰ ਐਂਡਰੂਜ਼ ਨੇ ਕਿਹਾ ਕਿ ਉਹ ਵਿਕਟੋਰੀਆ ਨੂੰ ਮਜ਼ਬੂਤ ਤੇ ਇਨਸਾਫ਼ਪਸੰਦ ਸੂਬਾ ਬਣਾਉਣ ਲਈ ਸਿੱਖ ਭਾਈਚਾਰੇ ਦੇ ਯੋਗਦਾਨ ਲਈ ਉਨ੍ਹਾਂ ਦੇ ਸ਼ੁਕਰਗੁਜ਼ਾਰ ਹਨ।
ਸਿਖਸ ਆਸਟ੍ਰੇਲੀਆ ਸਟ੍ਰੈਟੇਜੀ ਗਰੁੱਪ ਦੇ ਰਹਿਨੁਮਾ ਲੱਕੀ ਕੋਹਲੀ ਨੇ ਇਸ ਉਪਰਾਲੇ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਹਾੜਾ ਵਿਕਟੋਰੀਆ ਵਿਚ ਵਸਦੇ ਸਿੱਖਾਂ ਲਈ ਇੱਕ ਇਤਿਹਾਸਿਕ ਦਿਹਾੜਾ ਹੈ। ਉਨ੍ਹਾਂ ਨੇ ਨਾਲ ਇਹ ਵੀ ਦੱਸਿਆ ਕਿ ਪ੍ਰੀਮੀਅਰ ਐਂਡਰੂਜ਼ ਨੇ ਬੜੇ ਗ਼ੌਰ ਨਾਲ ਸਿੱਖ ਭਾਈਚਾਰੇ ਦੇ ਸਾਰੇ ਨੁਮਾਇੰਦਿਆਂ ਦੇ ਮਸਲੇ ਸੁਣੇ ਤੇ ਉਨ੍ਹਾਂ ਉੱਤੇ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ।
ਜਦੋਂ ਐੱਸ ਬੀ ਐੱਸ ਪੰਜਾਬੀ ਨੇ ਪ੍ਰੀਮੀਅਰ ਐਂਡਰੂਜ਼ ਨੂੰ ਆਪਣੀ ਸਰਕਾਰ ਵੱਲੋਂ ਇਕ ਪਰਵਾਸੀ ਭਾਈਚਾਰੇ ਦੀ ਇੰਝ ਮਦਦ ਕਰਨ ਦੇ ਐਲਾਨ ਨੂੰ ਹਾਲ ਹੀ ਵਿੱਚ ਕੇਂਦਰੀ ਸਾਂਸਦ ਪੋਲੀਨ ਹੈਂਸਨ ਦੇ ਪ੍ਰਵਾਸੀਆਂ ਲਈ ਅਸਿਮਿਲੇਸ਼ਨ ਟੈਸਟ ਨੂੰ ਲਾਜ਼ਮੀ ਬਣਾਏ ਜਾਣ ਦੇ ਪ੍ਰਸਤਾਵ ਦੀ ਲੌ ਵਿਚ ਵੇਖਣ ਲਈ ਆਖਿਆ, ਤੇ ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਹਾੜਾ ਸਿਯਾਸੀ ਗੱਲ-ਬਾਤ ਲਈ ਨਹੀਂ ਹੈ ਲੇਕਿਨ "ਮੈਂ ਇਨ੍ਹਾਂ ਜ਼ਰੂਰ ਕਹਿਣਾ ਚਾਹਾਂਗਾ ਕਿ ਆਸਟ੍ਰੇਲੀਆ ਨੂੰ ਬਣਾਉਣ ਵਾਲੇ ਪ੍ਰਵਾਸੀਆਂ ਨੇ ਕੋਈ ਇਮਤਿਹਾਨ ਨਹੀਂ ਦਿੱਤਾ ਸੀ। ਇਸ ਮੁਲਕ ਲਈ ਕਿਸੇ ਦੇ ਪਿਆਰ ਨੂੰ ਨਾਪਣ ਦਾ ਪੈਮਾਨਾ ਕੋਈ ਇਮਤਿਹਾਨ ਨਹੀਂ ਹੋ ਸਕਦਾ। ਅਸੀਂ ਇੱਕ ਬਹੁਸੱਭਿਆਚਾਰਕ ਸਮਾਜ ਵਿੱਚ ਰਹਿੰਦੇ ਹਾਂ ਅਤੇ ਆਸਟ੍ਰੇਲੀਆ ਇਸ ਅਸੂਲ ਤੇ ਕਾਇਮ ਹੈ। "
ਇਸ ਫ਼ੀਚਰ ਨੂੰ ਪੰਜਾਬੀ ਵਿਚ ਸੁਣਨ ਲਈ ਇਸ ਪੇਜ ਦੇ ਉੱਤੇ ਬਣੇ ਪ੍ਲੇਯਰ ਤੇ ਕਲਿੱਕ ਕਰੋ