ਰਾਸ਼ਟ੍ਰਪਤੀ ਟਰੰਪ ਵਲੋਂ ਅਹੁਦਾ ਸੰਭਾਲੇ ਜਾਣ ਤੋਂ ਬਾਦ ਇਹ ਵਾਲੀ, ਇਸ ਪੱਧਰ ਦੀ ਪਹਿਲੀ ਵੱਡੀ ਕਾਰਵਾਈ ਹੈ। ਲਾਸ ਐਂਜਲੇਸ ਤੋਂ ਲੈ ਕਿ ਨਿਊ ਯਾਰਕ ਤੱਕ ਕੀਤੀ ਗਈ ਇਸ ਕਾਰਵਾਈ ਵਿੱਚ ਤਕਰੀਬਨ 98 ਸਟੋਰਾਂ ਨੂੰ ਇੰਮੀਗ੍ਰੇਸ਼ਨ ਅਤੇ ਕਸਟਮ ਵਿਭਾਗ ਦੇ ਅਫਸਰਾਂ ਵਲੋਂ ਨਿਸ਼ਾਨਾਂ ਬਣਾਇਆ ਗਿਆ ਹੈ, ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਵਾਲੀ ਕਾਰਵਾਈ ਬਾਕੀ ਦੇ ਉਹਨਾਂ ਸਾਰੇ ਸਟੋਰਾਂ ਵਾਸਤੇ ਵੀ ਇੱਕ ਚੇਤਾਵਨੀ ਹੈ ਜਿਨਾਂ ਨੇ ਗੈਰ ਕਾਨੂੰਨੀ ਕਾਮਿਆਂ ਨੂੰ ਨੌਕਰੀ ਤੇ ਰੱਖਿਆ ਹੋਇਆ ਹੈ।
‘ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਵਿਭਾਗ’ ਦੇ ਡਾਇਰੈਕਟਰ ਥੋਮਸ ਡੀ ਹੋਮਨ ਨੇ ਕਿਹਾ ਹੈ ਕਿ ਵਿਭਾਗ ਵਲੋਂ ਕਾਨੂੰਨ ਦੀ ਪਾਲਣਾ ਯਕੀਨੀਂ ਬਣਾਈ ਜਾਵੇਗੀ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖਤੀ ਨਾਲ ਜਿੰਮੇਵਾਰ ਠਹਿਰਾਇਆ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਵਿਭਾਗ, ਅਨਉਚਿਤ ਕਾਰਜਾਂ ਨੂੰ ਖਤਮ ਕਰਦੇ ਹੋਏ ਅਮਰੀਕਨ ਕਾਮਿਆਂ ਲਈ ਨੋਕਰੀਆਂ ਯਕੀਨੀ ਬਨਾਉਣ ਲਈ ਯਤਨਸ਼ੀਲ ਰਹੇਗਾ। ਅੱਜ ਦੀ ਕਾਰਵਾਈ ਉਹਨਾਂ ਸਾਰੇ ਹੀ ਅਮਰੀਕਨ ਅਦਾਰਿਆਂ ਲਈ ਇਕ ਸੁਨੇਹਾ ਹੈ ਜਿਨਾਂ ਨੇ ਗੈਰਕਾਨੂੰਨੀ ਕਾਮਿਆਂ ਨੂੰ ਨੌਕਰੀ ਦਿੱਤੀ ਹੋਈ ਹੈ।
ਇਕ ਹੋਰ ਅਧਿਕਾਰੀ ਡੇਰੇਕ ਐਨ ਬੈੱਨਰ ਨੇ ਇਹ ਵੀ ਕਿਹਾ ਕਿ ਇਹ ਗਲਤਫਹਿਮੀ ਨਾ ਰੱਖੀ ਜਾਵੇ ਕਿ ਵਿਭਾਗ ਸਿਰਫ ਵੱਡੇ ਅਦਾਰਿਆਂ ਨੂੰ ਹੀ ਹਥ ਪਾ ਰਿਹਾ ਹੈ, ਬਲਿਕ ਅਸੀਂ ਉਹਨਾਂ ਸਾਰਿਆਂ ਉੱਤੇ ਵੀ ਕਾਰਵਾਈ ਕਰਾਂਗੇ ਜੋ ਕਿ ਗੈਰਕਾਨੂੰਨੀ ਕੰਮਾਂ ਵਿੱਚ ਲੱਗੇ ਹੋਏ ਹਨ।
ਅਤੇ ਇੱਧਰ 7-ਇਲੈਵਨ ਨੇ ਵੀ ਇੱਕ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਸ ਨੂੰ ਇਹਨਾਂ ਛਾਪਿਆਂ ਬਾਰੇ ਪੂਰੀ ਜਾਣਕਾਰੀ ਹੈ ਅਤੇ ਨਾਲ ਹੀ ਜੋਰ ਦਿੰਦੇ ਹੋਏ ਇਹ ਵੀ ਸਾਫ ਕੀਤਾ ਹੈ ਕਿ ਹਰੇਕ ਸਟੋਰ ਨੂੰ ਇੱਕ ਅਜਾਦ ਮਾਲਕ ਵਲੋਂ ਹੀ ਚਲਾਇਆ ਜਾਂਦਾ ਹੈ ਅਤੇ ਇਹ ਉਸੇ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਕਿਸੇ ਵੀ ਕਾਮੇ ਨੂੰ ਕੰਮ ਦੇਣ ਤੋਂ ਪਹਿਲਾਂ ਉਸ ਦੀ ਅਮਰੀਕਾ ਵਿੱਚ ਕੰਮ ਕਰਨ ਦੀ ਯੋਗਤਾ ਬਾਰੇ ਪੂਰੀ ਪੜਤਾਲ ਜਰੂਰ ਕਰ ਲਵੇ। 7-ਇਲੈਵਨ ਦੇਸ਼ ਦੇ ਕਾਨੂੰਨਾਂ ਦੀ ਪੂਰੀ ਤਰਾਂ ਨਾਲ ਪਾਲਣਾ ਕਰਦਾ ਹੈ ਅਤੇ ਪਿਛੇ ਜਿਹੇ ਵੀ ਇਸ ਨੇ ਕਈ ਅਜਿਹੀਆਂ ਫਰੈਂਚਾਈਜ਼ੀਆਂ ਨੂੰ ਕੈਂਸਲ ਕੀਤਾ ਸੀ ਜਿਨਾਂ ਕੋਲ ਲੋੜੀਂਦੇ ਕਾਗਜਾਤ ਨਹੀਂ ਸਨ।